ਅੰਮ੍ਰਿਤਸਰ, 18 ਮਈ (     )- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਦੇ ਡਾਇਰੈਕਟਰ ਸ. ਗੁਲਜ਼ਾਰ ਸਿੰਘ ਕੰਗ ਦੇ ਅਕਾਲ ਚਲਾਣਾ ਕਰ ਜਾਣ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸ. ਗੁਲਜ਼ਾਰ ਸਿੰਘ ਸਿੱਖ ਧਰਮ ਦੇ ਸੁਹਿਰਦ ਵਿਦਵਾਨ ਸਨ, ਜਿਨ੍ਹਾਂ ਦੇ ਡਾਇਰੈਕਟਰ ਬਣਨ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਨੇ ਧਾਰਮਿਕ ਖੋਜ ਦੇ ਖੇਤਰ ਵਿਚ ਵੱਡੀਆਂ ਪੁਲਾਂਘਾਂ ਪੁੱਟੀਆਂ। ਉਨ੍ਹਾਂ ਕਿਹਾ ਕਿ ਸ. ਕੰਗ ਨੇ ਸਿੱਖ ਵਿਦਵਤਾ ਦੇ ਖੇਤਰ, ਸਿੱਖ ਇਤਿਹਾਸ, ਸਰੋਕਾਰਾਂ, ਗੁਰਬਾਣੀ ਵਿਆਖਿਆ, ਵਿਆਕਰਣ, ਸਿੱਖ ਕਦਰਾਂ-ਕੀਮਤਾਂ, ਸਿੱਖ ਸੱਭਿਆਚਾਰ ਤੇ ਸਿੱਖ ਸਾਹਿਤ ਵਿਚ ਵਡਮੁੱਲਾ ਯੋਗਦਾਨ ਪਾਇਆ। ਉਨ੍ਹਾਂ ਦੇ ਖੋਜ ਕਾਰਜਾਂ ਤੇ ਲਿਖਤਾਂ ਤੋਂ ਨਵੇਂ ਸਿੱਖ ਖੋਜਕਾਰਾਂ ਨੂੰ ਇਸ ਖੇਤਰ ਵਿਚ ਅਗਵਾਈ ਮਿਲਦੀ ਰਹੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਇਸ ਅਧਿਐਨ ਕੇਂਦਰ ਨੂੰ ਹੁਣ ਤਕ ੭੫ ਲੱਖ ਰੁਪਏ ਸਹਾਇਤਾ ਵਜੋਂ ਦੇ ਚੁੱਕੀ ਹੈ। ਪ੍ਰੋ: ਬਡੂੰਗਰ ਨੇ ਕਿਹਾ ਕਿ ਅਜਿਹੇ ਵਿਦਵਾਨ ਕੌਮ ਦਾ ਸਰਮਾਇਆ ਹੁੰਦੇ ਹਨ ਅਤੇ ਇਨ੍ਹਾਂ ਦੇ ਤੁਰ ਜਾਣ ਨਾਲ ਕੌਮ ਇਕ ਬੁੱਧੀਜੀਵੀ ਤੋਂ ਵਾਂਝੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ ਅਤੇ ਪਿੱਛੇ ਪਰਿਵਾਰ ਤੇ ਸਨੇਹੀਆਂ ਨੂੰ ਭਾਣਾ ਮੰਨਣ ਦਾ ਬਲ ਪ੍ਰਦਾਨ ਕਰਨ।