ਅੰਮ੍ਰਿਤਸਰ, ੨੦ ਜਨਵਰੀ-
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸ. ਦਿਆਲ ਸਿੰਘ ਮਜੀਠੀਆ ਈਵਨਿੰਗ ਕਾਲਜ ਦਿੱਲੀ ਦੇ ਨਾਂ ਵਿਚ ਤਬਦੀਲੀ ਸਬੰਧੀ ਕਾਲਜ ਦੀ ਗਵਰਨਿੰਗ ਬਾਡੀ ਦੇ ਫ਼ੈਸਲੇ ‘ਤੇ ਭਾਰਤ ਸਰਕਾਰ ਵੱਲੋਂ ਲਗਾਈ ਰੋਕ ਦਾ ਸਵਾਗਤ ਕੀਤਾ ਹੈ। ਦਫ਼ਤਰ ਸ਼੍ਰੋਮਣੀ ਕਮੇਟੀ ਤੋਂ ਜਾਰੀ ਪ੍ਰੈੱਸ ਬਿਆਨ ਵਿਚ ਭਾਈ ਲੌਂਗੋਵਾਲ ਨੇ ਕਿਹਾ ਕਿ ਭਾਰਤ ਸਰਕਾਰ ਦਾ ਇਹ ਫ਼ੈਸਲਾ ਦਰੁੱਸਤ ਹੈ, ਜਿਸ ਨਾਲ ਸਿੱਖਾਂ ਦਾ ਵਿਰੋਧ ਸ਼ਾਂਤ ਹੋਇਆ ਹੈ। ਦੱਸਣਯੋਗ ਹੈ ਕਿ ਹਿਊਮਨ ਰੀਸੋਰਸ ਵਿਭਾਗ ਦੇ ਮੰਤਰੀ ਸ੍ਰੀ ਪ੍ਰਕਾਸ਼ ਜਾਵੜੇਕਰ ਵੱਲੋਂ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਇੱਕ ਪੱਤਰ ਰਾਹੀਂ ਜਾਣਕਾਰੀ ਦਿੱਤੀ ਗਈ ਹੈ ਕਿ ਕਾਲਜ ਦੇ ਨਾਂ ਵਿਚ ਤਬਦੀਲੀ ਨੂੰ ਭਾਰਤ ਸਰਕਾਰ ਵੱਲੋਂ ਪ੍ਰਵਾਨ ਨਹੀਂ ਕੀਤਾ ਗਿਆ। ਹਿਊਮਨ ਰੀਸੋਰਸ ਵਿਭਾਗ ਦੇ ਮੰਤਰੀ ਵੱਲੋਂ ਲੰਘੀ ੧੬ ਜਨਵਰੀ ਨੂੰ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਇਹ ਪੱਤਰ ਭੇਜਿਆ ਗਿਆ ਹੈ। ਭਾਈ ਲੌਂਗੋਵਾਲ ਨੇ ਇਸ ਮਾਮਲੇ ਵਿਚ ਵਿਸ਼ੇਸ਼ ਰੁਚੀ ਦਿਖਾਉਣ ਲਈ ਜਿਥੇ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਦਾ ਧੰਨਵਾਦ ਕੀਤਾ ਉਥੇ ਹੀ ਸਿੱਖ ਪੰਥ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਕਾਲਜ ਦੇ ਨਾਂ ਤਬਦੀਲੀ ਰੋਕਣ ਲਈ ਕੋਸ਼ਿਸ਼ਾਂ ਦੀ ਸ਼ਲਾਘਾ ਵੀ ਕੀਤੀ।
ਜ਼ਿਕਰਯੋਗ ਹੈ ਕਿ ਕਾਲਜ ਦੀ ਗਵਰਨਿੰਗ ਬਾਡੀ ਵੱਲੋਂ ਨਾਂ ਤਬਦੀਲੀ ਦਾ ਮਾਮਲਾ ਸਾਹਮਣੇ ਆਉਣ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਵੱਲੋਂ ਭਾਰੀ ਵਿਰੋਧ ਜਿਤਾ ਕੇ ਇਸ ਫ਼ੈਸਲੇ ਨੂੰ ਬਦਲਣ ਲਈ ਮਜ਼ਬੂਰ ਕੀਤਾ ਗਿਆ ਹੈ।ਇਸੇ ਤਹਿਤ ਹੀ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਵੀ ਭਾਰਤ ਸਰਕਾਰ ਦੇ ਹਿਊਮਨ ਰੀਸੋਰਸ ਵਿਭਾਗ ਦੇ ਮੰਤਰੀ ਨੂੰ ਇਸ ਫ਼ੈਸਲੇ ‘ਤੇ ਰੋਕ ਲਗਾਉਣ ਲਈ ਪੱਤਰ ਲਿਖਿਆ ਸੀ।