ਅੰਮ੍ਰਿਤਸਰ, 2 ਜੂਨ- ਕੋਵਿਡ-19 ਦੇ ਚਲਦਿਆਂ ਟ੍ਰਾਈਡੈਂਟ ਗਰੁੱਪ ਲੁਧਿਆਣਾ ਵੱਲੋਂ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਤੇ ਹਸਪਤਾਲ ਸ੍ਰੀ ਅੰਮ੍ਰਿਤਸਰ ਲਈ 250 ਪੀਪੀਈ ਕਿੱਟਾਂ ਭੇਜੀਆਂ ਗਈਆਂ ਹਨ। ਇਹ ਕਿੱਟਾਂ ਅੱਜ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਅਤੇ ਹੋਰ ਅਧਿਕਾਰੀਆਂ ਨੇ ਮੈਡੀਕਲ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਮਨਜੀਤ ਸਿੰਘ ਉਪਲ ਨੂੰ ਸੌਂਪੀਆਂ। ਇਸ ਮੌਕੇ ਡਾ. ਰੂਪ ਸਿੰਘ ਨੇ ਟ੍ਰਾਈਡੈਂਟ ਗਰੁੱਪ ਦਾ ਧੰਨਵਾਦ ਕਰਦਿਆਂ ਆਖਿਆ ਕਿ ਮੌਜੂਦਾ ਕੋਰੋਨਾ ਸੰਕੰਟ ਸਮੇਂ ਮਨੁੱਖੀ ਸੇਵਾ ਲਈ ਅੱਗੇ ਆ ਰਹੀਆਂ ਸੰਸਥਾਵਾਂ ਪ੍ਰਸੰਸਾ ਦੀਆਂ ਪਾਤਰ ਹਨ। ਉਨ੍ਹਾਂ ਕਿਹਾ ਕਿ ਇਹ ਸਮਾਂ ਇੱਕਜੁੱਟਤਾ ਨਾਲ ਅੱਗੇ ਵਧਣ ਦਾ ਹੈ। ਟ੍ਰਾਈਡੈਂਟ ਗਰੁੱਪ ਨੇ ਵਿਸ਼ੇਸ਼ ਪਹਿਲਕਦਮੀ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਾਲੇ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਲਈ ਕਿੱਟਾਂ ਭੇਜ ਕੇ ਮਨੁੱਖੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਅਤੇ ਹਸਪਤਾਲ ਤੋਂ ਕੋਵਿਡ-19 ਦੌਰਾਨ ਜ਼ਿਕਰਯੋਗ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਇਥੇ ਦਾਖ਼ਲ ਕੀਤੇ ਗਏ ਕੋਰੋਨਾ ਪੀੜਤ ਸਿਹਤਯਾਬ ਹੋ ਕੇ ਘਰਾਂ ਨੂੰ ਜਾ ਚੁੱਕੇ ਹਨ। ਇਹ ਸੇਵਾਵਾਂ ਲਗਾਤਾਰ ਜਾਰੀ ਰਹਿਣਗੀਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸ. ਮਨਜੀਤ ਸਿੰਘ ਬਾਠ, ਨਿੱਜੀ ਸਕੱਤਰ ਸ. ਮਹਿੰਦਰ ਸਿੰਘ ਆਹਲੀ, ਵਧੀਕ ਸਕੱਤਰ ਸ. ਸੁਖਦੇਵ ਸਿੰਘ ਭੂਰਾਕੋਹਨਾ, ਸੂਚਨਾਂ ਅਧਿਕਾਰੀ ਸ. ਜਸਵਿੰਦਰ ਸਿਘ ਜੱਸੀ, ਸੁੁਪ੍ਰਿੰਟੈਂਡੈਂਟ ਸ. ਮਲਕੀਤ ਸਿੰਘ ਬਹਿੜਵਾਲ ਆਦਿ ਮੌਜੂਦ ਸਨ।