imagesਅੰਮ੍ਰਿਤਸਰ : 8 ਜੂਨ (      ) ਸ੍ਰੀ ਅਨੰਦਪੁਰ ਸਾਹਿਬ ਦੇ 350 ਸਾਲਾ ਸਥਾਪਨਾ ਦਿਵਸ ਦੇ ਸਬੰਧ ਵਿੱਚ 12 ਜੂਨ 2015 ਸ਼ੁੱਕਰਵਾਰ ਨੂੰ ਜੰਮੂ-ਕਸ਼ਮੀਰ ਤੋਂ ਸ੍ਰੀ ਅਨੰਦਪੁਰ ਸਾਹਿਬ ਤੀਕ ਲਿਆਂਦਾ ਜਾਣ ਵਾਲਾ ਨਗਰ ਕੀਰਤਨ ਅਣ-ਸੁਖਾਵੇਂ ਹਲਾਤਾਂ ਕਾਰਣ ਉੱਥੋਂ ਦੀਆਂ ਸੰਗਤਾਂ ਵੱਲੋਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੀਤੀ ਬੇਨਤੀ ਕਰਕੇ ਫਿਲਹਾਲ ਰੱਦ ਕਰ ਦਿੱਤਾ ਗਿਆ ਹੈ। ਸ. ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ ਮੀਡੀਆ ਨੇ ਦਫ਼ਤਰ ਤੋਂ ਜਾਰੀ ਪ੍ਰੈਸ ਨੋਟ ਰਾਹੀਂ ਜਾਣਕਾਰੀ ਦੇਂਦਿਆਂ ਦੱਸਿਆ ਕਿ ਪਿਛਲੇ ਦਿਨੀਂ ਜੰਮੂ-ਕਸ਼ਮੀਰ ਵਿਖੇ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਪੋਸਟਰ ਪਾੜੇ ਜਾਣ ਤੇ ਪੁਲੀਸ ਵੱਲੋਂ ਚਲਾਈ ਗੋਲੀ ਕਾਰਣ 27 ਸਾਲਾ ਜਗਜੀਤ ਸਿੰਘ ਨਾਮ ਦੇ ਨੌਜਵਾਨ ਦੀ ਗੋਲੀ ਲੱਗਣ ਕਾਰਣ ਮੌਤ ਹੋ ਗਈ ਸੀ ਤੇ ਕੁਝ ਵਿਅਕਤੀ ਜਖ਼ਮੀ ਹੋ ਗਏ ਸਨ। ਉਨ੍ਹਾਂ ਕਿਹਾ ਕਿ ਇਸ ਸਥਿਤੀ ਤੋਂ ਬਾਅਦ ਜੰਮੂ-ਕਸ਼ਮੀਰ ਦੇ ਹਾਲਾਤ ਅਣਸੁਖਾਵੇਂ ਹੋ ਜਾਣ ਕਾਰਣ 12 ਜੂਨ 2015 ਨੂੰ ਜੰਮੂ ਤੋਂ ਸ੍ਰੀ ਅਨੰਦਪੁਰ ਸਾਹਿਬ ਤੀਕ ਲਿਆਂਦਾ ਜਾਣ ਵਾਲਾ ਨਗਰ ਕੀਰਤਨ ਫਿਲਹਾਲ ਰੱਦ ਕਰ ਦਿੱਤਾ ਗਿਆ ਹੈ। ਇਹ ਮਹਾਨ ਨਗਰ ਕੀਰਤਨ ਜੰਮੂ ਦੇ ਸਪਵਾਲ, ਰਾਜਬਾਗ ਤੋਂ ਹੁੰਦਾ ਹੋਇਆ ਲਖਨਪੁਰ, ਪਠਾਨਕੋਟ, ਮੀਰਥਲ, ਭਰਾਲਾ, ਮੁਕੇਰੀਆਂ, ਗੁਰਦੁਆਰਾ ਟੱਕਰ ਸਾਹਿਬ, ਗੁਰਦੁਆਰਾ ਰਾਮਪੁਰ ਖੇੜਾ (ਹੁਸ਼ਿਆਰਪੁਰ) ਵਿਖੇ ਰਾਤ ਵਿਸ਼ਰਾਮ ਕਰਕੇ 13 ਜੂਨ 2015 ਸ਼ਨੀਵਾਰ ਨੂੰ ਸਵੇਰੇ ਗੁਰਦੁਆਰਾ ਰਾਮਪੁਰ ਖੇੜਾ ਤੋਂ ਚੱਲ ਕੇ ਹੁਸ਼ਿਆਰਪੁਰ, ਮਾਹਲਪੁਰ ਤੇ ਗੜ੍ਹਸ਼ੰਕਰ ਤੋਂ ਹੁੰਦਾ ਹੋਇਆ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਵਿਖੇ ਸੰਪੂਰਨ ਹੋਣਾ ਸੀ ਜੋ ਫਿਲਹਾਲ ਰੱਦ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਸਭ ਕੁਝ ਜੰਮੂ-ਕਸ਼ਮੀਰ ਦੇ ਪ੍ਰਬੰਧਕਾਂ ਅਤੇ ਸੰਗਤਾਂ ਦੀ ਬੇਨਤੀ ਤੇ ਮਜਬੂਰੀ ਵੱਸ ਰੱਦ ਕੀਤਾ ਹੈ ਜਿਸ ਲਈ ਅਸੀਂ ਸਮੁੱਚੀ ਸਾਧ ਸੰਗਤ ਅਤੇ ਪ੍ਰਬੰਧਕਾਂ ਪਾਸੋਂ ਖਿਮਾ ਦੇ ਜਾਚਕ ਹਾਂ।