ਅੰਮ੍ਰਿਤਸਰ, ੦੭ ਅਗਸਤ- ਪ੍ਰਸਿੱਧ ਸਿੱਖ ਵਿਦਵਾਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਦੀ ਨਵ-ਪ੍ਰਕਾਸ਼ਤ ਪੁਸਤਕ ‘ਝੂਲਤੇ ਨਿਸ਼ਾਨ ਰਹੇਂ…’ ਭਲਕੇ ੮ ਅਗਸਤ ਨੂੰ ਲੋਕ ਅਰਪਣ ਕੀਤੀ ਜਾਵੇਗੀ। ਇਹ ਪੁਸਤਕ ਅੰਮ੍ਰਿਤਸਰ ਦੇ ਪ੍ਰਮੁੱਖ ਪਬਲੀਸ਼ਰ ‘ਸਿੰਘ ਬ੍ਰਦਰਜ਼’ ਵੱਲੋਂ ਪ੍ਰਕਾਸ਼ਤ ਕੀਤੀ ਗਈ ਹੈ ਅਤੇ ਇਸ ਵਿਚ ਵੱਖ-ਵੱਖ ਵਿਸ਼ਿਆਂ ‘ਤੇ ਲਿਖੇ ਗਏ ਸਿੱਖ ਧਰਮ ਨਾਲ ਸਬੰਧਤ ਲੇਖ ਸ਼ਾਮਲ ਹਨ। ਮੁੱਖ ਲੇਖ ਗੁਰਦੁਆਰਾ ਸਾਹਿਬਾਨ ‘ਚ ਝੂਲਦੇ ਨਿਸ਼ਾਨ ਸਾਹਿਬ ਦੇ ਸੰਕਲਪ, ਸੰਦਰਭ ਅਤੇ ਇਸ ਦੇ ਇਤਿਹਾਸ ਬਾਰੇ ਹੈ। ਪੁਸਤਕ ਦਾ ਰਿਲੀਜ਼ ਸਮਾਰੋਹ ਸਥਾਨਕ ਕਸ਼ਮੀਰ ਐਵੀਨਿਊ ਵਿਖੇ ਸਥਿਤ ਸੰਤ ਸਿੰਘ ਸੁੱਖਾ ਸਿੰਘ ਮਾਡਰਨ ਸਕੂਲ ਦੇ ਨਿਆਮਤ ਇਕੱਤਰਤਾ ਹਾਲ ਵਿਚ ਸਵੇਰੇ ੧੦:੩੦ ਵਜੇ ਹੋਵੇਗਾ। ਸਮਾਰੋਹ ਦੇ ਮੁੱਖ ਮਹਿਮਾਨ ਸੰਤ ਸਿੰਘ ਸੁੱਖਾ ਸਿੰਘ ਵਿਦਿਅਕ ਸੰਸਥਾਵਾਂ ਦੇ ਡਾਇਰੈਕਟਰ ਪ੍ਰਿੰਸੀਪਲ ਜਗਦੀਸ਼ ਸਿੰਘ ਹੋਣਗੇ, ਜਦਕਿ ਬੁਲਾਰਿਆਂ ਵੱਲੋਂ ਪੁਸਤਕ ਸਬੰਧੀ ਚਰਚਾ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਡਾ. ਰੂਪ ਸਿੰਘ ਪ੍ਰਸਿੱਧ ਪੰਥਕ ਵਿਦਵਾਨ ਹਨ ਅਤੇ ਉਨ੍ਹਾਂ ਦੀਆਂ ਲਿਖਤਾਂ ਵੱਖ-ਵੱਖ ਪੱਤਰਾਂ ਵਿਚ ਨਿਰੰਤਰ ਛਪਦੀਆਂ ਰਹਿੰਦੀਆਂ ਹਨ। ਉਹ ਦਰਜ਼ਨਾਂ ਕਿਤਾਬਾਂ ਦੇ ਰਚੇਤਾ ਹਨ ਅਤੇ ਸਿੱਖ ਪੰਥ ਦੇ ਸਭ ਤੋਂ ਵੱਧ ਗਿਣਤੀ ਵਿਚ ਛਪਣ ਵਾਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਾਰਮਿਕ ਮੈਗਜ਼ੀਨ ‘ਗੁਰਮਤਿ ਪ੍ਰਕਾਸ਼’ ਦੇ ੧੦ ਸਾਲ ਸੰਪਾਦਕ ਵੀ ਰਹਿ ਚੁੱਕੇ ਹਨ। ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ‘ਸ਼੍ਰੋਮਣੀ ਸਿੱਖ ਚਿੰਤਕ’ ਦਾ ਐਵਾਰਡ ਵੀ ਮਿਲ ਚੁੱਕਾ ਹੈ।