25-03-2016-2ਅੰਮ੍ਰਿਤਸਰ 25 ਮਾਰਚ (   ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਈਆਂ ਜਾ ਰਹੀਆਂ ਸੰਸਥਾਵਾਂ (ਕਾਲਜਾਂ) ਦੀਆਂ ੧੨ਵੀਆਂ ਖ਼ਾਲਸਾਈ ਖੇਡਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ੮, ੯ ਤੇ ੧੧ ਮਾਰਚ ੨੦੧੬ ਨੂੰ ਕਰਵਾਈਆਂ ਗਈਆਂ ਸਨ ਜਿਸ ਵਿੱਚ ਤ੍ਰੈ ਸ਼ਤਾਬਦੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਸ਼ਾਨਦਾਰ ਜਿੱਤਾਂ ਦਰਜ ਕੀਤੀਆਂ।ਇਨ੍ਹਾਂ ਖ਼ਾਲਸਾਈ ਖੇਡਾਂ ਵਿੱਚ ਤਕਰੀਬਨ ੪੦ ਕਾਲਜਾਂ ਨੇ ਹਿੱਸਾ ਲਿਆ।
ਕਾਲਜ ਦੀ ਪ੍ਰਿੰਸੀਪਲ ਸ੍ਰੀਮਤੀ ਜਤਿੰਦਰ ਕੌਰ ਤੇ ਸ. ਸੁਖਦੀਪ ਸਿੰਘ ਡੀ ਪੀ ਈ ਨੇ ਸਾਂਝੇ ਤੌਰ ‘ਤੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਤ੍ਰੈ ਸ਼ਤਾਬਦੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਸ੍ਰੀ ਅੰਮ੍ਰਿਤਸਰ ਨੇ ਖ਼ਾਲਸਾਈ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਬੈਡਮਿੰਟਨ ਵਿੱਚ ਦੂਸਰਾ, ਗੱਤਕਾ ਅਤੇ ਹਾਕੀ ਵਿੱਚ ਤੀਜਾ ਸਥਾਨ ਹਾਸਲ ਕੀਤਾ ਹੈ।ਉਨ੍ਹਾਂ ਕਿਹਾ ਕਿ ਕਾਲਜ ਵੱਲੋਂ ਪਹਿਲੀ ਵਾਰ ਗੱਤਕੇ ਦੀ ਟੀਮ ਨੂੰ ਖ਼ਾਲਸਾਈ ਖੇਡਾਂ ਵਿੱਚ ਹਿੱਸਾ ਲੈਣ ਲਈ ਭੇਜਿਆ ਗਿਆ ਸੀ ਜਿਸ ਵਿੱਚ ਵਿਦਿਆਰਥੀਆਂ ਨੇ ਆਪਣੀ ਸੁਹਿਰਦਤਾ ਦਾ ਪੁਖਤਾ ਪ੍ਰਮਾਣ ਪੇਸ਼ ਕੀਤਾ ਹੈ।ਉਨ੍ਹਾਂ ਕਿਹਾ ਕਿ ਗੱਤਕੇ ਵਿੱਚ ਸਫਲਤਾ ਦਾ ਸਿਹਰਾ ਸ. ਮਨਮੋਹਨ ਸਿੰਘ ਭਾਗੋਵਾਲੀਆਂ ਡਾਇਰੈਕਟਰ ਤੇ ਸ. ਸੁਪ੍ਰੀਤ ਸਿੰਘ ਟਰੇਨਰ ਨੂੰ ਜਾਂਦਾ ਹੈ।
ਇਸ ਮੌਕੇ ਕਾਲਜ ਦੀ ਪ੍ਰਿੰਸੀਪਲ ਸ੍ਰੀਮਤੀ ਜਤਿੰਦਰ ਕੌਰ ਨੇ ਆਪਣੇ ਸਟਾਫ ਦੀ ਅਣਥੱਕ ਮਿਹਨਤ ਦੀ ਸ਼ਲਾਘਾ ਕਰਦਿਆਂ ਹੋਰਨਾਂ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਰੁਚੀ ਰੱਖਣ ਲਈ ਪ੍ਰੇਰਿਆ।