ਤਖ਼ਤ ਸ੍ਰੀ ਦਮਦਮਾ ਸਾਹਿਬ, ਗੁਰੂ ਕਾਂਸ਼ੀ, ਸਾਬੋ ਕੀ ਤਲਵੰਡੀ

ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਘੇਰੇ, ਚਮਕੌਰ ਸਾਹਿਬ ਤੇ ਮੁਕਤਸਰ ਦੇ ਧਰਮ ਯੁੱਧਾਂ ਉਪਰੰਤ ਗੁਰੂ ਕਾਂਸ਼ੀ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਨੂੰ ਪਹਿਲੀ ਵਾਰ 1705 ਈ: ਨੂੰ ਆਪਣੀ ਚਰਨ-ਛੋਹ ਬਖਸ਼ਿਸ਼ ਕਰ, ਪਵਿੱਤਰ ਕੀਤਾ। ਗੁਰੂ ਸਾਹਿਬ ਜੀ ਨੇ ਜਿਸ ਜਗ੍ਹਾ ਪਹਿਲੀ ਵਾਰ ਆ ਕੇ ਕਮਰ-ਕੱਸਾ ਖੋਲ੍ਹਿਆ ਤੇ ਦਮ ਲਿਆ, ਉਹੀ ਜਗ੍ਹਾ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਨਾਮ ਨਾਲ ਪ੍ਰਸਿੱਧ ਹੋਈ। ਇਸ ਪਾਵਨ ਸਥਾਨ ‘ਤੇ ਹੀ ਚੌਧਰੀ ਡੱਲੇ ਨੂੰ ਖੰਡੇ ਬਾਟੇ ਦੀ ਪਾਹੁਲ ਦੇ ਕੇ ਸਿੰਘ ਸਜਾਇਆ। ਦੱਖਣ ਦੀ ਯਾਤਰਾ ਤੋਂ ਪਹਿਲਾਂ ਇਸ ਪਾਵਨ ਅਸਥਾਨ ‘ਤੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਵਿੱਚ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਾਵਨ ਬਾਣੀ ਦਰਜ਼ ਕਰ, ਪਾਵਨ ਸਰੂਪ ਸ਼ਹੀਦ ਭਾਈ ਮਨੀ ਸਿੰਘ ਜੀ ਪਾਸੋਂ ਲਿਖਵਾ ਮੁਕੰਮਲ ਕੀਤਾ। ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਦੇਖ-ਰੇਖ ਹੇਠ ਗੁਰਬਾਣੀ ਪੜ੍ਹਨ-ਪੜ੍ਹਾਉਣ, ਲਿਖਣ ਅਤੇ ਅਰਥ ਸੰਚਾਰ ਕਰਾਉਣ ਲਈ ਟਕਸਾਲ ਆਰੰਭ ਕਰਵਾਈ ਅਤੇ ਬਾਬਾ ਦੀਪ ਸਿੰਘ ਜੀ ਨੂੰ ਇਸ ਸਥਾਨ ਦਾ ਮੁੱਖ ਸੇਵਾਦਾਰ ਨਿਯਤ ਕੀਤਾ। 1960 ਈ: ਵਿੱਚ ਇਸ ਪਾਵਨ ਸਥਾਨ ਦਾ ਪ੍ਰਬੰਧ ਸ਼੍ਰੋਮਣੀ ਗੁ:ਪ੍ਰ:ਕਮੇਟੀ ਪਾਸ ਆਇਆ ਤਾਂ ਸੰਤ ਹਰਚੰਦ ਸਿੰਘ ਜੀ ਲੌਂਗੋਵਾਲ ਨੂੰ ਜਥੇਦਾਰ ਥਾਪਿਆ ਗਿਆ। ਇਸ ਪਾਵਨ ਤਖ਼ਤ ਨੇ ਭਾਈ ਕਾਨ੍ਹ ਸਿੰਘ ਜੀ ਨਾਭਾ ਦੀ ਕਿਰਤ “ਹਮ ਹਿੰਦੂ ਨਹੀਂ” ਸਬੰਧੀ ਛਿੜਿਆ ਵਿਵਾਦ ਖ਼ਤਮ ਕੀਤਾ। ਇਸ ਪਾਵਨ ਤਖ਼ਤ ਦੇ ਨਜਦੀਕ ਹੀ ਗੁ: ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਗੁ: ਨਾਨਕਸਰ ਸਾਹਿਬ, ਗੁ: ਮੰਜੀ ਸਾਹਿਬ, ਗੁ: ਲਿਖਣਸਰ ਸਾਹਿਬ, ਗੁ: ਜੰਡ ਸਾਹਿਬ, ਬੁਰਜ ਬਾਬਾ ਦੀਪ ਸਿੰਘ ਜੀ ਆਦਿ ਸਥਾਨ ਦਰਸ਼ਨ-ਯੋਗ ਹਨ।