28-05-2015-3ਅੰਮ੍ਰਿਤਸਰ 28 ਮਈ- ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੁੱਖ ਭੰਜਨੀ ਬੇਰ ਦੇ ਸਾਹਮਣੇ ਦਰਸ਼ਨੀ ਡਿਓੜੀ ਦੇ ਲੰਗਰ ਵਾਲੇ ਪਾਸੇ ਸ੍ਰੀ ਅਖੰਡ ਪਾਠ ਸਾਹਿਬ ਲਈ ਤਿੰਨ ਕਮਰੇ ਤਿਆਰ ਕਰਨ ਵਾਸਤੇ ਸੰਪ੍ਰਦਾਇ ਕਾਰ ਸੇਵਾ ਭੂਰੀ ਵਾਲਿਆਂ ਵੱਲੋਂ ਲੈਂਟਰ ਪਾਇਆ ਗਿਆ।ਇਹ ਸੇਵਾ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੂੰ ਸੌਂਪੀ ਗਈ ਸੀ।ਸੇਵਾ ਦੀ ਆਰੰਭਤਾ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਅਰਦਾਸ ਕੀਤੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੋਏ ਆਦੇਸ਼ਾਂ ਮੁਤਾਬਿਕ ਸ੍ਰੀ ਅਖੰਡ ਪਾਠ ਸਾਹਿਬ ਲਈ ਤਿੰਨ ਹੋਰ ਕਮਰੇ ਤਿਆਰ ਕਰਨ ਲਈ ਲੈਂਟਰ ਦੀ ਸੇਵਾ ਦਾ ਕਾਰਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਦੇ ਦਰ ਦੀ ਤਨ, ਮਨ ਅਤੇ ਧਨ ਨਾਲ ਕੀਤੀ ਸੇਵਾ ਕਦੇ ਬਿਰਥੀ ਨਹੀਂ ਜਾਂਦੀ ਅਤੇ ਇਹ ਸੇਵਾ ਵੱਡੇ ਭਾਗਾਂ ਵਾਲਿਆਂ ਨੂੰ ਹੀ ਮਿਲਦੀ ਹੈ।
ਇਸ ਮੌਕੇ ਬਾਬਾ ਸੁਖਵਿੰਦਰ ਸਿੰਘ (ਸੁੱਖਾ) ਨੇ ਕਿਹਾ ਕਿ ਗੁਰੂ ਸਾਹਿਬ ਦੇ ਪਵਿੱਤਰ ਅਸਥਾਨਾਂ ਦੀ ਸੇਵਾ ਕਿਸੇ ਕਰਮਾਂ ਭਾਗਾਂ ਵਾਲੇ ਨੂੰ ਹੀ ਮਿਲਦੀ ਹੈ।ਉਨ੍ਹਾਂ ਕਿਹਾ ਕਿ ਅਸੀਂ ਵੱਡਭਾਗੇ ਹਾਂ ਕਿ ਸਾਨੂੰ ਸ੍ਰੀ ਗੁਰੂ ਰਾਮਦਾਸ ਦੇ ਦਰ-ਘਰ ਦੀ ਸੇਵਾ ਕਰਨ ਦਾ ਸੁਭਾਗ ਮੌਕਾ ਪ੍ਰਾਪਤ ਹੋਇਆ ਹੈ।ਉਨ੍ਹਾਂ ਕਿਹਾ ਕਿ ਸਤਿਗੁਰੂ ਪਾਤਸ਼ਾਹ ਆਪ ਅੰਗ-ਸੰਗ ਸਹਾਈ ਹੋ ਕੇ ਆਪਣੀਆਂ ਸੰਗਤਾਂ ਕੋਲੋਂ ਇਹ ਸੇਵਾ ਕਰਾਉਣ।
ਇਸ ਮੌਕੇ ਸ. ਮਨਜੀਤ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ, ਸ. ਪ੍ਰਤਾਪ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ. ਰਾਮ ਸਿੰਘ ਸਾਬਕਾ ਮੀਤ ਸਕੱਤਰ ਸ਼੍ਰੋਮਣੀ ਕਮੇਟੀ, ਬਾਬਾ ਗੁਰਨਾਮ ਸਿੰਘ, ਬਾਬਾ ਪ੍ਰੇਮ ਸਿੰਘ, ਸ. ਅਰਵਿੰਦਰ ਸਿੰਘ ਏ ਪੀ ਆਰ ਓ, ਭਾਈ ਅਮਰੀਕ ਸਿੰਘ, ਭਾਈ ਕਾਬਲ ਸਿੰਘ, ਭਾਈ ਹਰੀ ਸਿੰਘ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸੇਵਾ ਵਿੱਚ ਹਿੱਸਾ ਲਿਆ।