asinghਅੰਮ੍ਰਿਤਸਰ 19 ਮਾਰਚ (          ) ਦਿਵਯ ਜਯੋਤੀ ਸੰਸਥਾਨ, ਨੂਰਮਹਿਲ ਵੱਲੋਂ ਪ੍ਰਕਾਸ਼ਿਤ ਕੀਤੇ ਜਾਂਦੇ ਮੈਗਜ਼ੀਨ ‘ਅਖੰਡ ਗਿਆਨ’ ਦੇ ਪੁਰਾਣੇ ਅੰਕ ਜਿਨ੍ਹਾਂ ਤੇ ਸਿੱਖ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਦੇ ਨਾਲ ਨੂਰਮਹਿਲੀਏ ਆਸ਼ੂਤੋਸ਼ ਅਤੇ ਡੇਰੇ ਦੀਆਂ ਸਾਧਵੀਆਂ ਦੀਆਂ ਤਸਵੀਰਾਂ ਪ੍ਰਕਾਸ਼ਿਤ ਹਨ ਨੂੰ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਏਅਰਪੋਰਟ, ਅੰਮ੍ਰਿਤਸਰ ਵਿਖੇ ਲੋਕਾਂ ਵਿੱਚ ਵੰਡਣ ਦੀ ਕਾਰਵਾਈ ਅਤਿਅੰਤ ਮੰਦਭਾਗੀ ਅਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਤਾਰ-ਤਾਰ ਕਰਨ ਵਾਲੀ ਹੈ।
ਇਹ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਇਸ ਹਰਕਤ ਨੇ ਜਿਥੇ ਪੰਜਾਬ ਦੇ ਸ਼ਾਂਤ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਥੇ ਸਿੱਖ ਜਜ਼ਬਾਤਾਂ ਨੂੰ ਵੀ ਭਾਰੀ ਠੇਸ ਪਹੁੰਚਾਈ ਹੈ।ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਅਰਸਾ ਪਹਿਲਾ ਵੀ ਇਸ ਸੰਸਥਾ ਨੇ ਪੰਜਾਬ ਦੇ ਮਾਹੌਲ ਨੂੰ ਵਿਗਾੜਨ ਅਤੇ ਸਿੱਖ ਪਰੰਪਰਾਵਾਂ ਵਿਰੁੱਧ ਪ੍ਰਚਾਰ ਕਰਨ ਦੀ ਗਲਤੀ ਕੀਤੀ ਸੀ।ਉਨ੍ਹਾਂ ਕਿਹਾ ਕਿ ਉਸ ਵਕਤ ਅਨੇਕਾਂ ਥਾਵਾਂ ਤੇ ਅਜਿਹੇ ਮਸਲੇ ਸਾਹਮਣੇ ਆਏ ਸਨ ਜਿਨ੍ਹਾਂ ਨੇ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਅੱਗ ਲਗਾਉਣ ਦਾ ਕੰਮ ਕੀਤਾ ਸੀ।ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਨੂਰਮਹਿਲੀਆਂ ਦੇ ਪੈਰੋਕਾਰਾਂ ਵੱਲੋਂ ਅੱਜ ਕੀਤੀ ਗਈ ਬਜਰ ਗਲਤੀ ਮੁਆਫੀ ਦੇ ਯੋਗ ਨਹੀਂ ਹੈ, ਇਸ ਲਈ ਉਹ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕਰਦੇ ਹਨ।ਉਨ੍ਹਾਂ ਕਿਹਾ ਕਿ ਮਾਮਲੇ ਦਾ ਪਤਾ ਲੱਗਣ ਤੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਸ. ਚਾਨਣ ਸਿੰਘ ਮੀਤ ਸਕੱਤਰ, ਸ. ਸੁਲੱਖਣ ਸਿੰਘ ਮੈਨੇਜਰ, ਸ. ਸਤਨਾਮ ਸਿੰਘ ਐਡੀਸ਼ਨਲ ਮੈਨੇਜਰ, ਸ. ਤੇਜਿੰਦਰ ਸਿੰਘ ਪੱਡਾ ਇੰਚਾਰਜ, ਸ. ਮੇਜਰ ਸਿੰਘ ਅਰਜਨ ਮਾਂਗਾ ਤੇ ਸ. ਗੁਰਮੀਤ ਸਿੰਘ ਸੁਪਰਵਾਈਜ਼ਰ ਸਮੇਤ ਟਾਸਕ ਫੋਰਸ ਦੇ ਨੁਮਾਇੰਦੇ ਮੌਕੇ ਤੇ ਪਹੁੰਚੇ ਜਿਨ੍ਹਾਂ ਨੇ ਥਾਣਾ ਏਅਰਪੋਰਟ ਵਿਖੇ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਲਈ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ।
ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਟੀਮ ਵੱਲੋਂ ਕੁਝ ਲਿਟਰੇਚਰ ਸਥਾਨਕ ਲੋਕਾਂ ਪਾਸੋਂ ਪ੍ਰਾਪਤ ਕੀਤਾ ਹੈ ਜਿਸ ਦੀ ਘੋਖ ਪੜਤਾਲ ਕੀਤੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਇਹ ਦੇਖਿਆ ਜਾਵੇਗਾ ਕਿ ਕੀ ਇਸ ਮੈਗਜ਼ੀਨ ਵਿੱਚ ਕੇਵਲ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਹੀ ਛਾਪੀਆਂ ਗਈਆਂ ਹਨ ਜਾਂ ਫਿਰ ਸਿੱਖ ਇਤਿਹਾਸ ਅਤੇ ਸਿੱਖ ਸਿਧਾਂਤਾਂ ਨਾਲ ਵੀ ਛੇੜਛਾੜ ਕਰਨ ਦਾ ਯਤਨ ਕੀਤਾ ਗਿਆ ਹੈ।ਉਨ੍ਹਾਂ ਚਿੰਤਾ ਪ੍ਰਗਟ ਕਰਦਿਆ ਕਿਹਾ ਕਿ ਅਤੀਤ ਵਿੱਚ ਵਾਪਰੀਆਂ ਘਟਨਾਵਾਂ ਨੂੰ ਜਾਣਦੇ ਸਮਝਦੇ ਹੋਏ ਵੀ ਅਜਿਹੀ ਹਰਕਤ ਕਰਨੀ ਕਿਸੇ ਡੂੰਘੀ ਸਾਜਿਸ਼ ਦਾ ਹਿੱਸਾ ਪ੍ਰਤੀਤ ਹੁੰਦੀ ਹੈ।ਉਨ੍ਹਾਂ ਕਿਹਾ ਕਿ ਅੱਗੇ ਤੋਂ ਕੋਈ ਅਜਿਹਾ ਨਾ ਕਰੇ ਇਸ ਲਈ ਪ੍ਰਸ਼ਾਸਨ ਨੂੰ ਠੋਸ ਕਦਮ ਚੁੱਕਣੇ ਚਾਹੀਦੇ ਹਨ।ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੋਂ ਇਸ ਡੇਰੇ ਦੀ ਵਿਚਾਰਧਾਰਾ ਸਿੱਖ ਸਿਧਾਂਤਾਂ ਨਾਲ ਮੇਲ ਨਹੀਂ ਖਾਂਦੀ, ਸਗੋਂ ਵਿਰੋਧਕ ਹੈ।ਉਨ੍ਹਾਂ ਕਿਹਾ ਕਿ ਪੰਜਾਬ ਪਹਿਲਾਂ ਹੀ ਕਈ ਚੁਣੌਤੀਆਂ ਸਹਿਨ ਕਰ ਰਿਹਾ ਹੈ ਅਜਿਹੇ ਲੋਕ ਇਸ ਤਰ੍ਹਾਂ ਦਾ ਪ੍ਰਚਾਰ ਜਾਂ ਅਜਿਹਾ ਕੁਝ ਨਾ ਕਰਨ ਜਿਸ ਨਾਲ ਮਾਹੌਲ ਖਰਾਬ ਹੋਵੇ।