28-5-2015
ਅੰਮ੍ਰਿਤਸਰ : 28 ਮਈ ( ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਹੈ ਕਿ ਧਰਮੀ ਫੌਜੀ ਗਲਤ ਅਨਸਰਾਂ ਦੇ ਮਗਰ ਲੱਗ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਤੀ ਭੁਲੇਖਾ ਪਾਉਣ ਵਾਲਾ ਪ੍ਰਚਾਰ ਨਾ ਕਰਨ।ਉਨ੍ਹਾਂ ਪ੍ਰੈਸ ਨੋਟ ਵਿੱਚ ਕਿਹਾ ਕਿ ੧੫੦੬ ਧਰਮੀ ਫੌਜੀਆਂ ਨੂੰ ਅਦਾਇਗੀ ਕੀਤੀ ਜਾ ਚੁੱਕੀ ਹੈ ਤੇ ਸਾਲ ੨੦੧੫-੧੬ ਦੇ ਬਜਟ ਅਨੁਸਾਰ ੨ ਕਰੋੜ ੨੫ ਲੱਖ ਰੁਪਏ ਸਹਾਇਤਾ ਲਈ ਰੱਖੇ ਗਏ ਹਨ।ਜਿਨ੍ਹਾਂ ਵਿਚੋਂ ਅੱਜ ਤੀਕ ਕੁੱਲ ੧੦ ਧਰਮੀ ਫੌਜੀਆਂ ਨੂੰ ੫੦ ਹਜ਼ਾਰ ਦੇ ਹਿਸਾਬ ਨਾਲ ੫ ਲੱਖ ਰੁਪਏ ਤਕਸੀਮ ਕੀਤੇ ਗਏ ਹਨ।ਉਨ੍ਹਾਂ ਦਫ਼ਤਰੀ ਰਿਕਾਰਡ ਅਨੁਸਾਰ ਵੇਰਵੇ ਦੇਂਦਿਆਂ ਦੱਸਿਆ ਕਿ ਹੁਣ ਤੀਕ ਧਰਮੀ ਫੌਜੀਆਂ ਦੀਆਂ ਕੁੱਲ ੧੫੦੬ ਦਰਖਾਸਤਾਂ ਆ ਚੁੱਕੀਆਂ ਹਨ, ਜਿਨ੍ਹਾਂ ‘ਚੋਂ ੧੩੪੦ ਨੂੰ ਅਦਾਇਗੀ ਕੀਤੀ ਜਾ ਚੁੱਕੀ ਹੈ।ਉਨ੍ਹਾਂ ਕਿਹਾ ਕਿ ਇਨ੍ਹਾਂ ਵਿੱਚੋਂ ੧੬੬ ਬਾਕੀ ਰਹਿ ਗਏ ਹਨ।
ਉਨ੍ਹਾਂ ਕਿਹਾ ਕਿ ਧਰਮੀ ਫੌਜੀਆਂ ਜਾਂ ਉਨ੍ਹਾਂ ਦੇ ਪ੍ਰੀਵਾਰਾਂ ਨੂੰ ਨੌਕਰੀਆਂ ਦੇਣ ਬਾਰੇ ਉਨ੍ਹਾਂ ਕਿਹਾ ਕਿ ਬਹੁਤ ਸਾਰੇ ਧਰਮੀ ਫੌਜੀ ਅਤੇ ਉਨ੍ਹਾਂ ਦੇ ਪ੍ਰੀਵਾਰਕ ਮੈਂਬਰ ਸ਼੍ਰੋਮਣੀ ਕਮੇਟੀ ਅਤੇ ਉਸ ਨਾਲ ਸਬੰਧਤ ਅਦਾਰਿਆਂ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ ਤੇ ਅੱਗੋਂ ਇਨ੍ਹਾਂ ਦੀਆਂ ਏ ਅਤੇ ਬੀ ਕੈਟਾਗਿਰੀ ਬਣਾ ਦਿੱਤੀਆਂ ਗਈਆਂ ਹਨ।ਜਿਨ੍ਹਾਂ ਵਿੱਚ ਏ ਕੈਟਾਗਿਰੀ ਵਿੱਚ ਉਹ ਆਉਣਗੇ ਜਿਨ੍ਹਾਂ ਨੇ ਅਜੇ ਤੱਕ ਸ਼੍ਰੋਮਣੀ ਕਮੇਟੀ ਕੋਲੋਂ ਕੋਈ ਸਹਾਇਤਾ ਪ੍ਰਾਪਤ ਨਹੀਂ ਕੀਤੀ।ਬੀ ਕੈਟਾਗਿਰੀ ਵਿਚ ਉਹ ਆਉਦੇ ਹਨ ਜੋ ਸ਼੍ਰੋਮਣੀ ਕਮੇਟੀ ਕੋਲੋਂ ਸਹਾਇਤਾ ਲੈ ਚੁੱਕੇ ਹਨ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਹੈ ਅਤੇ ਉਹ ਆਪਣੀ ਹੈਸੀਅਤ ਅਨੁਸਾਰ ਧਰਮੀ ਫੌਜੀਆਂ ਦੀ ਵੱਧ ਤੋਂ ਵੱਧ ਸਹਾਇਤਾ ਕਰ ਰਹੀ ਹੈ ਅਤੇ ਕਰਦੀ ਰਹੇਗੀ। ਉਨ੍ਹਾਂ ਧਰਮੀ ਫੌਜੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੁਝ ਗਲਤ ਅਨਸਰ ਜੋ ਸ਼੍ਰੋਮਣੀ ਕਮੇਟੀ ਵਿਰੁੱਧ ਪ੍ਰਚਾਰ ਕਰ ਰਹੇ ਹਨ ਉਨ੍ਹਾਂ ਤੋਂ ਸੁਚੇਤ ਰਹਿਣ।