ਅੰਮ੍ਰਿਤਸਰ, ੧੯ ਅਪ੍ਰੈਲ- ਖ਼ਾਲਸਾ ਸਾਜਣਾ ਦਿਵਸ ਸਬੰਧੀ ਪਾਕਿਸਤਾਨ ਗਏ ਜਥੇ ਵਿਚ ਸ਼ਾਮਲ ਇਕ ਮਹਿਲਾ ਵੱਲੋਂ ਪਾਕਿਸਤਾਨੀ ਨਾਗਰਿਕ ਨਾਲ ਵਿਆਹ ਕਰਵਾਉਣ ਦੀਆਂ ਖ਼ਬਰਾਂ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਨੂੰ ਖ਼ੁਫੀਆਂ ਏਜੰਸੀਆਂ ਦੀ ਨਕਾਮੀ ਦੱਸਿਆ ਗਿਆ ਹੈ। ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਜਾਰੀ ਇਕ ਬਿਆਨ ‘ਚ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਅਤੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਸਪੱਸ਼ਟ ਕੀਤਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਜਥਾ ਭੇਜਣ ਲਈ ਸੰਗਤਾਂ ਤੋਂ ਪਾਸਪੋਰਟ ਇਕੱਤਰ ਕਰਕੇ ਸਰਕਾਰਾਂ ਨੂੰ ਜਾਂਚ ਲਈ ਭੇਜੇ ਜਾਂਦੇ ਹਨ ਅਤੇ ਯੋਗ ਕਾਰਵਾਈ ਕਰਕੇ ਸ਼ਰਧਾਲੂਆਂ ਦੀ ਰਿਪੋਰਟ ਕੀਤੀ ਜਾਂਦੀ ਹੈ। ਇਸੇ ਕਰਕੇ ਹੀ ਸ਼੍ਰੋਮਣੀ ਕਮੇਟੀ ਵੱਲੋਂ ਭੇਜੇ ਜਾਂਦੇ ਨਾਵਾਂ ਵਿੱਚੋਂ ਬਹੁਤ ਸਾਰੇ ਸ਼ਰਧਾਲੂਆਂ ਦੇ ਨਾਂ ਕੱਟ ਦਿੱਤੇ ਜਾਂਦੇ ਹਨ। ਉਕਤ ਮਹਿਲਾ ਸਬੰਧੀ ਉਨ੍ਹਾਂ ਕਿਹਾ ਕਿ ਜਦੋਂ ਲੰਮੇ ਸਮੇਂ ਤੋਂ ਉਸ ਦੇ ਪਾਕਿਸਤਾਨੀ ਨਾਗਰਿਕ ਨਾਲ ਸੰਪਰਕ ‘ਚ ਹੋਣ ਦੀਆਂ ਖ਼ਬਰਾਂ ਹਨ ਤਾਂ ਅਜਿਹੇ ‘ਚ ਦੇਸ਼ ਦੀਆਂ ਖ਼ੁਫ਼ੀਆਂ ਏਜੰਸੀਆਂ ਨੂੰ ਜ਼ਿੰਮੇਵਾਰੀ ਤੋਂ ਮੁਕਤ ਨਹੀਂ ਕੀਤਾ ਜਾ ਸਕਦਾ। ਸ. ਬੇਦੀ ਨੇ ਕਿਹਾ ਕਿ ਇਸ ਮਾਮਲੇ ਸਬੰਧੀ ਭਾਰਤ ਸਰਕਾਰ ਨੂੰ ਤੁਰੰਤ ਕਦਮ ਚੁੱਕਣੇ ਚਾਹੀਦੇ ਹਨ ਅਤੇ ਮਾਮਲੇ ਦੀ ਤਹਿ ਤੱਕ ਜਾ ਕੇ ਸੱਚ ਲੋਕਾਂ ਸਾਹਮਣੇ ਲਿਆਉਣਾ ਚਾਹੀਦਾ ਹੈ। ਸ. ਬੇਦੀ ਨੇ ਜਥੇ ‘ਚ ਗਏ ਕੁਝ ਯਾਤਰੂਆਂ ਵੱਲੋਂ ਵਾਪਰਕ ਪਹੁੰਚ ਅਪਨਾਉਣ ਦੀਆਂ ਖ਼ਬਰਾਂ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਜੇਕਰ ਕਸਟਮ ਵਿਭਾਗ ਆਪਣੇ ਜ਼ਿੰਮੇਵਾਰੀ ਸੁਹਿਰਦਤਾ ਨਾਲ ਨਿਭਾਏ ਤਾਂ ਦੋਹਾਂ ਦੇਸ਼ਾਂ ਤੋਂ ਵਪਾਰਕ ਨਜ਼ਰੀਏ ਨਾਲ ਲਿਜਾਇਆ ਜਾਂਦਾ ਸਮਾਨ ਸਰਹੱਦ ਪਾਰ ਨਹੀਂ ਕਰ ਸਕਦਾ।