ਅੰਮ੍ਰਿਤਸਰ, 18 ਫ਼ਰਵਰੀ– ਡਾ. ਗੁਰਨਾਮ ਸਿੰਘ (ਡੀਨ ਅਲੂਮੀਨ, ਪੰਜਾਬੀ ਯੂਨੀਵਰਸਿਟੀ ਪਟਿਆਲਾ) ਨੂੰ ਗੁਰਮਤਿ ਸੰਗੀਤ ਵਿਚ ਪਾਏ ਯੋਗਦਾਨ ਬਦਲੇ ਭਾਰਤ ਦੇ ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ ਵੱਲੋਂ ਸੰਗੀਤ ਨਾਟਕ ਅਕੈਡਮੀ ਐਵਾਰਡ ਨਾਲ ਸਨਮਾਨਿਤ ਕਰਨ ‘ਤੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਵਧਾਈ ਦਿੱਤੀ ਹੈ। ਭਾਈ ਲੌਂਗੋਵਾਲ ਨੇ ਡਾ. ਸਾਹਿਬ ਨੂੰ ਐਵਾਰਡ ਮਿਲਣ ‘ਤੇ ਉਨ੍ਹਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਪੂਰੇ ਸਿੱਖ ਜਗਤ ਨੂੰ ਡਾ. ਗੁਰਨਾਮ ਸਿੰਘ ਵੱਲੋਂ ਗੁਰਮਤਿ ਸੰਗੀਤ ਵਿਚ ਪਾਏ ਯੋਗਦਾਨ ‘ਤੇ ਬਹੁਤ ਮਾਣ ਹੈ। ਡਾ. ਗੁਰਨਾਮ ਸਿੰਘ ਉਹ ਕੀਰਤਨੀਏ ਹਨ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ੩੧ ਰਾਗਾਂ ਵਿਚ ਕੀਰਤਨ ਕੀਤਾ ਹੈ। ਡਾ. ਸਾਹਿਬ ਨੇ ਬਹੁਤ ਸਾਰੀਆਂ ਕਿਤਾਬਾਂ ਤੇ ਸਾਹਿਤ ਵੀ ਲਿਖਿਆ, ਜਿਨ੍ਹਾਂ ਨੂੰ ਬਾਹਰ ਦੀਆਂ ਯੂਨੀਵਰਸਿਟੀਆਂ ਵਿਚ ਪੜ੍ਹਾਇਆ ਜਾਂਦਾ ਹੈ। ਜ਼ਿਕਰਯੋਗ ਹੈ ਕਿ ੫ ਫ਼ਰਵਰੀ ੨੦੧੯ ਨੂੰ ਡਾ. ਗੁਰਨਾਮ ਸਿੰਘ ਨੂੰ ਰਾਸ਼ਟਰਪਤੀ ਵੱਲੋਂ ਉਨ੍ਹਾਂ ਦੀਆਂ ਗੁਰਮਤਿ ਸੰਗੀਤ ਵਿਚ ਨਿਭਾਈਆਂ ਸੇਵਾਵਾਂ ਬਦਲੇ ਉਕਤ ਐਵਾਰਡ ਦਿੱਤਾ ਗਿਆ ਸੀ।