10-10-2015-3ਪੁਰਾਤਨ ਲਿਖਤਾਂ ਦੇ ਸੰਪਾਦਨ ਲਈ ਪ੍ਰਮਾਣਿਕਤਾ, ਰਚਨਾਕਾਰ ਤੇ ਤੱਥ-ਤਾਰੀਖਾਂ ਬਹੁਤ ਕੀਮਤੀ ਹਨ : ਡਾ. ਧਰਮ ਸਿੰਘ
ਅੰਮ੍ਰਿਤਸਰ 10 ਅਕਤੂਬਰ – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਕਮੇਟੀ) ਵੱਲੋਂ ਸਿੱਖ ਸਰੋਤ, ਇਤਿਹਾਸਕ ਗ੍ਰੰਥ ਸੰਪਾਦਨਾ ਪ੍ਰੋਜੈਕਟ ਦਾ ਇੱਕਤੀਵਾਂ ਲੈਕਚਰ ਸੰਮੇਲਨ ਕਲਗੀਧਰ ਨਿਵਾਸ ਸੈਕਟਰ ੨੭-ਬੀ ਚੰਡੀਗੜ੍ਹ ਦੇ ਇਕੱਤਰਤਾ ਹਾਲ ਵਿਖੇ ਕਰਵਾਇਆ ਗਿਆ ਜਿਸ ਦਾ ਮੁੱਖ ਵਿਸ਼ਾ ‘ਪੁਰਾਤਨ ਲਿਖਤਾਂ ਦਾ ਸੰਪਾਦਨ:ਸਮੱਸਿਆਵਾਂ ਅਤੇ ਸਮਾਧਾਨ’ ਸੀ।
ਸੈਮੀਨਾਰ ਦੇ ਸ਼ੁਰੂ ਵਿੱਚ ਉਥੇ ਪਹੁੰਚੇ ਵੱਖ-ਵੱਖ ਵਿਦਵਾਨਾਂ, ਰਿਸਰਚ ਸਕਾਲਰਾਂ ਅਤੇ ਸਿਖਿਆਰਥੀਆਂ ਨੂੰ ਸੰਬੋਧਨ ਕਰਦਿਆਂ ਪ੍ਰੋਜੈਕਟ ਦੇ ਡਾਇਰੈਕਟਰ ਤੇ ਪ੍ਰਸਿੱਧ ਵਿਦਵਾਨ ਪ੍ਰੋਫੈਸਰ ਡਾ. ਕਿਰਪਾਲ ਸਿੰਘ ਹਿਸਟੋਰੀਅਨ ਨੇ ਕਿਹਾ ਕਿ ਪੁਰਾਤਨ ਲਿਖਤਾਂ ਦੀ ਸੰਪਾਦਨਾ ਵਿਧੀ ਦਾ ਫੈਸਲਾ ਸੰਪਾਦਕ ਨੇ ਕਰਨਾ ਹੁੰਦਾ ਹੈ ਅਤੇ ਹਰ ਪੁਰਾਤਨ ਲਿਖਤ ਆਪਣੇ ਆਪ ਵਿੱਚ ਇਕ ਵੱਖਰੀ ਸੰਪਾਦਨਾ ਵਿਧੀ ਦੀ ਮੰਗ ਕਰਦੀ ਹੈ।ਇਹ ਵੀ ਕਿ ਸੰਪਾਦਕ ਦਾ ਮਨੋਰਥ ਪੁਰਾਤਨ ਲਿਖਤ ਨੂੰ ਵੱਖੋ-ਵੱਖਰੇ ਦ੍ਰਿਸ਼ਟੀਕੋਣ ਤੋਂ ਵੇਖ ਕੇ ਸਰਲ ਕਰਨਾ ਹੁੰਦਾ ਹੈ।
‘ਪੁਰਾਤਨ ਲਿਖਤਾਂ ਦਾ ਸੰਪਾਦਨ: ਸਮੱਸਿਆਵਾਂ ਅਤੇ ਸਮਾਧਾਨ’ ਵਿਸ਼ੇ ਤੇ ਬੋਲਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਸ੍ਰੀ ਅੰਮ੍ਰਿਤਸਰ ਦੇ ਪੰਜਾਬੀ ਅਧਿਐਨ ਸਕੂਲ ਦੇ ਸਾਬਕਾ ਮੁਖੀ ਡਾ. ਧਰਮ ਸਿੰਘ ਨੇ ਕਿਹਾ ਕਿ ਪੁਰਾਤਨ ਲਿਖਤਾਂ ਦੇ ਸੰਪਾਦਨ ਦਾ ਕਾਰਜ ਗੰਭੀਰਤਾ ਅਤੇ ਗਹਿਰੀ ਖੋਜ ਦੀ ਮੰਗ ਕਰਦਾ ਹੈ।ਉਨ੍ਹਾਂ ਕਿਹਾ ਕਿ ਪੁਰਾਤਨ ਲਿਖਤਾਂ ਦੇ ਸੰਪਾਦਨ ਲਈ ਤਿੰਨ ਨੁਕਤੇ ਪ੍ਰਮਾਣਿਕਤਾ, ਰਚਨਾਕਾਰ ਤੇ ਤੱਥ ਤਾਰੀਖਾਂ ਬਹੁਤ ਹੀ ਕੀਮਤੀ ਹਨ।ਉਨ੍ਹਾਂ ਆਖਿਆ ਕਿ ਪੁਰਾਤਨ ਲਿਖਤਾਂ ਵਿੱਚ ਕਰਤਾ ਅਤੇ ਲਿਖਾਰੀ ਵਿੱਚ ਫ਼ਰਕ ਦੱਸਣਾ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਉਸ ਲਿਖਤ ਦਾ ਰਚਨਾਕਾਰ ਕੋਈ ਹੋਰ ਹੈ ਅਤੇ ਕਲਮ ਨਾਲ ਲਿਖਣ ਵਾਲਾ ਕੋਈ ਹੋਰ।ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਸੰਪਾਦਕ  ਨੂੰ ਪੜਤਾਲ ਤੋਂ ਬਾਅਦ ਹੀ ਗੱਲ ਨੂੰ ਪ੍ਰਵਾਨ ਕਰਨਾ ਚਾਹੀਦਾ ਹੈ ਅਤੇ ਮੋਖਿਕ ਰਵਾਇਤਾਂ ਨੂੰ ਪੁਣ-ਛਾਣ ਕੀਤੇ ਬਿਨਾਂ ਮਾਨਤਾ ਨਹੀਂ ਦੇਣੀ ਚਾਹੀਦੀ।
ਸਮਾਗਮ ਦੇ ਪ੍ਰਧਾਨ ਡਾ. ਜਸਬੀਰ ਸਿੰਘ ਸਾਬਰ ਨੇ ਸਪੱਸ਼ਟ ਆਖਿਆ ਕਿ ਜੇ ਸੰਪਾਦਕ ਜਾਂ ਖੋਜਕਾਰ ਨੂੰ ਕਵਿਤਾ ਦੇ ਰੂਪਾਂ ਦੀ ਸਮਝ ਨਹੀਂ ਤਾਂ ਉਹ ਸੰਪਾਦਨਾ ਤੇ ਖੋਜ ਸਹੀ ਢੰਗ ਨਾਲ ਨਹੀਂ ਕਰ ਸਕਦਾ।ਉਨ੍ਹਾਂ ਪੁਰਾਤਨ ਗੁਰਮੁਖੀ ਲਿਖਤਾਂ ਨੂੰ ਅੱਜ ਦੇ ਸਮੇਂ ਮੁਤਾਬਿਕ ਕਰਨ ਲਈ ਜ਼ੋਰ ਦਿੱਤਾ।ਉਨ੍ਹਾਂ ਇਹ ਵੀ ਕਿਹਾ ਕਿ ਸੰਪਾਦਨ ਅਤੇ ਖੋਜਕਾਰ ਨੂੰ ਵੱਖ-ਵੱਖ ਭਾਸ਼ਾਵਾਂ ਅਤੇ ਅਨੁਸ਼ਾਸ਼ਨਾਂ ਦਾ ਬੋਧ ਹੋਣਾ ਜ਼ਰੂਰੀ ਹੈ।ਉਨ੍ਹਾਂ ਕਿਹਾ ਕਿ ਫ਼ਾਰਸੀ ਅਤੇ ਸੰਸਕ੍ਰਿਤ ਸਿਖੇ ਬਿਨਾਂ ਨਾ ਹੀ ਪੁਰਾਤਨ ਲਿਖਤਾਂ ਨੂੰ ਸਮਝਿਆਂ ਜਾ ਸਕਦਾ ਹੈ ਨਾ ਹੀ ਗੁਰਬਾਣੀ ਦੀ ਰੌਸ਼ਨੀ ਤੱਕ ਪਹੁੰਚਿਆਂ ਜਾ ਸਕਦਾ ਹੈ।ਉਨ੍ਹਾਂ ਕਿਸੇ ਵੀ ਖੋਜ ਲਈ ਪੁਰਾਣੇ ਤੋਂ ਪੁਰਾਣੇ ਖਰੜੇ ਲੱਭਣ ਲਈ ਆਖਿਆ ਤਾਂ ਕਿ ਸਹੀ ਤੱਥਾਂ ਤੱਕ ਪਹੁੰਚਿਆ ਜਾ ਸਕੇ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਕਿਹਾ ਕਿ ਸਾਡੇ ਕੋਲ ਬਹੁਮੁੱਲੇ ਸਰੋਤ ਹਨ ਜਿਨ੍ਹਾਂ ਨੂੰ ਜ਼ਿੰਮੇਵਾਰੀ ਨਾਲ ਸੰਭਾਲਿਆ ਜਾਣਾ ਚਾਹੀਦਾ ਹੈ ਕਿਉਂਕਿ ਪੁਰਾਤਨ ਗ੍ਰੰਥਾਂ ਵਿੱਚ ਆਈ ਮਨਮੱਤ ਤੇ ਗੁਰਮਤਿ ਵਿੱਚ ਨਿਖੇੜਾ ਚਾਹੀਦਾ ਹੈ।
ਲੈਕਚਰ ਬਾਰੇ ਹੋਈ ਬਹਿਸ ਵਿੱਚ ਸ. ਅਸ਼ੋਕ ਸਿੰਘ ਬਾਗੜੀਆਂ, ਸ. ਗੁਰਬਚਨ ਸਿੰਘ, ਡਾ. ਗੁਰਸੇਵਕ ਸਿੰਘ, ਪ੍ਰੋਫੈਸਰ ਕੁਲਵੰਤ ਸਿੰਘ ਤੇ ਪ੍ਰਿੰਸੀਪਲ ਗੁਰਦੀਪ ਸਿੰਘ ਨੇ ਭਾਗ ਲਿਆ।ਸਮਾਗਮ ਵਿੱਚ ਡਾ. ਬਰਿੰਦਰ ਕੌਰ, ਸ. ਗੁਰਦੇਵ ਸਿੰਘ ਬਰਾੜ, ਸ. ਰਵਿੰਦਰਪਾਲ ਸਿੰਘ ਕਪੂਰ, ਸ. ਰਜਿੰਦਰਪਾਲ ਸਿੰਘ ਕਪੂਰ, ਡਾ.ਗੁਰਵੀਰ ਸਿੰਘ ਤੋਂ ਇਲਾਵਾ ਡਾ.ਅਮਰਜੀਤ ਸਿੰਘ, ਸ. ਸ਼ਾਮ ਸਿੰਘ ਅਤੇ ਵੱਖ-ਵੱਖ ਸਕਾਲਰਾਂ, ਸ੍ਰੀ ਗੁਰੂ ਗੰ੍ਰਥ ਸਾਹਿਬ ਵਿੱਦਿਆ ਕੇਂਦਰ ਅਤੇ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ।ਸਟੇਜ ਦਾ ਸੰਚਾਲਨ ਅਸਿਸਟੈਂਟ ਡਾਇਰੈਕਟਰ ਡਾ.ਚਮਕੌਰ ਸਿੰਘ ਨੇ ਅੱਜ ਦੇ ਲੈਕਚਰ ਦੇ ਵਿਸ਼ੇ ਬਾਰੇ ਮਹੱਤਵਪੂਰਨ ਸ਼ਬਦ ਬੋਲਦਿਆਂ ਬਾਖੂਬੀ ਨਿਭਾਇਆ।ਸੈਮੀਨਾਰ ਵਿੱਚ ਪਹੁੰਚੇ ਮਹਿਮਾਨਾਂ ਦਾ ਧੰਨਵਾਦ ਰਿਸਰਚ ਸਕਾਲਰ ਸ. ਸੁਖਵਿੰਦਰ ਸਿੰਘ ਗੱਜਣਵਾਲਾ ਨੇ ਭਾਵ ਪੂਰਤ ਸ਼ਬਦਾਂ ਵਿੱਚ ਕੀਤਾ।