ਗੁਰਮਤਿ ਜੁਗਤ ਰਾਹੀਂ ਮਿਲ-ਬੈਠ ਕੇ ਹਰ ਮਸਲੇ ਦਾ ਹੱਲ ਸੰਭਵ   –ਪ੍ਰੋ: ਕਿਰਪਾਲ ਸਿੰਘ ਬਡੂੰਗਰ

ਗੁਰੂ ਘਰਾਂ ਦੀ ਸੁਚੱਜੀ ਸੇਵਾ ਸੰਭਾਲ ਲਈ ਗੁਰਦੁਆਰਾ ਕਮੇਟੀਆਂ ਨੂੰ ਸੁਚੇਤ ਹੋਣਾ ਹੀ ਪਵੇਗਾ –ਪ੍ਰੋ: ਬਡੂੰਗਰ

ਤਲਵੰਡੀ ਸਾਬੋ (ਬਠਿੰਡਾ), 13 ਅਪ੍ਰੈਲ–  ਖਾਲਸਾ ਸਾਜਣਾ ਦਿਵਸ ਮੌਕੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖਾਲਸੇ ਦੀ ਸਾਜਣਾ ਦੁਨੀਆਂ ਦੇ ਧਾਰਮਿਕ ਇਤਿਹਾਸ ਅੰਦਰ ਇਕ ਕ੍ਰਾਂਤੀਕਾਰੀ ਕਦਮ ਸੀ, ਜਿਸ ਨਾਲ ਜ਼ੁਲਮ ਦੀ ਲਤਾੜੀ ਹੋਈ ਮਨੁੱਖਤਾ ਨੂੰ ਨਵਾਂ ਜੀਵਨ ਰਾਹ ਮਿਲਿਆ। ਉਨ੍ਹਾਂ ਸਮੁੱਚੇ ਖਾਲਸਾ ਪੰਥ ਅਤੇ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਖਾਲਸਾ ਸਾਜਣਾ ਦਿਵਸ ਦੀ ਵਧਾਈ ਦਿੰਦਿਆਂ ਦਸਵੇਂ ਪਾਤਸ਼ਾਹ ਜੀ ਵੱਲੋਂ ਦਰਸਾਏ ਮਾਰਗ ‘ਤੇ ਚੱਲ ਕੇ ਸੁਚੱਜੀ ਜੀਵਨ ਜਾਚ ਦੇ ਪਾਂਧੀ ਬਣਨ ਲਈ ਪ੍ਰੇਰਨਾ ਕੀਤੀ।
 ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਆਖਿਆ ਕਿ ਕੁਝ ਪੰਥ ਵਿਰੋਧੀ ਸ਼ਕਤੀਆਂ ਕੋਝੀਆਂ ਚਾਲਾਂ ਚੱਲ ਕੇ ਪੰਥ ਵਿਚ ਦੁਫੇੜ ਪਾਉਣ ਦਾ ਯਤਨ ਕਰ ਰਹੀਆਂ ਹਨ, ਜਿਨ੍ਹਾਂ ਤੋਂ ਕੌਮ ਨੂੰ ਸੁਚੇਤ ਹੋਣ ਦੀ ਲੋੜ ਹੈ। ਉਨ੍ਹਾਂ ਆਖਿਆ ਕਿ ਜੇਕਰ ਸੱਚਮੁੱਚ ਹੀ ਕੋਈ ਮਸਲਾ ਕੌਮ ਨੂੰ ਦਰਪੇਸ਼ ਹੈ ਤਾਂ ਉਸਦਾ ਗੁਰਮਤਿ ਜੁਗਤ ਰਾਹੀਂ ਮਿਲ-ਬੈਠ ਕੇ ਗੱਲਬਾਤ ਰਾਹੀਂ ਹੱਲ ਹੋ ਸਕਦਾ ਹੈ। ਉਨ੍ਹਾਂ ਜ਼ਿਕਰ ਕੀਤਾ ਕਿ ਮੈਂ ਸਾਰੀਆਂ ਧਿਰਾਂ ਨੂੰ ਗੱਲਬਾਤ ਲਈ ਪਹਿਲਾਂ ਵੀ ਸੱਦਾ ਦੇ ਚੁੱਕਾ ਹਾਂ। ਉਨ੍ਹਾਂ ਕਿਹਾ ਕਿ ਉਹ ਕੌਮ ਦੇ ਸੇਵਾਦਾਰ ਹੁੰਦਿਆਂ ਪੰਥਕ ਏਕਤਾ ਲਈ ਪਹਿਲ ਦਾ ਸਦਾ ਸਵਾਗਤ ਕਰਦੇ ਹਨ ਪਰ ਗੱਲਬਾਤ ਰਾਜਨੀਤੀ ਤੋਂ ਪਰ੍ਹਾਂ ਜਾ ਕੇ ਨਿਰੋਲ ਪੰਥਕ ਵਿਚਾਰਧਾਰਾ ਅਨੁਸਾਰ ਹੋਣੀ ਚਾਹੀਦੀ ਹੈ। ਪ੍ਰੋ: ਬਡੂੰਗਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਸਬੰਧੀ ਕਿਹਾ ਕਿ ਗੁਰੂ ਘਰਾਂ ਦੀਆਂ ਸਥਾਨਕ ਕਮੇਟੀਆਂ ਨੂੰ ਇਸ ਸਬੰਧੀ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ।ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਗੁਰੂ ਘਰਾਂ ਦੀ ਸੁਚੱਜੀ ਸਾਂਭ ਸੰਭਾਲ ਪ੍ਰਤੀ ਚੇਤੰਨਤਾ ਅਪਣਾਉਣੀ ਪਵੇਗੀ।
 ਸਮਾਜ ਦੇ ਅਜੋਕੇ ਹਾਲਾਤਾਂ ਸਬੰਧੀ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਗੁਰਬਾਣੀ ਦੀ ਵਿਚਾਰਧਾਰਾ ਅਨੁਸਾਰ ਚੱਲਣ ਦੀ ਜ਼ਰੂਰਤ ਹੈ। ਸਮਾਜ ਨੂੰ ਦਰਪੇਸ਼ ਚੁਣੌਤੀਆਂ ਦਾ ਸਮਾਧਾਨ ਗੁਰਬਾਣੀ ਦੇ ਮੁੱਲਵਾਨ ਸਿਧਾਂਤਾਂ ‘ਤੇ ਚੱਲ ਕੇ ਹੋ ਸਕਦਾ ਹੈ। ਬੱਚਿਆਂ ਤੇ ਨੌਜੁਆਨਾਂ ਅੰਦਰ ਗੁਰਮਤਿ ਵਿਚਾਰਧਾਰਾ ਦਾ ਸੰਚਾਰ ਕਰਨ ਲਈ ਸਿੱਖ ਸੰਸਥਾਵਾਂ, ਵਿਦਿਅਕ ਅਦਾਰਿਆਂ ਤੇ ਮਾਪਿਆਂ ਨੂੰ ਸੰਯੁਕਤ ਰੂਪ ਵਿਚ ਹੰਭਲਾ ਮਾਰਨਾ ਪਵੇਗਾ। ਡੇਰਾ ਸਿਰਸਾ ਸਬੰਧੀ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਗਠਿਤ ਕੀਤੀ ਗਈ ਸਬ-ਕਮੇਟੀ ਨੇ ਆਪਣੀ ਰਿਪੋਰਟ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸੌਂਪ ਦਿੱਤੀ ਹੈ, ਹੁਣ ਅਗਲੀ ਕਾਰਵਾਈ ਸਿੰਘ ਸਾਹਿਬਾਨ ਨੇ ਕਰਨੀ ਹੈ ਕਿਉਂਕਿ ਇਹ ਉਨ੍ਹਾਂ ਦਾ ਕਾਰਜ ਖੇਤਰ ਹੈ।
 ਕੈਨੇਡਾ ਸਰਕਾਰ ਦੀ ਸਿੱਖ ਮਾਮਲਿਆਂ ਪ੍ਰਤੀ ਹਾਂ-ਪੱਖੀ ਪਹੁੰਚ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਕਿਹਾ ਕਿ ਓਂਟਾਰੀਓ ਸੂਬੇ ਦੀ ਸਰਕਾਰ ਵੱਲੋਂ ਸਿੱਖਾਂ ਦੀ ਮੰਗ ‘ਤੇ ੧੯੮੪ ਦੀ ਸਿੱਖ ਨਸਲਕੁਸ਼ੀ ਦੇ ਮਤੇ ਨੂੰ ਪ੍ਰਵਾਨ ਕਰਨ ਅਤੇ ਕੈਨੇਡਾ ਸਰਕਾਰ ਵੱਲੋਂ ਕਾਮਾਗਾਟਾ ਮਾਰੂ ਦੀ ਘਟਨਾ ਲਈ ਸੰਸਦ ਵਿਚ ਮੁਆਫੀ ਮੰਗਣ ਨਾਲ ਸਿੱਖਾਂ ਵਿਚ ਕੈਨੇਡਾ ਸਰਕਾਰ ਪ੍ਰਤੀ ਸਤਿਕਾਰ ਦੀ ਭਾਵਨਾ ਵਧੀ ਹੈ। ਉਨ੍ਹਾਂ ਭਾਰਤ ਸਰਕਾਰ ਤੋਂ ਵੀ ਮੰਗ ਕੀਤੀ ਕਿ ਕੈਨੇਡਾ ਦੀ ਤਰ੍ਹਾਂ ਭਾਰਤੀ ਸੰਸਦ ਵਿਚ ਵੀ ਸਿੱਖ ਨਸਲਕੁਸ਼ੀ ਦੀ ਨਿਖੇਧੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਕੈਨੇਡਾ ਦੇ ਗੁਰਸਿੱਖ ਰੱਖਿਆ ਮੰਤਰੀ ਸ. ਹਰਜੀਤ ਸਿੰਘ ਸੱਜਣ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਆਉਣ ‘ਤੇ ਸਨਮਾਨ ਕੀਤਾ ਜਾਵੇਗਾ। ਕਾਲੇਪਾਣੀ (ਅੰਡੇਮਾਨ ਨਿਕੋਬਾਰ) ਦੀ ਸੈਲੂਲਰ ਜੇਲ੍ਹ ਜੋ ਅੱਜਕੱਲ੍ਹ ਇਕ ਅਜਾਇਬ ਘਰ ਵਿਚ ਤਬਦੀਲ ਹੋ ਚੁੱਕੀ ਹੈ ਵਿਖੇ ਸਿੱਖਾਂ ਦੇ ਇਤਿਹਾਸ ਨੂੰ ਨਾ ਦਿਖਾਉਣ ਦੀ ਨਿੰਦਾ ਕਰਦਿਆਂ ਉਨ੍ਹਾ ਕਿਹਾ ਕਿ ਇਹ ਸ਼ਹੀਦਾਂ ਦਾ ਅਪਮਾਨ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਇਕ ਵਿਦਵਾਨਾਂ ਦਾ ਵਫਦ ਵੀ ਉਥੇ ਭੇਜਿਆ ਜਾਵੇਗਾ।
 ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਬੀਬੀ ਜੋਗਿੰਦਰ ਕੌਰ, ਮੈਂਬਰ ਸ਼੍ਰੋਮਣੀ ਕਮੇਟੀ ਸ. ਮੋਹਣ ਸਿੰਘ ਬੰਗੀ, ਸ. ਜਗਸੀਰ ਸਿੰਘ ਮਾਂਗੇਆਣਾ, ਸ. ਰਾਮਪਾਲ ਸਿੰਘ ਬਹਿਣੀਵਾਲਾ, ਸ. ਮਿੱਠੂ ਸਿੰਘ ਕਾਨੇਕੇ, ਸ. ਸੁਰਜੀਤ ਸਿੰਘ ਰਾਏਪੁਰ, ਬਾਬਾ ਸੁਖਚੈਨ ਸਿੰਘ ਧਰਮਪੁਰਾ, ਧਰਮ ਪ੍ਰਚਾਰ ਕਮੇਟੀ ਮੈਂਬਰ ਸ. ਅਵਤਾਰ ਸਿੰਘ ਵਣਵਾਲਾ ਤੇ ਸ. ਮਨਜੀਤ ਸਿੰਘ ਬਪੀਆਣਾ, ਸ਼੍ਰੋਮਣੀ ਕਮੇਟੀ ਦੇ ਐਡੀ: ਸਕੱਤਰ ਸ. ਸੁਖਦੇਵ ਸਿੰਘ ਭੂਰਾਕੋਹਨਾ, ਡਾ. ਪਰਮਜੀਤ ਸਿੰਘ ਸਰੋਆ ਤੇ ਸ. ਕੇਵਲ ਸਿੰਘ, ਮੀਤ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ ਤੇ ਸ. ਚਾਨਣ ਸਿੰਘ, ਸ. ਜਗਜੀਤ ਸਿੰਘ ਮੈਨੇਜਰ ਤਖਤ ਸ੍ਰੀ ਦਮਦਮਾ ਸਾਹਿਬ, ਸ. ਸ਼ਮਸ਼ੇਰ ਸਿੰਘ ਚੱਠਾ ਐਡੀ: ਮੈਨੇਜਰ ਤੇ ਹੋਰ ਹਾਜ਼ਰ ਸਨ।