21-09-2015-1ਅੰਮ੍ਰਿਤਸਰ 21 ਸਤੰਬਰ ( )  ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਬੁਲੰਦੀਆਂ ‘ਤੇ ਪਹੁੰਚਾਉਣ ਲਈ ਹੋਰਨਾਂ ਧਾਰਮਿਕ ਪ੍ਰੋਗਰਾਮਾਂ ਦੇ ਨਾਲ-ਨਾਲ ਡਾਕਟਰ ਰੂਪ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ ਦੀ ਡਿਊਟੀ ਲਗਾਈ ਗਈ ਕਿ ਸਿੱਖ ਇਤਿਹਾਸ ਨਾਲ ਸਬੰਧਤ ਬਹੁਮੁੱਲੇ ਲੇਖ ਜੋ ਵੱਖ-ਵੱਖ ਵਿਦਵਾਨਾਂ ਵੱਲੋਂ ੧੯੫੭ ਤੋਂ ਲੈ ਕੇ ਹੁਣ ਤੀਕ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਕਮੇਟੀ) ਦੇ ਮਾਸਕ ਪੱਤਰ ‘ਗੁਰਮਤਿ ਪ੍ਰਕਾਸ਼’ ਵਿੱਚ ਛਪ ਚੁੱਕੇ ਹਨ ਨੂੰ ਦੁਬਾਰਾ ਸੰਪਾਦਨ ਕਰਕੇ ਪੁਸਤਕ ਰੂਪ ਵਿੱਚ ਪ੍ਰਕਾਸ਼ਤ ਕਰਕੇ ਪਾਠਕਾਂ ਦੀ ਝੋਲੀ ਪਾਇਆ ਜਾਵੇ।
ਪ੍ਰਧਾਨ ਸਾਹਿਬ ਵੱਲੋਂ ਜ਼ਿੰਮੇ ਲਾਈ ਇਸ ਅਹਿਮ ਜ਼ਿੰਮੇਵਾਰੀ ਨੂੰ ਡਾ.ਰੂਪ ਸਿੰਘ ਸਕੱਤਰ ਨੇ ਸਿੱਖ ਇਤਿਹਾਸ ਬੋਰਡ ਦੇ ਰੀਸਰਚ ਸਕਾਲਰ ਸ. ਸਤਿੰਦਰ ਸਿੰਘ ਫੂਲਪੁਰ, ਸ. ਅਪਿੰਦਰ ਸਿੰਘ, ਬੀਬੀ ਅਮਰਜੀਤ ਕੌਰ ਤੇ ਬੀਬੀ ਰਣਜੀਤ ਕੌਰ ਪੰਨੂਆਂ ਦੀ ਮਦਦ ਨਾਲ ਤਕਰੀਬਨ ੭੦੦ ਪੰਨਿਆਂ ਦੀ ਧਾਰਮਿਕ ਪੁਸਤਕ ‘ਸਿੱਖ ਸੰਕਲਪ ਸਿਧਾਂਤ ਤੇ ਸੰਸਥਾਵਾਂ’ ਤਿਆਰ ਕਰਕੇ ਸਿੱਖੀ ਨੂੰ ਪਿਆਰ ਕਰਨ ਵਾਲੇ ਸੁਹਿਰਦ ਪਾਠਕਾਂ ਦੀ ਝੋਲੀ ਪਾਈ ਜਿਸ ਨੂੰ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵੱਲੋਂ ਪ੍ਰਿ : ਤੇਜਾ ਸਿੰਘ (ਸੰਪਾਦਨਾ) ਪੁਰਸਕਾਰ ਦੇਣ ਲਈ ਚੁਣਿਆ ਗਿਆ ਹੈ।ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਕਮੇਟੀ) ਦੀ ਇਸ ਧਾਰਮਿਕ ਪੁਸਤਕ ਨੂੰ ਭਾਸ਼ਾ ਵਿਭਾਗ ਪੰਜਾਬ ਸਰਕਾਰ ਵੱਲੋਂ ਪੁਰਸਕਾਰ ਦੇਣ ਲਈ ਚੁਣੇ ਜਾਣ ਬਾਰੇ ਖਬਰ ਜਦੋਂ ਸਿੱਖ ਵਿਦਵਾਨਾਂ, ਬੁੱਧੀਜੀਵੀਆਂ ਤੇ ਸਿੱਖੀ ਨੂੰ ਪਿਆਰ ਕਰਨ ਵਾਲਿਆਂ ਦੇ ਪਾਸ ਪੁੱਜੀ ਤਾਂ ਉਨ੍ਹਾਂ ਖੁਸ਼ੀ ਦਾ ਇਜ਼ਹਾਰ ਕਰਦਿਆਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਡਾਕਟਰ ਰੂਪ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ ਨੂੰ ਵਧਾਈ ਦਿੱਤੀ ਜਿਨ੍ਹਾਂ ਵਿੱਚ ਸ. ਹਰਚਰਨ ਸਿੰਘ ਮੁੱਖ ਸਕੱਤਰ, ਸ. ਮਨਜੀਤ ਸਿੰਘ ਤੇ ਸ. ਅਵਤਾਰ ਸਿੰਘ ਸਕੱਤਰ, ਸ. ਦਿਲਜੀਤ ਸਿੰਘ ਬੇਦੀ, ਸ.ਹਰਭਜਨ ਸਿੰਘ ਮਨਾਵਾਂ, ਸ. ਸੁਖਦੇਵ ਸਿੰਘ ਭੂਰਾਕੋਹਨਾ ਤੇ ਸ. ਬਲਵਿੰਦਰ ਸਿੰਘ ਜੌੜਾਸਿੰਘਾ, ਸ.ਪਰਮਜੀਤ ਸਿੰਘ ਸਰੋਆ ਵਧੀਕ ਸਕੱਤਰ ਤੇ ਸ. ਕੁਲਵਿੰਦਰ ਸਿੰਘ ‘ਰਮਦਾਸ’ ਇੰਚਾਰਜ ਪਬਲੀਸਿਟੀ ਦਾ ਨਾਮ ਵੀ ਸ਼ਾਮਲ ਹੈ।
ਸ਼੍ਰੋਮਣੀ ਕਮੇਟੀ ਦੀ ਪਹਿਲੀ ਇਸ ਧਾਰਮਿਕ ਪੁਸਤਕ ਨੂੰ ਭਾਸ਼ਾ ਵਿਭਾਗ ਵੱਲੋਂ ਪੁਰਸਕਾਰ ਦੇਣ ਦਾ ਫੈਸਲਾ ਕੀਤਾ ਗਿਆ ਹੈ, ਜਿਸ ਦੀ ਹਰ ਪਾਸਿਓ ਸ਼ਲਾਘਾ ਹੋ ਰਹੀ ਹੈ ਤੇ ਪਿਛਲੇ ਥੋੜੇ ਜਿਹੇ ਸਮੇਂ ਵਿੱਚ ਹੀ ੪੨੦੦ ਪੁਸਤਕਾਂ ਸਿੱਖੀ ਨਾਲ ਪਿਆਰ ਕਰਨ ਵਾਲੇ ਪਾਠਕਾਂ ਤੀਕ ਪਹੁੰਚ ਚੁੱਕੀਆਂ ਹਨ।ਇਥੇ ਇਹ ਵੀ ਵਰਨਣਯੋਗ ਹੈ ਕਿ ਪ੍ਰਧਾਨ ਸਾਹਿਬ ਵੱਲੋਂ ਲਗਾਈ ਜ਼ਿੰਮੇਵਾਰੀ ਅਨੁਸਾਰ ਡਾਕਟਰ ਰੂਪ ਸਿੰਘ ਦੀ ਅਗਵਾਈ ਵਾਲੀ ਇਸ ਟੀਮ ਨੇ ਹੁਣ ਤੀਕ ਤਿੰਨ ਧਾਰਮਿਕ ਪੁਸਤਕਾਂ ‘ਸਿੱਖ ਸੰਕਲਪ ਸਿਧਾਂਤ ਤੇ ਸੰਸਥਾਵਾਂ’, ‘ਸਿੱਖ ਸੰਗਰਾਮ ਦੀ ਦਾਸਤਾ’ ਤੇ ‘ਵੱਡਾ ਪੁਰਖ ਪ੍ਰਗਟਿਉ’ ਪ੍ਰਕਾਸ਼ਤ ਕਰਵਾ ਕੇ ਪਾਠਕਾਂ ਦੀ ਝੋਲੀ ਪਾਉਂਦਿਆਂ ਸਿੱਖੀ ਬਾਰੇ ਅਰਥ ਭਰਪੂਰ ਗਿਆਨ ‘ਚ ਵਾਧਾ ਕੀਤਾ ਹੈ।