sandeshਸ੍ਰੀ ਅਨੰਦਪੁਰ ਸਾਹਿਬ ਦੇ ੩੫੦ ਸਾਲਾ ਸਥਾਪਨਾ ਸਮਾਗਮ ਪੂਰੇ ਖਾਲਸਈ ਜਾਹੋ-ਜਲਾਲ ਨਾਲ ਸੰਪੰਨ
ਸ੍ਰ੍ਰੀ ਅਨੰਦਪੁਰ ਸਾਹਿਬ: 19 ਜੂਨ- ਸ੍ਰੀ ਅਨੰਦਪੁਰ ਸਾਹਿਬ ਦੇ ੩੫੦ ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਭੋਰਾ ਸਾਹਿਬ ਵਿਖੇ ੧੭-੧੮-੧੯ ਜੂਨ ਦੇ ਸ਼ੁਰੂ ਗੁਰਮਤਿ ਸਮਾਗਮ ਅੱਜ ਪੰਜ ਸਿੰਘ ਸਾਹਿਬਾਨ ਦੇ ਸੰਦੇਸ਼ ਤੇ ਅਰਦਾਸ ਕਰਨ ਉਰਪੰਤ ਖਾਲਸਈ ਜਾਹੋ-ਜਲਾਲ ਨਾਲ ਨਿਰਵਿਘਨ ਸੰਪੰਨ ਹੋ ਗਏ ਹਨ। ਗੁਰਦੁਆਰਾ ਭੋਰਾ ਸਾਹਿਬ ਵਿਖੇ ਅੱਤ ਦੀ ਗਰਮੀ ਵਿਚ ਹਜ਼ਾਰਾਂ ਦੀ ਤਾਦਾਦ ਵਿਚ ਜੁੜੀ ਸੰਗਤ ਦੀ ਹਾਜ਼ਰੀ ਵਿਚ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਦੀ ਸਿਰਜਣਾ ਸਿੱਖ ਇਤਿਹਾਸ ਦਾ ਗੌਰਵਮਈ ਵਿਰਸਾ ਹੈ। ਇਹ ਸਿੱਖ ਪੰਥ ਦਾ ਉਹ ਮਹਾਨ ਕੇਂਦਰ ਹੈ ਜਿਸ ਦੇ ਜ਼ਰੇ-ਜ਼ਰੇ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਸ੍ਰੀ ਗੁਰੂ ਗੋਬਿੰਦ ਸਿੰਘ, ਚਾਰ ਸਾਹਿਬਜ਼ਾਦੇ, ਪੰਜ ਪਿਆਰੇ ਤੇ ਬੇਅੰਤ ਸਿੰਘਾਂ ਦੀ ਚਰਨ ਛੋਹ ਪ੍ਰਾਪਤ ਹੈ। ਇਸ ਨਗਰ ਦਾ ਨਾਮ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੀ ਮਾਤਾ ਜੀ ਦੇ ਨਾਮ ਤੇ “ਚੱਕ ਨਾਨਕੀ” ਰੱਖਿਆ। ਉਸ ਸਮੇਂ ਦੇ ਸਮਾਜ ਵਿਚ ਮਾਤਾ ਜੀ ਦੇ ਨਾਮ ‘ਤੇ ਨਗਰ ਵਸਾਉਣਾ ਬੀਬੀਆਂ ਨੂੰ ਸਤਿਕਾਰਯੋਗ ਦਰਜਾ ਦਿਵਾਉਣ ਲਈ ਵਿਵਹਾਰ ਤੇ ਇਨਕਲਾਬੀ ਕਦਮ ਸੀ ਇਥੇ ਹੀ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਹਾਨ ਕ੍ਰਾਂਤੀਕਾਰੀ ਅਲੌਕਿਕ ਖੇਡ ਰਚਾ ਕੇ ਖਾਲਸੇ ਦੀ ਸਾਜਣਾ ਕੀਤੀ ਤੇ ਇਸ ਨਗਰ ਨੂੰ ਸਿੱਖ ਇਤਿਹਾਸ ਅਤੇ ਫ਼ਲਸਫ਼ੇ ਵਿਚ ਇਲਾਹੀ, ਵਿਲੱਖਣ ਅਤੇ ਸਿਰਮੌਰ ਦਰਜਾ ਬਖਸ਼ ਦਿੱਤਾ।
ਉਨ੍ਹਾਂ ਸੰਦੇਸ਼ ਵਿਚ ਕਿਹਾ ਕਿ ਅੱਜ ਇਸ ਮਹਾਨ ਪਵਿੱਤਰ ਨਗਰੀ ਦਾ ਨਾਮ ਪੂਰੇ ਵਿਸ਼ਵ ਵਿਚ ਪ੍ਰਸਿੱਧ ਹੈ। ਕੇਸਾਂ ਦੀ ਮਹਾਨਤਾ ਨੂੰ ਦਰਸਾਉਂਦਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਗੁਰੂ ਪਿਆਰਿਆਂ ਨੂੰ ਖਾਲਸੇ ਦੀ ਰਹਿਣੀ-ਬਹਿਣੀ, ਬਾਣੀ-ਬਾਣਾ ਅਤੇ ਉੱਚ ਖਾਲਸਈ ਜੀਵਨ ਦੀ ਕਮਾਈ ਕਰਕੇ ਜ਼ਿੰਦਗੀ ਦੇ ਰਣ ਖੇਤਰ ਵਿਚ ਜੂਝਣ ਲਈ ਵੰਗਾਰ ਪਉਂਦਾ ਰਹੇਗਾ। ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਆਪਣੇ ਆਪ ‘ਚ ਹੀ ਅਜਿਹਾ ਵਿਰਾਸਤੀ ਸਥਾਨ ਹੈ ਜੋ ਆਪਣੇ ਆਪ ਵਿਚ ਇਤਿਹਾਸ ਦੀਆਂ ਯਾਦਗਾਰਾਂ ਸਾਂਭੀ ਬੈਠਾ ਹੈ। ਇਹ ਉਹ ਸਥਾਨ ਹੈ ਜਿਸ ਦੀ ਵਿਰਾਸਤ ਸਾਨੂੰ ਅੱਜ ਕੂਕ-ਕੂਕ ਕੇ ਪੁਕਾਰ ਰਹੀ ਹੈ ਕਿ ਖ਼ਤਮ ਹੋ ਰਹੀਆਂ ਮਾਨਵੀ ਕਦਰਾਂ ਕੀਮਤਾਂ ਨੂੰ ਸਾਂਭ ਲਵੋ। ਇਸੇ ਪਾਵਨ ਧਰਤੀ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਸ਼ਮੀਰੀ ਪੰਡਤਾਂ ਦੀ ਪੁਕਾਰ ਸੁਣ ਕੇ ਦੇਸ਼ ਦੇ ਰੁੜਦੇ ਜਾ ਰਹੇ ਧਰਮ ਨੂੰ ਆਪਣੀ ਸ਼ਹਾਦਤ ਦੇ ਕੇ ਰੋਕਿਆ ਸੀ। ਇਸੇ ਕਰਕੇ ਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਹਿੰਦ ਦੀ ਚਾਦਰ ਕਹਿ ਕੇ ਪੁਕਾਰਿਆ ਜਾਂਦਾ ਹੈ। ਅੱਜ ਦੇ ਯੁੱਗ ਵਿਚ ਇਹ ਇਕ ਇਤਿਹਾਸਕ ਸੱਚਾਈ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਦੀ ਸਿਰਜਣਾ ਨੇ ਹੀ ਦੇਸ਼ ਦੀ ਪੁਰਾਤਨ ਸੰਸਕ੍ਰਿਤੀ ਅਤੇ ਧਰਮ ਦੀ ਰੱਖਿਆ ਕਰਕੇ ਲੋਕਾਂ ਵਿਚ ਸਵੈਮਾਣ ਅਤੇ ਅਣਖ-ਆਣ ਵਾਲਾ ਜੀਵਨ ਬਤੀਤ ਕਰਨ ਦੀ ਪ੍ਰੇਰਨਾ ਦਿੱਤੀ। ਇਸ ਪਵਿੱਤਰ ਅਵਸਰ ਤੇ ਹਰ ਸਿੱਖ ਮਾਈ ਭਾਈ ਦਾ ਫ਼ਰਜ ਬਣਦਾ ਹੈ ਕਿ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਖਾਲਸਾ ਪੰਥ ਦੀ ਸਾਜਨਾ ਸਬੰਧੀ ਕੀਤੇ ਐਲਾਨ ਨਾਮੇ ਤੇ ਅਮਲ ਕਰਕੇ ਗੁਰੂ ਸਾਹਿਬ ਦੇ ਸਪੁੱਤਰ ਅਤੇ ਸਪੁੱਤਰੀਆਂ ਬਣ ਕੇ ਸ੍ਰੀ ਅਨੰਦਪੁਰ ਸਾਹਿਬ ਦੇ ਵਾਸੇ ਬਣਨ। ਅਜਿਹੇ ਸਮੇਂ ਵਿਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਧਰਮ ਦੀ ਅਜ਼ਾਦੀ ਅਤੇ ਬਹਾਲੀ ਲਈ ਕੀਤਾ ਸੰਘਰਸ਼ ਅਤੇ ਕੁਰਬਾਨੀ ਦੇਸ਼ ਲਈ ਪ੍ਰੇਰਨਾ ਸ੍ਰੋਤ ਹੈ। ਉਨ੍ਹਾਂ ਕਿਹਾ ਕਿ ਅਨੰਦਪੁਰ ਸਾਹਿਬ ਤੋਂ ਹੀ ਧਰਮ ਦੀ ਅਜ਼ਾਦੀ ਸੁਤੰਤਰਤਾ ਦਾ ਨਾਅਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬੁਲੰਦ ਕੀਤਾ। ਜਿਸ ਸਮੇਂ ਔਰੰਗਜ਼ੇਬ ਨੇ ਫ਼ੁਰਮਾਨ ਜਾਰੀ ਕੀਤਾ ਸੀ ਕਿ ਭਾਰਤ ਦਾ ਕੋਈ ਵੀ ਗ਼ੈਰ ਮੁਸਲਿਮ ਦਸਤਾਰ ਨਹੀਂ ਸਜਾ ਸਕਦਾ, ਘੋੜੇ ਦੀ ਸਵਾਰੀ ਨਹੀਂ ਕਰ ਸਕਦਾ, ਹਥਿਆਰ ਨਹੀਂ ਰਖ ਸਕਦਾ ਉਸ ਸਮੇਂ ਹੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦੋਹਰੀ ਦਸਤਾਰ ਸਜਾਉਣਾ, ਘੋੜੇ ਦੀ ਸਵਾਰੀ ਕਰਨ ਤੇ ਸ਼ਸਤਰ ਧਾਰੀ ਹੋਣ ਦਾ ਆਦੇਸ਼ ਜਾਰੀ ਕੀਤਾ ਨਿਹੰਗ ਸਿੰਘ ਜਥੇਬੰਦੀ ਬਾਬਾ ਫ਼ਤਹਿ ਸਿੰਘ ਦੀ ਕਮਾਂਡ ਹੇਠ ਇਸ ਧਰਤੀ ਤੇ ਹੀ ਪੈਦਾ ਹੋਈ ਜੋ ਅੱਜ ਵਿਰਾਸਤੀ ਬਾਣੇ ਅਤੇ ਪਾਵਨ ਬਾਣੀ ਨਾਲ ਜੁੜੀ ਹੋਈ ਹੈ। ਇਸ ਧਰਤ ਸੁਹਾਵੀ ਤੋਂ ਨਸ਼ਿਆਂ ਦੇ ਵਿਰੁੱਧ ਅਵਾਜ਼ ਬੁਲੰਦ ਕੀਤੀ ਗਈ ਸੋ ਅੱਜ ਵੀ ਲੋੜ ਹੈ ਕਿ ਪੰਜਾਬ ਨੂੰ ਨਸ਼ਾ ਮੁਕਤ ਕਰੀਏ। ਮਾਂ ਬੋਲੀ ਪੰਜਾਬੀ ਭਾਸ਼ਾ ਤੇ ਗੁਰਮੁਖੀ ਲਿਪੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਸਿੱਖ ਗੁਰੂ ਸਾਹਿਬਾਨ ਦੀ ਪੰਜਾਬੀਆਂ ਨੂੰ ਮਹਾਨ ਦੇਣ ਹੈ ਇਹ ਬੋਲੀ ਸਾਰੇ ਪੰਜਾਬੀਆਂ ਦੀ ਸਾਂਝੀ ਹੈ ਅਤੇ ਪੰਜਾਬੀ ਸਭਿਆਚਾਰ ਦੀ ਅਧਾਰਸ਼ਿਲਾ ਹੈ ਪਰ ਸਿੱਖ ਗੁਰੂ ਸਾਹਿਬਾਨ ਦੇ ਸਿੱਖ ਅਖਵਾਉਣ ਵਾਲਿਆਂ ਲਈ ਇਹ ਬੋਲੀ ਹੋਰ ਵੀ ਅਹਿਮ ਹੋ ਨਿਬੜਦੀ ਹੈ, ਜਿਨ੍ਹਾਂ ਦਾ ‘ਗੁਰੂ’ ਹੀ ਸ਼ਬਦ ਹੈ। ਅੱਜ ਦੇ ਸਮੇਂ ਵਿਚ ਭੁਲੇਖਿਆਂ ਵਿਚ ਫਸੇ ਬਹੁਤੇ ਪਰਿਵਾਰਾਂ ਦੇ ਬੱਚੇ ਦੂਸਰੀਆਂ ਭਾਸ਼ਾਵਾਂ ਨੂੰ ਤਰਜੀਹ ਦੇ ਰਹੇ ਹਨ। ਇਹ ਵਰਤਾਰਾ ਅਫਸੋਸ ਜਨਕ ਹੈ, ਉਨ੍ਹਾਂ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਸਾਡੀ ਨਵੀਂ ਪੀੜ੍ਹੀ ਆਪਣੀ ਮਾਂ ਬੋਲੀ ਭੁੱਲਦੀ ਗਈ ਤਾਂ ਸਿਧਾਂਤਕ ਨਿਆਰੇਪਣ ਤੋਂ ਇਕ ਦਿਨ ਵਾਂਝੀ ਹੋ ਜਾਵੇਗੀ ਤੇ ਫਿਰ ਜਦੋਂ ਇਨ੍ਹਾਂ ਲਈ ਗੁਰਬਾਣੀ ਦਾ ਪਾਠ ਕਰਨਾ, ਇਸ ਦੇ ਅਰਥਾਂ ਨੂੰ ਸਮਝਣਾ ਵੀ ਮੁਸ਼ਕਲ ਹੋਵੇਗਾ, ਇਹ ਇਕ ਵੱਡੀ ਕੌਮੀ ਸਮੱਸਿਆ ਹੈ। ਅਜਿਹੇ ਪਾਵਰਫੁੱਲ ਕੌਮੀ ਸਭਿਆਚਾਰਾਂ ਵਿਚ ਪੰਜਾਬੀ ਭਾਸ਼ਾ ਅਤੇ ਆਪਣੀ ਵਿਰਾਸਤ ਨੂੰ ਕਾਇਮ ਰੱਖਣਾ ਬੜੀ ਗੰਭੀਰ ਚੁਣੌਤੀ ਹੈ। ਸੋ ਅੱਜ ਸ੍ਰੀ ਅਨੰਦਪੁਰ ਸਾਹਿਬ ਦੇ ਵਾਸੀ ਹੋਣ ਦਾ ਅਹਿਸਾਸ ਜੋ ਦਸਮੇਸ਼ ਪਿਤਾ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ। ਹਰ ਗੁਰਸਿੱਖ ਨੂੰ ਆਪਣੇ ਅੰਤਰੀਵ ਹਿਰਦੇ ਵਿਚ ਮਹਿਸੂਸ ਕਰਨਾ ਹੋਵੇਗਾ। ਸਿੱਖ ਭਾਵੇਂ ਦੁਨੀਆਂ ਵਿਚ ਜਿੱਥੇ ਮਰਜੀ ਵਸਦਾ ਹੋਵੇ, ਉਸ ਨੂੰ ਸਿੱਖ ਗੁਰੂਆਂ ਦੀ ਜਨਮ ਅਤੇ ਕਰਮ ਭੂਮੀ ਦੀ ਵਿਰਾਸਤ ਨੂੰ ਨਹੀਂ ਭੁਲਣਾ ਚਾਹੀਦਾ। ਸਮੂੰਹ ਖਾਲਸਾ ਪੰਥ ਨੂੰ ਤਖ਼ਤ ਸਾਹਿਬਾਨ ਤੋਂ ਹੋਏ ਆਦੇਸ਼, ਸੰਦੇਸ਼ ਤੇ ਹੁਕਮ ਤੇ ਪਹਿਰਾ ਦੇਣਾ ਚਾਹੀਦਾ ਹੈ ਤਾਂ ਜੋ ਖਾਲਸਾ ਪੰਥ ਦੀ ਹੋਰ ਚੜ੍ਹਦੀ ਕਲਾ ਹੋਵੇ। ਆਓ! ਸ੍ਰੀ ਅਨੰਦਪੁਰ ਸਾਹਿਬ ਜੀ ਦੇ ਸੰਦੇਸ਼ ਅਤੇ ਵਿਰਾਸਸਤ ਨੂੰ ਆਪਣੇ ਹਿਰਦੇ ਵਿਚ ਵਸਾ ਕੇ ਅਨੰਦਮਈ ਜੀਵਨ ਦੇ ਧਾਰਨੀ ਬਣੀਏ। ਇਸ ਸੰਕਲਪ ਸਦਕਾ ਹੀ ਸੰਸਾਰ ਵਿਚ ਖਾਲਸਈ ਜਾਹੋ-ਜਲਾਲ ਨੂੰ ਸਥਾਪਿਤ ਕੀਤਾ ਜਾ ਸਕਦਾ ਹੈ।
ਇਸ ਮੌਕੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਿੰਨਾਂ ਦਿਨਾਂ ਤੋਂ ਸ਼ਤਾਬਦੀ ਸਮਾਗਮਾਂ ਵਿਚ ਹਾਜ਼ਰੀਆਂ ਭਰ ਰਹੀਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਇਕ ਨਿਵੇਕਲੇ ਇਤਿਹਾਸ ਦੀ ਸਿਰਜਨਾਤਮਿਕ ਹੈ, ਇਥੋਂ ਹਮੇਸ਼ਾਂ ਕੌਮ ਦੀ ਚੜ੍ਹਦੀ ਕਲਾ ਲਈ, ਕੌਮ ਦੀ ਚੇਤਨਤਾ ਨੂੰ ਸ਼ਕਤੀ ਦੇਣ ਲਈ ਹਮੇਸ਼ਾਂ ਅਵਾਜ਼ ਉਠਦੀ ਰਹੀ ਹੈ ਤੇ ਉਠਦੀ ਰਹੇਗੀ। ੩੫੦ ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ਪੰਜ ਪਿਆਰਿਆਂ ਦੀ ਯਾਦ ਨੂੰ ਸਮਰਪਿਤ ਪੰਜ ਯਾਦਗਾਰੀ ਗੇਟ, ਇਕ ਸੀਸ ਭੇਟ ਯਾਦਗਾਰੀ ਹਾਲ ਅਤੇ ਗੁਰੂ ਗੋਬਿੰਦ ਸਿੰਘ ਨਿਵਾਸ ਦੀਆਂ ਪੰਜ ਮੰਜ਼ਿਲਾਂ ਪੰਜਾਂ ਪਿਆਰਿਆਂ ਦੇ ਨਾਮ ਨੂੰ ਸਮਰਪਿਤ ਹੋਣਗੀਆ।ਉਨ੍ਹਾਂ ਕਿਹਾ ਕਿ ਸੀਸ ਭੇਟ ਯਾਦਗਾਰੀ ਹਾਲ ਆਧੁਨਿਕ ਤਰਜ ਤੇ ਹੋਵੇਗੀ ਅਤੇ ਇਸ ਵਿਚ ਅੰਮ੍ਰਿਤ ਸੰਸਾਰ ਸਮਾਗਮ ਹੋਇਆ ਕਰਨਗੇ। ਉਨ੍ਹਾਂ ਸਮੁੱਚੀ ਸੰਗਤ ਨੂੰ ਧੰਨਵਾਦ ਕਰਦਿਆਂ ਵਿਸ਼ੇਸ਼ ਤੌਰ ਤੇ ਸਿੰਘ ਸਾਹਿਬਾਨ ਦਾ ਵੀ ਧੰਨਵਾਦ ਕੀਤਾ ਅਤੇ ਪੰਜਾਬ ਸਰਕਾਰ ਦੇ ਮੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੂੰ ਇਨ੍ਹਾਂ ਸਮਾਗਮਾਂ ਦੀ ਸਫਲਤਾ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਛੇਤੀ ਹੀ ਪਟਨਾ ਸਾਹਿਬ ਵਿਖੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ੩੫੦ ਸਾਲਾ ਪ੍ਰਕਾਸ਼ ਦਿਹਾੜਾ ਦੀ ਸ਼ਤਾਬਦੀ ਮਨਾਈ ਜਾਣੀ ਹੈ। ਉਸ ਲਈ ਹੁਣ ਤੋਂ ਹੀ ਕਮਰਕੱਸੇ ਕਰ ਲੈਣੇ ਚਾਹੀਦੇ ਹਨ।
ਇਸ ਤੋਂ ਪਹਿਲਾਂ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਮੁੱਖ ਗੰ੍ਰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ, ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਜਥੇਦਾਰ ਤਖ਼ਤ ਸੱਚਖੰਡ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ, ਸਿੰਘ ਸਾਹਿਬ ਗਿਆਨੀ ਗੁਰਮੁੱਖ ਸਿੰਘ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ, ਸਿੰਘ ਸਾਹਿਬ ਗਿਆਨੀ ਜੋਤਇੰਦਰ ਸਿੰਘ ਮੀਤ ਜਥੇਦਾਰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਬਿਚਲ ਨਗਰ ਨਾਂਦੇੜ ਅਤੇ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਨੇ ਵੀ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ। ਸਮਾਗਮ ਦੀ ਸੰਪੂਰਨਤਾ ਸਮੇਂ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੇ ਅਰਦਾਸ ਕੀਤੀ ਤੇ ਹੁਕਮਨਾਮਾ ਗਿਆਨੀ ਜਗਤਾਰ ਸਿੰਘ ਜੀ ਮੁੱਖ ਗੰ੍ਰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਲਿਆ।
ਵਿਸ਼ੇਸ਼ ਸਨਮਾਨ: ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਹੈਡ ਗੰ੍ਰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਜਥੇਦਾਰ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ, ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸਿੰਘ ਸਾਹਿਬ ਗਿਆਨੀ ਜੋਤਇੰਦਰ ਸਿੰਘ ਮੀਤ ਜਥੇਦਾਰ ਤਖ਼ਤ ਸ੍ਰੀ ਹਜ਼ੂਰ ਸਾਹਿਬ, ਗਿਆਨੀ ਗੁਰਮੁੱਖ ਸਿੰਘ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਨੂੰ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ।
ਇਸ ਮੌਕੇ ਗਿਆਨੀ ਅਮਰਜੀਤ ਸਿੰਘ ਗੰ੍ਰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਅੰਤਿੰ੍ਰਗ ਮੈਂਬਰ ਸ. ਰਜਿੰਦਰ ਸਿੰਘ ਮਹਿਤਾ, ਸ. ਰਿਨਮੈਲ ਸਿੰਘ ਜੌਲਾਂ, ਭਾਈ ਮਨਜੀਤ ਸਿੰਘ, ਸ. ਅਮਰੀਕ ਸਿੰਘ ਸ਼ਾਹਪੁਰ, ਸ. ਜਗਸੀਰ ਸਿੰਘ ਮਾਂਗੇਆਣਾ, ਸ. ਕੁਲਦੀਪ ਸਿੰਘ ਤੇੜਾ, ਸ. ਨਿਰਮਲ ਸਿੰਘ ਘਰਾਚੋਂ, ਸ. ਅਮਰੀਕ ਸਿੰਘ ਕੋਟ ਸ਼ਮੀਰ, ਸ. ਗੁਰਿੰਦਰਪਾਲ ਸਿੰਘ ਗੋਰਾ, ਸ. ਕਰਨੈਲ ਸਿੰਘ ਪੀਰ ਮੁਹੱਮਦ, ਮਹੰਤ ਮਨਜੀਤ ਸਿੰਘ ਡਗਿਆਣਾ ਆਸ਼ਰਮ ਜੰਮੂ, ਸ. ਪਰਮਜੀਤ ਸਿੰਘ ਖਾਲਸਾ ਬਰਨਾਲਾ,  ਸ. ਨਰਿੰਦਰ ਸਿੰਘ ਬਾੜਾ, ਸ. ਰਾਮ ਸਿੰਘ, ਬਾਬਾ ਨਿਰਮਲ ਸਿੰਘ, ਸ. ਰਾਮਪਾਲ ਸਿੰਘ ਬਹਿਣੀਵਾਲ, ਸ. ਗੁਰਮੀਤ ਸਿੰਘ ਝੱਬਰ, ਡਾ. ਰੂਪ ਸਿੰਘ ਸਕੱਤਰ, ਸ. ਅਵਤਾਰ ਸਿੰਘ ਸਕੱਤਰ, ਸ. ਸਤਬੀਰ ਸਿੰਘ ਸਾਬਕਾ ਸਕੱਤਰ, ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ, ਸ. ਬਲਵਿੰਦਰ ਸਿੰਘ ਜੌੜਾਸਿੰਘਾ, ਸ. ਰਣਜੀਤ ਸਿੰਘ, ਸ. ਸੁਖਦੇਵ ਸਿੰਘ ਭੂਰਾ ਕੋਹਨਾ, ਸ. ਸਤਿੰਦਰ ਸਿੰਘ ਨਿੱਜੀ ਸਹਾਇਕ, ਸ. ਜਗਜੀਤ ਸਿੰਘ ਮੀਤ ਸਕੱਤਰ, ਸ. ਕੁਲਵਿੰਦਰ ਸਿੰਘ ਰਮਦਾਸ ਇੰਚਾਰਜ ਪਬਲੀਸਿਟੀ, ਸ. ਸੁਖਵਿੰਦਰ ਸਿੰਘ ਗਰੇਵਾਲ ਮੈਨੇਜਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਆਦਿ ਮੌਜੂਦ ਸਨ।