ਕੂੜ ਪ੍ਰਚਾਰ ਕਰਨ ਵਾਲੇ ਅਨਸਰਾਂ ਦਾ ਸਾਥ ਨਹੀਂ ਦਿੱਤਾ ਜਾਵੇਗਾ : ਧਰਮੀ ਫ਼ੌਜੀ

imagesਅੰਮ੍ਰਿਤਸਰ 29 ਮਈ ( ) ਧਰਮੀ ਫੌਜੀਆਂ ਦਾ ਇਕ ਵੱਡਾ ਕਾਫ਼ਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੱਕ ਵਿੱਚ ਨਿੱਤਰਿਆ ਹੈ। ਉਨ੍ਹਾਂ ਕਿਹਾ ਕਿ ਜੋ ਲੋਕ ਅਖ਼ਬਾਰਾਂ ਦੀਆਂ ਸੁਰਖੀਆਂ ਵਿੱਚ ਛਾਏ ਰਹਿਣ ਲਈ ਸ਼੍ਰੋਮਣੀ ਕਮੇਟੀ ਵਿਰੁੱਧ ਕੂੜ ਪ੍ਰਚਾਰ ਕਰ ਰਹੇ ਹਨ ਉਨ੍ਹਾਂ ਦਾ ਕਦਾਚਿਤ ਵੀ ਸਾਥ ਨਹੀਂ ਦਿੱਤਾ ਜਾਵੇਗਾ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਰੂਪ ਸਿੰਘ ਤੇ ਸ. ਮਨਜੀਤ ਸਿੰਘ ਨੂੰ ਸ਼੍ਰੋਮਣੀ ਕਮੇਟੀ ਦੇ ਹੱਕ ਵਿੱਚ ਪੱਤ੍ਰਿਕਾ ਤੇ ਦਸਤਖ਼ਤ ਕਰਦਿਆਂ ਇਨ੍ਹਾਂ ਧਰਮੀ ਫੌਜੀਆਂ ਨੇ ਪ੍ਰੈਸ ਦੇ ਨਾਮ ਬਿਆਨ ਦਿੰਦੇ ਹੋਏ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ‘ਚ ਵਾਪਰੇ ਘੱਲੂਘਾਰੇ ਸਮੇਂ ਜਿਹੜੇ ਧਰਮੀ ਫੌਜੀ ਆਪਣੀਆਂ ਬੈਰਕਾਂ ਛੱਡ ਕੇ ਆਏ ਸਨ ਤੇ ਸਮੇਂ ਦੀ ਹਕੂਮਤ ਦੇ ਜ਼ਬਰ ਤੇ ਜ਼ੁਲਮ ਦਾ ਸ਼ਿਕਾਰ ਹੋਏ ਸਨ ਉਨ੍ਹਾਂ ਦੀ ਬਾਂਹ ਸਿੱਖਾਂ ਦੀ ਨੁਮਾਇੰਦਾ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿਵਾ ਹੋਰ ਕਿਸੇ ਸੰਸਥਾ ਨੇ ਅੱਜ ਤੱਕ ਨਹੀਂ ਫੜੀ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਸਾਨੂੰ ਤੇ ਸਾਡੇ ਪਰਿਵਾਰਕ ਮੈਂਬਰਾਂ ਨੂੰ ਨੌਕਰੀਆਂ ਵੀ ਦਿੱਤੀਆਂ ਹਨ ਤੇ ਸਮੇਂ-ਸਮੇਂ ਮਾਲੀ ਸਹਾਇਤਾ ਵੀ ਕਰਦੀ ਆਈ ਹੈ।ਉਨ੍ਹਾਂ ਦੂਸਰੇ ਧਰਮੀ ਫੌਜੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਨ੍ਹਾਂ ਗਲਤ ਅਨਸਰਾਂ ਦੇ ਕੂੜ ਪ੍ਰਚਾਰ ਤੋਂ ਬਚਣ ਜੋ ਸ਼੍ਰੋਮਣੀ ਕਮੇਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਇਨ੍ਹਾਂ ਵਿਚੋਂ ਕੁਝ ਧਰਮੀ ਫੌਜੀ ਸ਼੍ਰੋਮਣੀ ਕਮੇਟੀ ਦੇ ਉੱਚ ਅਹੁਦਿਆਂ ਤੇ ਵੀ ਤਾਇਨਾਤ ਹਨ, ਪਰ ਫਿਰ ਵੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਦਨਾਮ ਕਰਨ ਤੇ ਤੁਲੇ ਹੋਏ ਹਨ।ਉਨ੍ਹਾਂ ਕਿਹਾ ਕਿ ਜਿਹੜੇ ਧਰਮੀ ਫੌਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਤਿਕਾਰ ਨੂੰ ਬਹਾਲ ਕਰਾਉਣ ਖਾਤਿਰ ਆਪਣੀਆਂ ਬੈਰਕਾਂ ਛੱਡ ਕੇ ਆਏ ਸਨ ਉਹ ਅੱਜ ਖੁਦ ਆਪ ਹੀ ਗੁਰੂ ਘਰ ਅੱਗੇ ਧਰਨਾ ਲਾਉਣ ਲਈ ਤੁਲੇ ਹੋਏ ਹਨ ਇਹ ਕਿਧਰ ਦੀ ਸਿਆਣਪ ਹੈ।ਉਨ੍ਹਾਂ ਜੋਰ ਦੇ ਕੇ ਕਿਹਾ ਕਿ ਅਸੀਂ ਗੁਰੂ ਘਰ ਦੇ ਸਤਿਕਾਰ ਖਾਤਰ ਇਨ੍ਹਾਂ ਗਲਤ ਅਨਸਰਾਂ ਨੂੰ ਕਦਾਚਿਤ ਵੀ ਧਰਨਾ ਨਹੀਂ ਲਗਾਉਣ ਦਿਆਂਗੇ।ਉਨ੍ਹਾਂ ਕਿਹਾ ਕਿ ਇਨ੍ਹਾਂ ਗਲਤ ਅਨਸਰਾਂ ਦਾ ਧਰਮੀ ਫੌਜੀ ਕਦਾਚਿਤ ਵੀ ਸਾਥ ਨਾ ਦੇਣ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਰੂਪ ਸਿੰਘ ਤੇ ਸ. ਮਨਜੀਤ ਸਿੰਘ ਨੇ ਮੁਲਾਕਾਤ ਕਰਨ ਆਏ ਧਰਮੀ ਫੌਜੀਆਂ ਦੇ ਵੱਡੇ ਕਾਫ਼ਲੇ ਨੂੰ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਯਕੀਨ ਦਿਵਾਉੁਂਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਹਮੇਸ਼ਾਂ ਧਰਮੀ ਫੌਜੀਆਂ ਦੀ ਸਹਾਇਤਾ ਕਰਦੀ ਆਈ ਹੈ ਤੇ ਅੱਗੋਂ ਵੀ ਆਪਣੀ ਸਮਰੱਥਾ ਅਨੁਸਾਰ ਕਰਦੀ ਰਹੇਗੀ।ਉਨ੍ਹਾਂ ਕਿਹਾ ਕਿ ਪਹਿਲਾਂ ਵੀ ਧਰਮੀ ਫੌਜੀਆਂ ਨੂੰ ੭ ਕਰੋੜ ਦੇ ਲਗਭਗ ਸਹਾਇਤਾ ਰਾਸ਼ੀ ਦਿੱਤੀ ਜਾ ਚੁੱਕੀ ਹੈ ਅਤੇ ਸਾਲ ੨੦੧੫-੧੬ ਦੇ ਬਜਟ ਅਨੁਸਾਰ ੨ ਕਰੋੜ ੨੫ ਲੱਖ ਰੁਪਏ ਧਰਮੀ ਫੌਜੀਆਂ ਦੀ ਸਹਾਇਤਾ ਲਈ ਰੱਖੇ ਗਏ ਹਨ ਤੇ ਬਹੁਤ ਸਾਰੇ ਧਰਮੀ ਫੌਜੀਆਂ ਨੂੰ ਹੁਣ ਤੱਕ ਨੌਕਰੀਆਂ ਦੇ ਨਾਲ-ਨਾਲ ਮਾਲੀ ਸਹਾਇਤਾ ਦਿੱਤੀ ਜਾ ਚੁੱਕੀ ਹੈ।ਉਨ੍ਹਾਂ ਦਫ਼ਤਰੀ ਰੀਕਾਰਡ ਅਨੁਸਾਰ ਵੇਰਵੇ ਦਿੰਦਿਆਂ ਦੱਸਿਆ ਕਿ ਹੁਣ ਤੀਕ ਧਰਮੀ ਫੌਜੀਆਂ ਦੀਆਂ ਕੁੱਲ ੧੫੦੬ ਦਰਖਾਸਤਾਂ ਆ ਚੁੱਕੀਆਂ ਹਨ, ਜਿਨ੍ਹਾਂ ‘ਚੋਂ ੧੩੪੦ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ।ਉਨ੍ਹਾਂ ਕਿਹਾ ਕਿ ਇਨ੍ਹਾਂ ਵਿੱਚੋਂ ੧੬੬ ਬਾਕੀ ਰਹਿ ਚੁੱਕੇ ਹਨ।ਉਨ੍ਹਾਂ ਕਿਹਾ ਕਿ ਕੁਝ ਦੀਆਂ ਦਰਖਾਸਤਾਂ ਅਜੇ ਤੱਕ ਅਧੂਰੀਆਂ ਹੋਣ ਕਾਰਨ ਪੈਂਡਿੰਗ ਪਈਆਂ ਹਨ, ਉਹ ਆਪਣੀਆਂ ਅਧੂਰੀਆਂ ਪਈਆਂ ਫਾਈਲਾਂ ਮੁਕੰਮਲ ਕਰਨ ਦੇ ਬਾਅਦ ਸਹਾਇਤਾ ਲੈ ਸਕਦੇ ਹਨ।ਉਨ੍ਹਾਂ ਧਰਮੀ ਫੌਜੀਆਂ ਨੂੰ ਯਕੀਨ ਦਿਵਾਉਂਦੇ ਹੋਏ ਕਿਹਾ ਕਿ ਧਰਮੀ ਫੌਜੀਆਂ ਜਾਂ ਉਨ੍ਹਾਂ ਦੇ ਪ੍ਰੀਵਾਰਾਂ ਨੂੰ ਨੌਕਰੀਆਂ ਦੇਣ ਲਈ ਏ ਅਤੇ ਬੀ ਕੈਟਾਗਰੀਆਂ ਬਣਾ ਦਿੱਤੀਆਂ ਗਈਆਂ ਹਨ।ਜਿਨ੍ਹਾਂ ਵਿੱਚ ਏ ਕੈਟਾਗਰੀ ਵਿੱਚ ਉਹ ਆਉਣਗੇ ਜਿਨ੍ਹਾਂ ਨੇ ਅਜੇ ਤੱਕ ਸ਼੍ਰੋਮਣੀ ਕਮੇਟੀ ਕੋਲੋਂ ਕੋਈ ਸਹਾਇਤਾ ਪ੍ਰਾਪਤ ਨਹੀਂ ਕੀਤੀ।ਬੀ ਕੈਟਾਗਰੀ ਵਿੱਚ ਉਹ ਆਉਂਦੇ ਹਨ ਜੋ ਸ਼੍ਰੋਮਣੀ ਕਮੇਟੀ ਕੋਲੋਂ ਸਹਾਇਤਾ ਲੈ ਚੁੱਕੇ ਹਨ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਨੁਮਾਇੰਦਾ ਸੰਸਥਾ ਹੈ ਤੇ ਧਰਮੀ ਫੌਜੀਆਂ ਨੂੰ ਇਸ ਕੋਲੋਂ ਸਹਾਇਤਾ ਪ੍ਰਾਪਤ ਕਰਨ ਲਈ ਕਿਸੇ ਦੀ ਸਿਫਾਰਸ਼ ਦੀ ਜ਼ਰੂਰਤ ਨਹੀਂ।ਉਨ੍ਹਾਂ ਕਿਹਾ ਕਿ ਇਹ ਜਦ ਵੀ ਚਾਹੁਣ ਆਪਣੇ ਪੂਰੇ ਵੇਰਵਿਆਂ ਸਹਿਤ ਸਾਨੂੰ ਆ ਕੇ ਮਿਲ ਸਕਦੇ ਹਨ ਤੇ ਬਣਦੀ ਸਹਾਇਤਾ ਪ੍ਰਾਪਤ ਕਰ ਸਕਦੇ ਹਨ।ਉਨ੍ਹਾਂ ਕਿਹਾ ਕਿ ਜਿਨ੍ਹਾਂ ਧਰਮੀ ਫੌਜੀਆਂ ਨੇ ਅਜੇ ਤੀਕ ਸ਼੍ਰੋਮਣੀ ਕਮੇਟੀ ਪਾਸੋਂ ਨੌਕਰੀ ਜਾਂ ਸਹਾਇਤਾ ਪ੍ਰਾਪਤ ਨਹੀਂ ਕੀਤੀ ਉਹ ਕਿਸੇ ਦਫਤਰੀ ਸਮੇਂ ਵਿੱਚ ਸ਼੍ਰੋਮਣੀ ਕਮੇਟੀ ਨਾਲ ਸੰਪਰਕ ਕਰ ਸਕਦੇ ਹਨ।