ਸਾਰੀ ਘਟਨਾ ਦੀ ਸੀ.ਬੀ.ਆਈ. ਜਾਂਚ ਹੋਵੇ
ਸ੍ਰੀ ਅੰਮ੍ਰਿਤਸਰ : 12 ਜੂਨ (      ) ਜੰਮੂ ਕਸ਼ਮੀਰ ਸਰਕਾਰ ਵੱਲੋਂ ਸਿੱਖ ਨੌਜਵਾਨਾਂ ਉੱਪਰ ਦਰਜ ਕੀਤੇ ਪਰਚਿਆਂ ਨੂੰ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਰਾਸਰ ਗਲਤ ਕਰਾਰ ਦਿੰਦਿਆਂ ਘਟਨਾ ਦੀ ਮੁਕੰਮਲ ਜਾਂਚ ਦੇਸ਼ ਦੀ ਸਰਵਉੱਚ ਏਜੰਸੀ ਸੀ.ਬੀ.ਆਈ ਪਾਸੋਂ ਕਰਵਾਉਣ ਦੀ ਮੰਗ ਕੀਤੀ ਹੈ। ਇਥੋਂ ਜਾਰੀ ਪ੍ਰੈਸ ਬਿਆਨ ‘ਚ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਜੰਮੂ ਕਸ਼ਮੀਰ ਸਰਕਾਰ ਵਲੋਂ ਹੁਣ ਤੀਕ ਕੀਤੀ ਸਾਰੀ ਕਾਰਵਾਈ ਇਕਤਰਫਾ ਤੇ ਸਿੱਖਾਂ ਦੇ ਖਿਲਾਫ ਹੈ ਜੋ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਜਿਸ ਦੇਸ਼ ਦੀ ਅਜ਼ਾਦੀ ਲਈ ਇਕੱਲੇ ਸਿੱਖਾਂ ਨੇ 80 ਫੀਸਦੀ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਹੋਣ ਕੀ ਉਸ ਦੇਸ਼ ਵਿਚ ਸ਼ਾਂਤਮਈ ਰਹਿਕੇ ਸਿੱਖਾਂ ਨੂੰ ਆਪਣੇ ਸੰਤਾਂ ਮਹਾਂਪੁਰਸ਼ ਦਾ ਪੋਸਟਰ ਲਗਾਉਣ ਦਾ ਵੀ ਅਧਿਕਾਰ ਨਹੀਂ?, ਉਨ੍ਹਾਂ ਕਿਹਾ ਕਿ ਅੱਜ ਵੀ ਦੇਸ਼ ਲਈ ਸਰਹੱਦਾਂ ਤੇ ਦੁਸ਼ਮਣ ਫ਼ੌਜਾਂ ਨਾਲ ਟਾਕਰਾ ਕਰਨ ਵਾਸਤੇ ਸਿੱਖ ਫ਼ੌਜੀ ਸੀਨਾ ਤਾਣ ਕੇ ਖੜੇ ਹਨ ਤੇ ਜੇਕਰ ਕਿਤੇ ਦੇਸ਼ ਨੂੰ ਕੁਰਬਾਨੀ ਦੀ ਜ਼ਰੂਰਤ ਹੁੰਦੀ ਹੈ ਤਾਂ ਸਿੱਖ ਕਦੇ ਵੀ ਪਿੱਛੇ ਨਹੀਂ ਹਟੇ। ਉਨ੍ਹਾਂ ਕਿਹਾ ਕਿ ਆਪਣੇ ਦੇਸ਼ ਲਈ ਤਾਂ ਸਿੱਖਾਂ ਨੇ ਪਹਿਲੀ, ਦੂਸਰੀ ਸੰਸਾਰ ਜੰਗਾਂ ਸਮੇਂ ਵੀ ਵਿਦੇਸ਼ਾਂ ਲਈ ਵੱਡੀਆਂ ਸ਼ਹਾਦਤਾਂ ਦਿੱਤੀਆਂ ਸਨ ਅੱਜ ਉਹ ਦੇਸ਼ ਸਿੱਖਾਂ ਦੀ ਕੁਰਬਾਨੀਆਂ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਪਰਿਵਾਰਾਂ ਨੂੰ ਸਨਮਾਨਤ ਕਰ ਰਹੇ ਹਨ, ਪਰ ਆਪਣੇ ਹੀ ਦੇਸ਼ ਵਿਚ ਸਿੱਖਾਂ ਨਾਲ ਬੇਗਾਨਿਆਂ ਵਾਲਾ ਵਿਵਹਾਰ ਕੀਤਾ ਜਾ ਰਿਹਾ ਹੈ ਜੋ ਜੰਮੂ ਸਰਕਾਰ ਲਈ ਠੀਕ ਨਹੀਂ। ਉਨ੍ਹਾਂ ਕਿਹਾ ਕਿ ਇਕ ਪਾਸੇ ਜੰਮੂ ਸਰਕਾਰ ਜਾਂਚ ਦੀ ਗੱਲ ਕਰ ਰਹੀ ਹੈ, ਦੂਜੇ ਪਾਸੇ ਸਿੱਖ ਨੌਜਵਾਨਾਂ ਉੱਪਰ ਕੇਸ ਦਰਜ ਕੀਤੇ ਜਾ ਰਹੇ ਹਨ ਇਨ੍ਹਾਂ ਹਾਲਾਤਾਂ ‘ਚ ਜੰਮੂ ਸਰਕਾਰ ਵਲੋਂ ਕੀਤੀ ਜਾਣ ਵਾਲੀ ਜਾਂਚ ਨਿਰਪੱਖ ਨਹੀਂ ਹੋ ਸਕਦੀ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸੁਹਿਰਦਤਾ ਨਾਲ ਕੰਮ ਕਰਦਿਆਂ ਇਸ ਕੇਸ ਦੀ ਸੀ.ਬੀ.ਆਈ. ਜਾਂਚ ਕਰਵਾਏ। ਉਨ੍ਹਾਂ ਸਮੁੱਚੇ ਸਿੱਖਾਂ ਨੂੰ ਜ਼ੋਰ ਦੇ ਕੇ ਕਿਹਾ ਕਿ ਸਿੱਖਾਂ ਨੇ ਹਮੇਸ਼ਾਂ ਹੀ ਜ਼ਬਰ ਦਾ ਮੁਕਾਬਲਾ ਸਬਰ ਨਾਲ ਕੀਤਾ ਹੈ। ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ‘ਚ ਸਿੱਖ ਨੌਜਵਾਨਾਂ ਉੱਪਰ ਕੇਸ ਦਰਜ ਕਰਨ ਦੀ ਬਜਾਏ, ਕੇਸ ਉਨ੍ਹਾਂ ਪੁਲਿਸ ਵਾਲਿਆਂ ਤੇ ਸ਼ਰਾਰਤੀ ਲੋਕਾਂ ਖਿਲਾਫ ਦਰਜ ਹੋਣੇ ਚਾਹੀਦੇ ਹਨ ਜਿਨ੍ਹਾਂ ਨੇ ਪੋਸਟਰ ਪਾੜ ਕੇ ਸ਼ਾਂਤ ਬੈਠੇ ਸਿੱਖਾਂ ‘ਚ ਬਿਨਾਂ ਵਜਾ ਭੜਕਾਹਟ ਪੈਦਾ ਕੀਤੀ ਹੈ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੰਮੂ-ਕਸ਼ਮੀਰ ਦੇ ਸਮੁੱਚੇ ਸਿੱਖ ਭਾਈਚਾਰੇ ਦੇ ਨਾਲ ਖੜੀ ਹੈ, ਜੇਕਰ ਜੰਮੂ ਸਰਕਾਰ ਇਹ ਕੇਸ ਵਾਪਸ ਨਹੀਂ ਲੈਂਦੀ ਤਾਂ ਸ਼੍ਰੋਮਣੀ ਕਮੇਟੀ ਇਨ੍ਹਾਂ ਕੇਸਾਂ ਦਾ ਸਾਰਾ ਖਰਚਾ ਆਪਣੇ ਸਿਰ ਲਵੇਗੀ ਤੇ ਨਿਆਂ ਪਾਲਿਕਾ ਪਾਸੋਂ ਪੂਰਾ ਇਨਸਾਫ ਲੈਣ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ।