31-12-2015-4ਅੰਮ੍ਰਿਤਸਰ 31 ਦਸੰਬਰ (        ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਹਰ ਸਾਲ ਲਏ ਜਾਂਦੇ ਸਕੂਲਾਂ ਦੇ ਬੱਚਿਆਂ ਦੇ ਗੁਰਬਾਣੀ ਤੇ ਗੁਰ-ਇਤਿਹਾਸ ਸਬੰਧੀ ਇਮਤਿਹਾਨਾਂ ਦੇ ਪਰਚੇ ਚੈੱਕ ਕੀਤੇ ਗਏ।ਇਸ ਮੌਕੇ ਡਾ. ਇੰਦਰਜੀਤ ਸਿੰਘ ਗੋਗੋਆਣੀ, ਡਾ. ਅਮਰਜੀਤ ਸਿੰਘ, ਧਰਮ ਪ੍ਰਚਾਰ ਕਮੇਟੀ ਦੇ ਵਧੀਕ ਸਕੱਤਰ ਸ. ਸੁਖਦੇਵ ਸਿੰਘ ਭੂਰਾਕੋਹਨਾ ਨੇ ਪਰਚੇ ਚੈਕ ਕਰਨ ਤੋਂ ਪਹਿਲਾਂ ਪ੍ਰਚਾਰਕਾਂ ਅਤੇ ਸਕੂਲਾਂ ਦੇ ਧਾਰਮਿਕ ਅਧਿਆਪਕਾਂ ਨੂੰ ਹਿਦਾਇਤਾਂ ਦਿੱਤੀਆਂ।
ਸ. ਭੂਰਾਕੋਹਨਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਬੱਚੇ ਕੌਮ ਦਾ ਭਵਿੱਖ ਹੁੰਦੇ ਹਨ ਤੇ ਭਵਿੱਖ ਨੂੰ ਤਰਾਸ਼ਣ ਲਈ ਉਚੇਰੀ ਵਿਦਿਆ ਦੇ ਨਾਲ-ਨਾਲ ਗੁਰਬਾਣੀ ਅਤੇ ਗੁਰ-ਇਤਿਹਾਸ ਤੋਂ ਜਾਣੂੰ ਹੋਣਾ ਬਹੁਤ ਜ਼ਰੂਰੀ ਹੈ।ਉਨ੍ਹਾਂ ਕਿਹਾ ਕਿ ਅਗਰ ਮਾਪੇ ਤੇ ਅਧਿਆਪਕ ਬੱਚੇ ਨੂੰ ਸ਼ੁਰੂ ਤੋਂ ਹੀ ਦੁਨਿਆਵੀ ਵਿਦਿਆ ਦੇ ਨਾਲ-ਨਾਲ ਗੁਰਮਤਿ ਗੂੜ ਗਿਆਨ ਨਾਲ ਜੋੜਨਾ ਸ਼ੁਰੂ ਕਰ ਦੇਣ ਤਾਂ ਉਹ ਜ਼ਿੰਦਗੀ ਵਿੱਚ ਕਦੇ ਵੀ ਆਪਣੇ ਰਸਤੇ ਤੋਂ ਭਟਕਦਾ ਨਹੀਂ ਤੇ ਸਤਿਗੁਰੂ ਦਾ ਓਟ ਆਸਰਾ ਲੈ ਕੇ ਆਪਣੀ ਮੰਜ਼ਿਲ ਵੱਲ ਵਧਦਾ ਚਲਿਆ ਜਾਂਦਾ ਹੈ।ਉਨ੍ਹਾਂ ਕਿਹਾ ਕਿ ਛੇਵੀਂ ਤੋਂ ਅੱਠਵੀਂ ਤੱਕ ਪਹਿਲੇ ਦਰਜੇ ਅਤੇ ਨੌਵੀਂ ਤੋਂ ਬਾਰਵੀਂ ਤੱਕ ਦੂਜੇ ਦਰਜੇ ਦੇ ਕੁੱਲ ੧ ਲੱਖ ੨੫ ਹਜ਼ਾਰ ਵਿਦਿਆਰਥੀਆਂ ਨੇ ਦਾਖਲਾ ਫਾਰਮ ਭਰੇ ਸਨ।ਉਨ੍ਹਾਂ ਕਿਹਾ ਕਿ ਇਹ ਇਮਤਿਹਾਨ ਪੰਜਾਬ ਅਤੇ ਬਾਕੀ ਸੂਬਿਆਂ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਲਏ ਗਏ ਜਿਨ੍ਹਾਂ ਵਿੱਚ ੧੦੪੪ ਸੈਂਟਰ ਬਣਾਏ ਗਏ।ਉਨ੍ਹਾਂ ਕਿਹਾ ਕਿ ਇਨ੍ਹਾਂ ਇਮਤਿਹਾਨਾਂ ਵਿੱਚੋਂ ਜੋ ਵਿਦਿਆਰਥੀ ੬੦ ਪ੍ਰਤੀਸ਼ਤ ਤੋਂ ਉਪਰ ਨੰਬਰਾਂ ਵਿੱਚ ਪਾਸ ਹੋਏ ਉਨ੍ਹਾਂ ਵਿਚੋਂ ਪਹਿਲੇ ਦਰਜੇ ਵਾਲਿਆਂ ਨੂੰ ਗਿਆਰਾਂ-ਗਿਆਰਾਂ ਸੌ ਰੁਪਏ ਤੇ ਦੂਸਰੇ ਦਰਜੇ ਵਾਲਿਆਂ ਨੂੰ ਇੱਕੀ-ਇੱਕੀ ਸੌ ਰੁਪਏ ਵਜ਼ੀਫ਼ਾ ਦਿੱਤਾ ਜਾਵੇਗਾ।
ਇਸ ਮੌਕੇ ਸ. ਕੁਲਵਿੰਦਰ ਸਿੰਘ ‘ਰਮਦਾਸ’ ਮੀਤ ਸਕੱਤਰ, ਸ. ਇੰਦਰ ਮੋਹਣ ਸਿੰਘ ‘ਅਨਜਾਣ’ ਇੰਚਾਰਜ ਪਬਲੀਸਿਟੀ, ਸ. ਤੇਜਿੰਦਰ ਸਿੰਘ ਪੱਡਾ ਇੰਚਾਰਜ, ਸ. ਦਰਸ਼ਨ ਸਿੰਘ ਤੇ ਸ. ਅਜੀਤ ਸਿੰਘ ਸੁਪਰਵਾਈਜ਼ਰ, ਧਾਰਮਿਕ ਅਧਿਆਪਕ ਅਤੇ ਪ੍ਰਚਾਰਕ ਮੌਜੂਦ ਸਨ।