ਅੰਮ੍ਰਿਤਸਰ, ੭ ਜਨਵਰੀ ( )- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਸਾਹਿਤ ਨੂੰ ਵੱਧ ਤੋਂ ਵੱਧ ਪਾਠਕਾਂ ਤੱਕ ਪਹੁੰਚਾਉਣ ਦੇ ਮੱਦੇਨਜ਼ਰ ਦਿੱਲੀ ਦੇ ਪ੍ਰਗਤੀ ਮੈਦਾਨ ਵਿਚ ਚੱਲ ਰਹੇ ਵਿਸ਼ਵ ਪੁਸਤਕ ਮੇਲੇ ਵਿਚ ਸ਼ਿਰਕਤ ਕੀਤੀ ਗਈ ਹੈ। ਬੀਤੇ ਕੱਲ੍ਹ ਆਰੰਭ ਹੋਏ ਇਸ ਪੁਸਤਕ ਮੇਲੇ ਵਿਚ ਸ਼੍ਰੋਮਣੀ ਕਮੇਟੀ ਲਗਾਏ ਗਏ ਸਟਾਲ ਦੀ ਆਰੰਭਤਾ ਅਰਦਾਸ ਨਾਲ ਕੀਤੀ ਗਈ। ਇਸ ਬਾਰੇ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਸ. ਦਿਲਜੀਤ ਸਿੰਘ ਬੇਦੀ ਨੇ ਦੱੱਸਿਆ ਕਿ ਪੁਸਤਕ ਮੇਲੇ ਵਿਚ ਸ਼੍ਰੋਮਣੀ ਕਮੇਟੀ ਦੁਆਰਾ ਪ੍ਰਕਾਸ਼ਿਤ ਗੁਰਬਾਣੀ ਦੀਆਂ ਪੋਥੀਆਂ, ਨਿੱਤਨੇਮ ਦੇ ਗੁਟਕੇ, ਗੁਰਬਾਣੀ ਸ਼ਬਦਾਰਥ, ਸਿੱਖ ਇਤਿਹਾਸ ਅਤੇ ਸਿੱਖ ਸਿਧਾਂਤਾਂ ਆਦਿ ਸਬੰਧੀ ਪੁਸਤਕਾਂ ਪਾਠਕਾਂ ਲਈ ਉਪਲਬਧ ਕਰਵਾਈਆਂ ਗਈਆਂ ਹਨ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਸ਼੍ਰੋਮਣੀ ਕਮੇਟੀ ਵੱਲੋਂ ਲਗਾਏ ਗਏ ਸਟਾਲ ਤੋਂ ਜਿਥੇ ਸ਼੍ਰੋਮਣੀ ਕਮੇਟੀ, ਧਰਮ ਪ੍ਰਚਾਰ ਕਮੇਟੀ ਅਤੇ ਸਿੱਖ ਇਤਿਹਾਸ ਰੀਸਰਚ ਬੋਰਡ ਦੀਆਂ ਬਹੁਤ ਘੱਟ ਕੀਮਤਾਂ ਦੀਆਂ ਪੁਸਤਕਾਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ, ਉਥੇ ਹੀ ਭੇਟਾ ਰਹਿਤ ਕਿਤਾਬਚੇ ਵੀ ਵੰਡੇ ਜਾ ਰਹੇ ਹਨ। ਸ. ਬੇਦੀ ਅਨੁਸਾਰ ਧਾਰਮਿਕ ਸਾਹਿਤ ਦੇ ਪਾਠਕ ਪੁਸਤਕ ਮੇਲੇ ਵਿਚ ਹਾਲ ਨੰਬਰ ੧੨ ਤੇ ੧੨-ਏ ਦੇ ਸਟਾਲ ਨੰਬਰ ੧੭੦-੧੭੧ ‘ਤੇ ਪਹੁੰਚ ਕੇ ਗੁਰਮਤਿ ਸਾਹਿਤ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਦਿੱਲੀ ਸਿੱਖ ਮਿਸ਼ਨ ਦੇ ਇੰਚਾਰਜ ਭਾਈ ਸੁਰਿੰਦਰਪਾਲ ਸਿੰਘ ਸਮਾਣਾ ਸਮੇਤ ਸ. ਭੁਪਿੰਦਰ ਸਿੰਘ ਸੁਪਰਵਾਈਜਰ, ਸ. ਹਰਜੀਤ ਸਿੰਘ, ਸ. ਦਿਲਪ੍ਰੀਤ ਸਿੰਘ, ਸ. ਸ਼ਰਧਾ ਸਿੰਘ, ਸ. ਬਾਜ਼ ਸਿੰਘ, ਸ. ਜਸਕਰਨ ਸਿੰਘ ,ਭਾਈ ਜੀਵਨਜੀਤ ਸਿੰਘ ਅਤੇ ਸ.ਮੁਖਤਾਰ ਸਿੰਘ, ਸ.ਗੁਰਬਿੰਦਰ ਸਿੰਘ, ਸ.ਰਘਬੀਰ ਸਿੰਘ ਤੇ ਨਰਿੰਦਰ ਸਿੰਘ ਆਦਿ ਪੁਸਤਕ ਮੇਲੇ ਵਿਚ ਸ਼੍ਰੋਮਣੀ ਕਮੇਟੀ ਦੇ ਸਟਾਲ ਤੇ ਸੇਵਾ ਨਿਭਾਅ ਰਹੇ ਹਨ।