ਦਾਖ਼ਲੇ ਲਈ ੧੭ ਜੁਲਾਈ ਨੂੰ ਹੋਵੇਗੀ ਇੰਟਰਵਿਊ

ਅੰਮ੍ਰਿਤਸਰ ੧੪ ਜੁਲਾਈ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਸਿੱਖੀ ਦੇ ਪ੍ਰਚਾਰ ਲਈ ਢਾਡੀ ਅਤੇ ਕਵੀਸ਼ਰ ਜਥੇ ਤਿਆਰ ਕਰਨ ਲਈ ਸਿੱਖ ਕੌਮ ਦੇ ਪ੍ਰਸਿੱਧ ਢਾਡੀ ਅਤੇ ਇਤਿਹਾਸਕਾਰ ਗਿਆਨੀ ਸੋਹਣ ਸਿੰਘ ਸੀਤਲ ਦੇ ਨਾਂ ‘ਤੇ ਇਤਿਹਾਸਕ ਨਗਰ ਗੁਰੂ ਕੀ ਵਡਾਲੀ ਛੇਹਰਟਾ (ਅੰਮ੍ਰਿਤਸਰ) ਵਿਖੇ ਢਾਡੀ/ਕਵੀਸ਼ਰੀ ਗੁਰਮਤਿ ਕਾਲਜ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਸਬੰਧੀ ਧਰਮ ਪ੍ਰਚਾਰ ਕਮੇਟੀ ਦੇ ਵਧੀਕ ਸਕੱਤਰ ਸ. ਬਲਵਿੰਦਰ ਸਿੰਘ ਜੌੜਾਸਿੰਘਾ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਨਿਰਦੇਸ਼ਾਂ ਅਨੁਸਾਰ ਇਸ ਢਾਡੀ/ਕਵੀਸ਼ਰ ਕਾਲਜ ਦਾ ਸੈਸ਼ਨ ਇਸੇ ਵਰ੍ਹੇ ਤੋਂ ਆਰੰਭ ਕੀਤਾ ਜਾਵੇਗਾ, ਜਿਸ ਲਈ ਅੰਮ੍ਰਿਤਧਾਰੀ ਗੁਰਸਿੱਖ ਉਮੀਦਵਾਰਾਂ ਦੀ ਇੰਟਰਵਿਊ ਕਾਲਜ ਵਿਖੇ ਹੀ ੧੭ ਜੁਲਾਈ ਨੂੰ ਰੱਖੀ ਗਈ ਹੈ। ਉਨ੍ਹਾਂ ਦੱਸਿਆ ਕਿ ਕਾਲਜ ਵਿਖੇ ਤਿੰਨ ਸਾਲਾ ਕੋਰਸ ਵਿਚ ੪੦ ਸੀਟਾਂ ਲਈ ਵਿਦਿਆਰਥੀ ਦਾਖ਼ਲ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਪਹਿਲਾ ਕਾਲਜ ਹੋਵੇਗਾ ਜਿਥੇ ਢਾਡੀ ਅਤੇ ਕਵੀਸ਼ਰਾਂ ਨੂੰ ਸਿੱਖ ਕੌਮ ਦੇ ਪ੍ਰਚਾਰ ਲਈ ਤਿਆਰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕਾਲਜ ਵਿਚ ਦਾਖਲਾ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਿੱਖ ਇਤਿਹਾਸ, ਸਿੱਖ ਸਿਧਾਂਤਾਂ, ਸਿੱਖ ਰਹਿਤ ਮਰਯਾਦਾ, ਸਾਰੰਗੀ, ਢੱਡ ਅਤੇ ਕਵੀਸ਼ਰੀ ਵਿੱਦਿਆ ਨਾਲ ਸਬੰਧਤ ਸਿੱਖਿਆ ਦਿੱਤੀ ਜਾਵੇਗੀ। ਸ. ਜੌੜਾਸਿੰਘਾ ਨੇ ਕਿਹਾ ਕਿ ਢਾਡੀ ਅਤੇ ਕਵੀਸ਼ਰ ਕਲਾ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਮਹੱਤਵਪੂਰਣ ਮੰਨੀ ਜਾਂਦੀ ਹੈ ਅਤੇ ਇਸ ਪੁਰਾਤਨ ਕਲਾ ਰਾਹੀਂ ਸਿੱਖ ਕੌਮ ਦੇ ਨਾਮਵਰ ਜਥੇ ਆਪਣੇ ਯੋਗਦਾਨ ਪਾਉਂਦੇ ਰਹੇ ਹਨ। ਵਰਤਮਾਨ ਸਮੇਂ ਵਿਚ ਸਿੱਖ ਨੌਜੁਆਨੀ ਨੂੰ ਇਸ ਕਲਾ ਵੱਲ ਰੁਚਿਤ ਕਰਨ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵਿਸ਼ੇਸ਼ ਰੁਚੀ ਦਿਖਾ ਰਹੇ ਹਨ ਅਤੇ ਉਨ੍ਹਾਂ ਦੀ ਮਨਸ਼ਾ ਹੈ ਕਿ ਇਹ ਧਾਰਮਿਕ ਵਿਦਿਆ ਦਾ ਕਾਲਜ ਸਿੱਖ ਜਗਤ ਅੰਦਰ ਆਪਣੀ ਵਿਲੱਖਣ ਪਛਾਣ ਬਣਾਵੇ। ਉਨ੍ਹਾਂ ਬਾਰ੍ਹਵੀਂ ਪਾਸ ਗੁਰਸਿੱਖ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ੧੭ ਜੁਲਾਈ ਨੂੰ ਇੰਟਰਵਿਊ ਦੇਣ ਲਈ ਆਪਣੇ ਸਰਟੀਫਿਕੇਟਾਂ ਅਤੇ ਪਛਾਣ ਪੱਤਰ ਸਮੇਤ ਪੁੱਜਣ। ਉਨ੍ਹਾਂ ਇਹ ਵੀ ਦੱਸਿਆ ਕਿ ਚੁਣੇ ਗਏ ਵਿਦਿਆਰਥੀਆਂ ਨੂੰ ੧੨੦੦ ਰੁਪਏ ਪ੍ਰਤੀ ਮਹੀਨਾ ਧਰਮ ਪ੍ਰਚਾਰ ਕਮੇਟੀ ਵੱਲੋਂ ਵਜ਼ੀਫ਼ਾ ਦਿੱਤਾ ਜਾਵੇਗਾ।