ਸੋਗ ਵਜੋਂ ਦਫ਼ਤਰ ਸ਼੍ਰੋਮਣੀ ਕਮੇਟੀ ਅੱਧਾ ਦਿਨ ਬੰਦ ਰਹੇ
avtarਅੰਮ੍ਰਿਤਸਰ ੧੨ ਸਤੰਬਰ (        ) ਵਿਸ਼ਵ ਪ੍ਰਸਿੱਧ ਸਿੱਖ ਵਿਦਵਾਨ ਤੇ ਸਿੱਖ ਚਿੰਤਕ ਡਾਕਟਰ ਜਸਵੰਤ ਸਿੰਘ ਨੇਕੀ ਦੇ ਅਚਾਨਕ ਅਕਾਲ ਚਲਾਣਾ ਕਰ ਜਾਣ ‘ਤੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਫਸੋਸ ਪ੍ਰਗਟ ਕਰਦਿਆਂ ਇਸ ਨੂੰ ਬੇਹੱਦ ਦੁਖਦਾਈ ਦੱਸਿਆ ਹੈ।
ਇਥੋਂ ਜਾਰੀ ਪ੍ਰੈੱਸ ਬਿਆਨ ‘ਚ ਉਨ੍ਹਾਂ ਕਿਹਾ ਕਿ ਡਾਕਟਰ ਜਸਵੰਤ ਸਿੰਘ ਨੇਕੀ ਪੀ.ਜੀ.ਆਈ. ਚੰਡੀਗੜ੍ਹ ਦੇ ਡਾਇਰੈਕਟਰ, ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਦੇ ਮੈਂਬਰ ਅਤੇ ਭਾਈ ਵੀਰ ਸਿੰਘ ਸਾਹਿਤ ਸਦਨ ਦੇ ਪ੍ਰਧਾਨ ਰਹਿ ਚੁੱਕੇ ਹਨ।ਵਿਸ਼ਵ ਪ੍ਰਸਿੱਧ ਮਨੋਵਿਗਿਆਨੀ ਤੇ ਸਿੱਖ ਚਿੰਤਕ ਲੇਖਕ ਵਜੋਂ ਪਾਏ ਯੋਗਦਾਨ ਲਈ ਸੰਸਾਰ ਭਰ ਵਿੱਚ ਵੱਸਣ ਵਾਲੇ ਸਿੱਖ ਉਨ੍ਹਾਂ ਦੇ ਜੀਵਨ ਤੋਂ ਪ੍ਰਭਾਵਤ ਹਨ।
ਇਥੇ ਇਹ ਵੀ ਖਾਸ ਜ਼ਿਕਰਯੋਗ ਹੈ ਕਿ ਡਾਕਟਰ ਜਸਵੰਤ ਸਿੰਘ ਨੇਕੀ ਦਾ ਪਿਛੋਕੜ ਇਕ ਗੈਰ ਸਿੱਖ ਹਿੰਦੂ ਪਰਿਵਾਰ ਨਾਲ ਜੁੜਦਾ ਹੈ।ਪਰ ਉਨ੍ਹਾਂ ਨੇ ਸਿੱਖ ਸਿਧਾਂਤਾਂ ਨੂੰ ਸਮਝਦਿਆਂ ਸਿੱਖੀ ਮਾਰਗ ਨੂੰ ਅਪਣਾਇਆ ਤੇ ਸ਼੍ਰੋਮਣੀ ਕਮੇਟੀ ਦੀ ਧਰਮ-ਪ੍ਰਚਾਰ ਕਮੇਟੀ ਦੇ ਮੈਂਬਰ ਵਜੋਂ ਵੱਡਮੁੱਲੀਆਂ ਸੇਵਾਵਾਂ ਨਿਭਾਈਆਂ।ਉਨ੍ਹਾਂ ਵੱਲੋਂ ਸਿੱਖੀ ਦੇ ਪ੍ਰਚਾਰ-ਪ੍ਰਸਾਰ ਲਈ ਕੀਤੇ ਉਪਰਾਲੇ ਇਤਿਹਾਸ ਦੇ ਸੁਨਹਿਰੀ ਅੱਖਰਾਂ ਵਿੱਚ ਅੰਕਿਤ ਹੋਣ ਯੋਗ ਹਨ।ਉਨ੍ਹਾਂ ਕਿਹਾ ਕਿ ਡਾਕਟਰ ਜਸਵੰਤ ਸਿੰਘ ਨੇਕੀ ਦੇ ਛੋਟੇ ਭਰਾਤਾ ਗੁਰਪ੍ਰਵਾਸੀ ਪ੍ਰੋਫੈਸਰ ਪ੍ਰਕਾਸ਼ ਸਿੰਘ ਸਿੱਖ ਮਿਸ਼ਨਰੀ ਕਾਲਜ ਸ੍ਰੀ ਅੰਮ੍ਰਿਤਸਰ ਦੇ ਪ੍ਰਿੰਸੀਪਲ ਰਹਿ ਚੁੱਕੇ ਹਨ ਤੇ ਇਸ ਪਰਿਵਾਰ ਵੱਲੋਂ ਸਿੱਖ ਧਰਮ ਤੇ ਸਮਾਜ ਦੇ ਵਿਕਾਸ ਵਿੱਚ ਅਹਿਮ ਯੋਗਦਾਨ ਨੂੰ ਸਦੀਆਂ ਤੀਕ ਸਿੱਖ ਯਾਦ ਰੱਖਣਗੇ।ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਉਹ ਡਾਕਟਰ ਜਸਵੰਤ ਸਿੰਘ ਨੇਕੀ ਦੀ ਅੰਤਮ ਅਰਦਾਸ ਵਿੱਚ ਖੁਦ ਅਤੇ ਸ਼੍ਰੋਮਣੀ ਕਮੇਟੀ ਦੇ ਉੱਚ ਅਹੁਦੇਦਾਰ ਸ਼ਾਮਲ ਹੋਣਗੇ।ਉਨ੍ਹਾਂ ਕਿਹਾ ਕਿ ਪਰਮਾਤਮਾ ਦਾ ਹੁਕਮ ਅਟੱਲ ਹੈ।ਇਸ ਨੂੰ ਕੋਈ ਮੋੜ ਨਹੀਂ ਸਕਦਾ ਇਸ ਲਈ ਅਰਦਾਸ ਹੈ ਕਿ ਸਤਿਗੁਰੂ ਜੀ ਡਾਕਟਰ ਜਸਵੰਤ ਸਿੰਘ ਨੇਕੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਪਿੱਛੇ ਪਰਿਵਾਰ ਤੇ ਸੁਨੇਹੀਆਂ ਨੂੰ ਭਾਣਾ ਮੰਨਣ ਦਾ ਬਲ ਪ੍ਰਦਾਨ ਕਰਨ।
ਇਸੇ ਤਰ੍ਹਾਂ ਡਾਕਟਰ ਜਸਵੰਤ ਸਿੰਘ ਨੇਕੀ ਦੇ ਅਚਾਨਕ ਅਕਾਲ ਚਲਾਣਾ ਕਰ ਜਾਣ ਤੇ ਸ. ਹਰਚਰਨ ਸਿੰਘ ਮੁੱਖ ਸਕੱਤਰ, ਡਾ.ਰੂਪ ਸਿੰਘ, ਸ. ਮਨਜੀਤ ਸਿੰਘ ਤੇ ਸ. ਅਵਤਾਰ ਸਿੰਘ ਸਕੱਤਰ, ਸ. ਦਿਲਜੀਤ ਸਿੰਘ ਬੇਦੀ, ਸ.ਬਲਵਿੰਦਰ ਸਿੰਘ ਜੌੜਾਸਿੰਘਾ, ਸ. ਹਰਭਜਨ ਸਿੰਘ ਮਨਾਵਾਂ, ਸ. ਪਰਮਜੀਤ ਸਿੰਘ ਸਰੋਆ, ਸ.ਸੁਖਦੇਵ ਸਿੰਘ ਭੂਰਾਕੋਹਨਾ, ਸ. ਰਣਜੀਤ ਸਿੰਘ ਤੇ ਸ. ਮਹਿੰਦਰ ਸਿੰਘ ਆਹਲੀ ਵਧੀਕ ਸਕੱਤਰ, ਸ.ਸਕੱਤਰ ਸਿੰਘ ਮੀਤ ਸਕੱਤਰ, ਸ. ਕੁਲਵਿੰਦਰ ਸਿੰਘ ‘ਰਮਦਾਸ’ ਇੰਚਾਰਜ ਪਬਲੀਸਿਟੀ, ਰਿਸਰਚ ਸਕਾਲਰ ਸਿੱਖ ਇਤਿਹਾਸ ਬੋਰਡ ਡਾ.ਅਮਰਜੀਤ ਕੌਰ, ਬੀਬੀ ਰਣਜੀਤ ਕੌਰ, ਪ੍ਰੋਫੈਸਰ ਮਨਜੀਤ ਕੌਰ ਤੇ ਬੀਬੀ ਕਿਰਨਦੀਪ ਕੌਰ, ਸ਼੍ਰੋਮਣੀ ਕਮੇਟੀ, ਧਰਮ ਪ੍ਰਚਾਰ ਕਮੇਟੀ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਮੁੱਚੇ ਸਟਾਫ ਵੱਲੋਂ ਡੂੰਘੇ ਅਫਸੋਸ ਦਾ ਇਜ਼ਹਾਰ ਕਰਦਿਆਂ ਪਰਿਵਾਰ ਨਾਲ ਹਮਦਰਦੀ ਕੀਤੀ ਹੈ।ਸ਼੍ਰੋਮਣੀ ਕਮੇਟੀ ਦੇ ਉਕਤ ਅਹੁਦੇਦਾਰਾਂ ਨੇ ਕਿਹਾ ਕਿ ਡਾਕਟਰ ਨੇਕੀ ਦੇ ਅਚਾਨਕ ਅਕਾਲ ਚਲਾਣੇ ਨਾਲ ਸਿੱਖ ਪੰਥ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ।ਉਨ੍ਹਾਂ ਕਿਹਾ ਕਿ ਡਾਕਟਰ ਨੇਕੀ ਜੀ ਨੇ ਆਪਣੇ ਜੀਵਨ ਦੌਰਾਨ ਸਿੱਖੀ ਨੂੰ ਪ੍ਰਫੁੱਲਤ ਕਰਨ ਲਈ ਵੱਡਾ ਯੋਗਦਾਨ ਪਾਇਆ ਹੈ।ਇਸ ਲਈ ਅਜਿਹੇ ਵਿਦਵਾਨ ਦਾ ਸੰਸਾਰ ਤੋਂ ਚਲੇ ਜਾਣਾ ਅਸਹਿ ਤੇ ਅਕਹਿ ਹੈ।ਡਾਕਟਰ ਜਸਵੰਤ ਸਿੰਘ ਨੇਕੀ ਦੇ ਅਚਾਨਕ ਅਕਾਲ ਚਲਾਣਾ ਕਰ ਜਾਣ ਤੇ ਸੋਗ ਵਜੋਂ ਦਫ਼ਤਰ ਸ਼੍ਰੋਮਣੀ ਕਮੇਟੀ ਅੱਧੇ ਦਿਨ ਲਈ ਬੰਦ ਕਰ ਦਿੱਤੇ ਗਏ।