avtarਅੰਮ੍ਰਿਤਸਰ 15 ਸਤੰਬਰ- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੀਤੇ ਦਿਨ ਟਮਾਟਰਾਂ ਨਾਲ ਭਰਿਆ ਟਰੱਕ ਲੈ ਕੇ ਭਾਰਤ ਦੇ ਵਾਹਗਾ ਬਾਰਡਰ ਤੋਂ ਪਾਕਿਸਤਾਨ ਵਿੱਚ ਦਾਖਲ ਹੋਣ ਸਮੇਂ ਇਕ ਅੰਮ੍ਰਿਤਧਾਰੀ ਟਰੱਕ ਡਰਾਈਵਰ ਨੂੰ ਪਾਕਿ ਰੇਂਜਰਾਂ ਵੱਲੋਂ ਸ੍ਰੀ ਸਾਹਿਬ ਉਤਾਰਨ ਲਈ ਪ੍ਰੇਸ਼ਾਨ ਕਰਕੇ ਵਾਪਸ ਭਾਰਤ ਭੇਜਣ ਦੀ ਘਟਨਾ ਨੂੰ ਮੰਦਭਾਗਾ ਕਰਾਰ ਦਿੱਤਾ ਹੈ।
ਇਥੋਂ ਜਾਰੀ ਪ੍ਰੈੱਸ ਬਿਆਨ ‘ਚ ਉਨ੍ਹਾਂ ਕਿਹਾ ਕਿ ਕਲਗੀਧਰ ਦਸਮੇਸ਼ ਪਿਤਾ ਨੇ ੧੬੯੯ ਈਸਵੀ ਵਿੱਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਖਾਲਸਾ ਪੰਥ ਦੀ ਸਾਜਨਾ ਕੀਤੀ ਅਤੇ  ਅੰਮ੍ਰਿਤਪਾਨ ਕਰਵਾ ਕੇ ਪੰਜ ਕਕਾਰਾਂ ਦਾ ਧਾਰਨੀ ਬਣਾਇਆ aੁਦੋਂ ਹੀ ਇਹ ਪੰਜ ਕਕਾਰ ਹਰ ਅੰਮ੍ਰਿਤਧਾਰੀ ਲਈ ਅਨਿੱਖੜਵਾਂ ਅੰਗ ਹਨ।ਉਨ੍ਹਾਂ ਕਿਹਾ ਕਿ ਸਿੱਖ ਕੌਮ ਸਰਬੱਤ ਦਾ ਭਲਾ ਚਾਹੁਣ ਵਾਲੀ ਕੌਮ ਹੈ, ਇਸ ਨੇ ਕਦੇ ਵੀ ਕਿਸੇ ਦਾ ਬੁਰਾ ਨਹੀਂ ਸੋਚਿਆ।ਉਨ੍ਹਾਂ ਭਾਰਤ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪਾਕਿਸਤਾਨ ਸਰਕਾਰ ਨਾਲ ਗੱਲਬਾਤ ਕਰਕੇ ਇਸ ਪਾਬੰਦੀ ਨੂੰ ਤੁਰੰਤ ਹਟਾਉਣ ਲਈ ਕਹੇ।ਉਨ੍ਹਾਂ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਪਾਕਿਸਤਾਨ ਸਰਕਾਰ ਨਾਲ ਗੱਲਬਾਤ ਰਾਹੀਂ ਕ੍ਰਿਪਾਨ ਦੀ ਅਹਿਮੀਅਤ ਬਾਰੇ ਜਾਣੂੰ ਕਰਵਾਉਣ ਲਈ ਕਿਹਾ।ਉਨ੍ਹਾਂ ਕਿਹਾ ਕਿ ਭਾਰਤੀ ਵਿਦੇਸ਼ ਮੰਤਰੀ ਨੂੰ ਇਸ ਸਬੰਧੀ ਪੱਤਰ ਲਿਖ ਕੇ ਅਗਲੇਰੀ ਕਾਰਵਾਈ ਲਈ ਕਿਹਾ ਜਾਵੇਗਾ।