logoਅੰਮ੍ਰਿਤਸਰ ੧੪ ਜਨਵਰੀ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਹਿਬ-ਏ-ਕਮਾਲ, ਸਰਬੰਸ ਦਾਨੀ, ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ੧੬ ਜਨਵਰੀ ੨੦੧੬ ਨੂੰ ਸੰਗਤਾਂ ਦੇ ਸਹਿਯੋਗ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਰਧਾ-ਭਾਵਨਾ ਨਾਲ ਮਨਾਇਆ ਜਾਵੇਗਾ।
ਇਥੋਂ ਜਾਰੀ ਪ੍ਰੈੱਸ ਬਿਆਨ ਵਿੱਚ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ੧੫ ਜਨਵਰੀ ਨੂੰ ਦੁਪਹਿਰ ੧੨ ਵਜੇ ਵਿਸ਼ਾਲ ਨਗਰ ਕੀਰਤਨ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ‘ਚ ਰਵਾਨਾ ਹੋਵੇਗਾ।ਉਨ੍ਹਾਂ ਕਿਹਾ ਕਿ ਨਗਰ ਕੀਰਤਨ ਵਿੱਚ ਸਮੂਹ ਨਿਹੰਗ ਸਿੰਘ ਜਥੇਬੰਦੀਆਂ, ਧਾਰਮਿਕ ਟਕਸਾਲਾਂ, ਸਭਾ-ਸੁਸਾਇਟੀਆਂ, ਜਥੇਬੰਦੀਆਂ, ਸਕੂਲਾਂ/ ਕਾਲਜਾਂ ਦੇ ਵਿਦਿਆਰਥੀ, ਵੱਖ-ਵੱਖ ਬੈਂਡ ਪਾਰਟੀਆਂ, ਗੱਤਕਾ ਪਾਰਟੀਆਂ ਤੇ ਸੰਗਤਾਂ ਸਤਿਨਾਮੁ-ਵਾਹਿਗੁਰੂ ਦਾ ਜਾਪ ਕਰਦੀਆਂ ਸ਼ਾਮਲ ਹੋਣਗੀਆਂ।
ਸ. ਬੇਦੀ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਆਉਂਦੇ ਸਕੂਲ/ਕਾਲਜ ਤੇ ਹੋਰ ਸਾਰੇ ਅਦਾਰੇ ਅਤੇ ਸੰਗਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ੧੬ ਜਨਵਰੀ ਨੂੰ ਸ਼ਰਧਾ ਭਾਵਨਾ ਨਾਲ ਮਨਾਉਣ।ਉਨ੍ਹਾਂ ਕਿਹਾ ਕਿ ਪ੍ਰਕਾਸ਼ ਪੁਰਬ ਵਾਲੇ ਦਿਨ ਸਵੇਰੇ ੮.੩੦ ਤੋਂ ੧੨.੦੦ ਵਜੇ ਤੱਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਗੁਰਦੁਆਰਾ ਬਾਬਾ ਅਟੱਲ ਰਾਇ ਸਾਹਿਬ ਵਿਖੇ ਸੁੰਦਰ ਜਲੌ ਸਜਾਏ ਜਾਣਗੇ।ਸ਼ਾਮ ੭.੦੦ ਤੋਂ ਰਾਤ ੯.੦੦ ਵਜੇ ਤੀਕ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਕੀਰਤਨ ਸਮਾਗਮ ਹੋਵੇਗਾ, ਜਿਸ ਵਿੱਚ ਰਾਗੀ ਜਥੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾਉਣਗੇ।ਰਾਤ ੯.੦੦ ਵਜੇ ਕਵੀ ਦਰਬਾਰ ਆਰੰਭ ਹੋਵੇਗਾ, ਜਿਸ ਵਿੱਚ ਪੰਥ ਪ੍ਰਸਿੱਧ ਕਵੀ ਜਨ ਆਪਣੀਆਂ ਕਵਿਤਾਵਾਂ ਰਾਹੀਂ ਗੁਰੂ ਪਾਤਸ਼ਾਹ ਦੇ ਜੀਵਨ ਸਬੰਧੀ ਚਾਨਣਾ ਪਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ।ਉਨ੍ਹਾਂ ਅੱਗੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਾਮ ਨੂੰ ਦੀਪਮਾਲਾ ਕੀਤੀ ਜਾਵੇਗੀ ਅਤੇ ਰਹਿਰਾਸ ਸਾਹਿਬ ਜੀ ਦੇ ਪਾਠ ਉਪਰੰਤ ਆਤਿਸ਼ਬਾਜੀ ਚਲਾਈ ਜਾਵੇਗੀ।ਉਨ੍ਹਾਂ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪਰਿਵਾਰਾਂ ਸਮੇਤ ਨਗਰ ਕੀਰਤਨ ਅਤੇ ਧਾਰਮਿਕ ਦੀਵਾਨ ਵਿੱਚ ਹਾਜ਼ਰੀਆਂ ਭਰ ਕੇ ਗੁਰੂ-ਘਰ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣਨ।