ਅੰਮ੍ਰਿਤਸਰ, ੧੫ ਅਪ੍ਰੈਲ–   ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਾਰੇ ਸ. ਜਗਦੀਸ਼ ਸਿੰਘ ਝੀਂਡਾ ਵੱਲੋਂ ਦਿੱਤੇ ਗਏ ਵਿਵਾਦਤ ਬਿਆਨ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ. ਅਮਰਜੀਤ ਸਿੰਘ ਚਾਵਲਾ ਅਤੇ ਅੰਤ੍ਰਿੰਗ ਕਮੇਟੀ ਮੈਂਬਰ ਸ. ਸੁਰਜੀਤ ਸਿੰਘ ਭਿੱਟੇਵਡ ਨੇ ਤਿੱਖਾ ਪ੍ਰਤੀਕਰਮ ਦਿੰਦਿਆਂ ਕਿਹਾ ਹੈ ਕਿ ਸ. ਝੀਂਡਾ ਦੇ ਇਸ ਬਿਆਨ ਨਾਲ ਉਸ ਦਾ ਦੋਗਲਾਪਨ ਸਾਹਮਣੇ ਆ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਇਨ੍ਹਾਂ ਅਹੁਦੇਦਾਰਾਂ ਨੇ ਸ. ਝੀਂਡਾ ਨੂੰ ਮੌਕਾਪ੍ਰਸਤ ਕਹਿ ਕੇ ਉਸਨੂੰ ਕੌਮੀ ਏਕਤਾ ਦਾ ਦੁਸ਼ਮਣ ਕਰਾਰ ਦਿੱਤਾ। ਉਨ੍ਹਾਂ ਆਖਿਆ ਕਿ ਸਿੱਖ ਸੰਗਤ ਇਹ ਬਾਖੂਬੀ ਸਮਝਦੀ ਹੈ ਕਿ ਅਨੇਕਾਂ ਕੁਰਬਾਨੀਆਂ ਤੋਂ ਬਾਅਦ ਹੋਂਦ ਵਿਚ ਆਈ ਸਿੱਖ ਕੌਮ ਦੀ ਮਾਣਮੱਤੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੀਤੇ ਸਮੇਂ ਸ. ਝੀਂਡਾ ਨੇ ਕਿਸ ਤਰ੍ਹਾਂ ਤੋੜਨ ਦਾ ਕੋਝਾ ਯਤਨ ਕੀਤਾ ਸੀ, ਜਿਸ ਕਰਕੇ ਸ. ਝੀਂਡਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸਿੱਖੀ ‘ਚੋਂ ਖਾਰਜ ਕਰ ਦਿੱਤਾ ਗਿਆ ਸੀ। ਹੁਣ ਸੰਗਤ ਵੱਲੋਂ ਇਸ ਨੂੰ ਨਕਾਰਨ ਦੇਣ ‘ਤੇ ਇਸ ਨੇ ਨਵਾਂ ਪੈਂਤੜਾ ਅਪਣਾ ਕੇ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋ ਕੇ ਆਪਣੀ ਭੁੱਲ ਦੀ ਮੁਆਫੀ ਮੰਗੀ ਤੇ ਹੁਣ ਸਿੱਖ ਪ੍ਰੰਪਰਾਵਾਂ ਦੀ ਤੌਹੀਨ ਕਰਦਿਆਂ ਸਿੱਖ ਕੌਮ ਦੇ ਸਰਬਉੱਚ ਅਸਥਾਨ ਦੇ ਮਾਨਯੋਗ ਜਥੇਦਾਰ ਸਬੰਧੀ ਸ਼ੰਕੇ ਖੜ੍ਹੇ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸ. ਝੀਂਡਾ ਨੂੰ ਪੰਥਕ ਮਾਣ ਮਰਯਾਦਾ ਦੀ ਕਦਰ ਕਰਨੀ ਚਾਹੀਦੀ ਹੈ ਅਤੇ ਆਪਣੀ ਚਰਚਾ ਲਈ ਇਸਨੂੰ ਢਾਹ ਲਾਉਣ ਤੋਂ ਬਾਜ ਆਉਣਾ ਚਾਹੀਦਾ ਹੈ।
  ਉਨ੍ਹਾਂ ਸ. ਝੀਂਡਾ ਨੂੰ ਸਵਾਲ ਕਰਦਿਆਂ ਆਖਿਆ ਕਿ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋ ਕੇ ਮੁਆਫੀ ਮੰਗ ਰਿਹਾ ਸੀ, ਉਦੋਂ ਉਨ੍ਹਾਂ ਨੂੰ ਅਜਿਹਾ ਚੇਤਾ ਕਿਉਂ ਨਾ ਆਇਆ? ਇਨ੍ਹਾਂ ਅਹੁਦੇਦਾਰਾਂ ਨੇ ਸ. ਜਗਦੀਸ਼ ਸਿੰਘ ਝੀਂਡਾ ਦੇ ਇਸ ਪੈਂਤੜੇ ਨੂੰ ਆਪਣੀ ਚਰਚਾ ਲਈ ਵਰਤਿਆ ਸਟੰਟ ਦੱਸਦਿਆਂ ਕਿਹਾ ਕਿ ਆਪਣੀ ਹੋਂਦ ਗਵਾ ਚੁੱਕੇ ਝੀਂਡਾ ਹੁਣ ਫਿਰ ਚਰਚਾ ਵਿਚ ਆਉਣ ਲਈ ਕੋਝੇ ਹੱਥਕੰਡੇ ਅਪਣਾ ਰਹੇ ਹਨ। ਉਨ੍ਹਾਂ ਆਖਿਆ ਕਿ ਲੋਕ ਹੁਣ ਉਸਦੀ ਅਸਲੀਅਤ ਸਮਝ ਚੁੱਕੇ ਹਨ ਅਤੇ ਇਸ ਲਈ ਉਸਦੀਆਂ ਗੱਲਾਂ ਵਿਚ ਆਉਣ ਵਾਲੇ ਨਹੀਂ।