ਅੰਮ੍ਰਿਤਸਰ : 18 ਫਰਵਰੀ (       )  ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਰਪ੍ਰਸਤੀ ਹੇਠ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁ: ਪ੍ਰ: ਕਮੇਟੀ) ਵਲੋਂ ਸਾਕਾ ਨਨਕਾਣਾ ਸਾਹਿਬ ਦੌਰਾਨ ਸ਼ਹੀਦ ਹੋਏ ਸਿੰਘਾਂ ਦੀ ਯਾਦ ‘ਚ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਵਿਖੇ ਗੁਰਮਤਿ ਸਮਾਗਮ 21 ਫਰਵਰੀ ਨੂੰ ਕਰਵਾਇਆ ਜਾਵੇਗਾ ਜਿਸ ਵਿਚ ਕਾਲਜ ਦੇ ਵਿਦਿਆਰਥੀਆਂ ਵਲੋਂ ਸ਼ਬਦ ਗਾਇਨ ਕੀਤਾ ਜਾਵੇਗਾ ਤੇ ਅਰਦਾਸ ਉਪਰੰਤ ਪ੍ਰਿੰਸੀਪਲ ਬਲਦੇਵ ਸਿੰਘ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅਰੰਭਕ ਭਾਸ਼ਣ ਦੇਣਗੇ।

ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਕਮੇਟੀ) ਤੋਂ ਜਾਰੀ ਪ੍ਰੈਸ ਨੋਟ ਰਾਹੀਂ ਜਾਣਕਾਰੀ ਦਿੰਦਿਆਂ ਸ. ਸੁਖਦੇਵ ਸਿੰਘ ਐਡੀ: ਸਕੱਤਰ ਧਰਮ ਪ੍ਰਚਾਰ ਕਮੇਟੀ ਨੇ ਦੱਸਿਆ ਕਿ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦੌਰਾਨ 1921 ‘ਚ ਨਨਕਾਣਾ ਸਾਹਿਬ ਦੀ ਧਰਤੀ ਤੇ ਵੱਡੀ ਗਿਣਤੀ ਵਿਚ ਮਹੰਤ ਨਰੈਣੂ ਨੇ ਆਪਣੇ ਗੁੰਡਿਆਂ ਰਾਹੀਂ ਮਰਯਾਦਾ ਬਹਾਲੀ ਲਈ ਗੁਰਦੁਆਰਾ ਸਾਹਿਬ ਗਏ ਸ਼ਾਂਤਮਈ ਸਿੰਘਾਂ ‘ਤੇ ਹਮਲਾ ਕਰਵਾਕੇ ਉਨ੍ਹਾਂ ਨੂੰ ਸ਼ਹੀਦ ਕਰਵਾ ਦਿੱਤਾ ਸੀ। ਉਨ੍ਹਾਂ ਸ਼ਹੀਦਾਂ ਦੀ ਯਾਦ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪਹਿਲਾ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਵਿਖੇ 1927 ਵਿਚ ਸ਼ੁਰੂ ਕੀਤਾ ਗਿਆ ਜਿੱਥੇ ਹਰ ਸਾਲ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਤਾਜਾ ਕਰਦਿਆਂ 21 ਫਰਵਰੀ ਨੂੰ ਗੁਰਮਤਿ ਸਮਾਗਮ ਕਰਵਾਇਆ ਜਾਂਦਾ ਹੈ। ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਰਪ੍ਰਸਤੀ ਹੇਠ ਕਰਵਾਏ ਜਾ ਰਹੇ ਇਸ ਗੁਰਮਤਿ ਸਮਾਗਮ ਵਿਚ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਮੁੱਖ ਗੰ੍ਰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਗੰ੍ਰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਡਾ. ਬਲਵੰਤ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਸ੍ਰੀ ਅੰਮ੍ਰਿਤਸਰ, ਡਾ. ਗੁਰਨਾਮ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ, ਭਾਈ ਸਰਬਜੀਤ ਸਿੰਘ ਲੁਧਿਆਣੇ ਵਾਲੇ ਅਤੇ ਭਾਈ ਗੁਰਬਖਸ਼ ਸਿੰਘ ਜੀ ਗੁਲਸ਼ਨ ਯੂ.ਕੇ. ਆਪਣੇ ਵਡਮੁੱਲੇ ਵਿਚਾਰ ਰੱਖਣਗੇ। ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ. ਗੁਰਬਚਨ ਸਿੰਘ ਕਰਮੂੰਵਾਲ ਅੰਤਿੰ੍ਰਗ ਮੈਂਬਰ ਸ਼੍ਰੋਮਣੀ ਗੁ: ਪ੍ਰ: ਕਮੇਟੀ ਸ਼ਾਮਲ ਹੋਣਗੇ ਤੇ ਸਮਾਗਮ ਸਮੇਂ ਪਹੁੰਚੀਆਂ ਹੋਈਆਂ ਸ਼ਖ਼ਸੀਅਤਾਂ ਦਾ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਧੰਨਵਾਦ ਕੀਤਾ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਕਮੇਟੀ) ਦੀ ਸਰਪ੍ਰਸਤੀ ਹੇਠ ਪ੍ਰਚਾਰ ਖੇਤਰ ਵਿਚ ਮੋਹਰੀ ਰੋਲ ਨਿਭਾ ਰਹੇ ਇਸ ਕਾਲਜ ਨੇ ਸਿੰਘ ਸਾਹਿਬ ਗਿਆਨੀ ਸਾਧੂ ਸਿੰਘ, ਸਿੰਘ ਸਾਹਿਬ ਗਿਆਨੀ ਪ੍ਰਤਾਪ ਸਿੰਘ, ਸਿੰਘ ਸਾਹਿਬ ਗਿਆਨੀ ਮਨਜੀਤ ਸਿੰਘ, ਸਿੰਘ ਸਾਹਿਬ ਗਿਆਨੀ ਕੇਵਲ ਸਿੰਘ, ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ, ਗਿਆਨੀ ਜੈਲ ਸਿੰਘ ਸਾਬਕਾ ਰਾਸ਼ਟਰਪਤੀ ਭਾਰਤ, ਡਾ. ਸਾਧੂ ਸਿੰਘ ਹਮਦਰਦ ਬਾਨੀ ਰੋਜ਼ਾਨਾ ਅਜੀਤ, ਭਾਈ ਹਰਜਿੰਦਰ ਸਿੰਘ ਸ੍ਰੀਨਗਰ, ਪਦਮ ਸ੍ਰੀ ਭਾਈ ਨਿਰਮਲ ਸਿੰਘ ਖਾਲਸਾ, ਭਾਈ ਹਰਨਾਮ ਸਿੰਘ, ਭਾਈ ਰਵਿੰਦਰ ਸਿੰਘ, ਭਾਈ ਗੁਰਦੇਵ ਸਿੰਘ, ਭਾਈ ਜਸਵਿੰਦਰ ਸਿੰਘ ਸ਼ਹੂਰ, ਪ੍ਰੋ. ਅਮਰਜੀਤ ਸਿੰਘ (ਤਲਵੰਡੀ ਸਾਬੋ) ਭਾਈ ਸੁਖਵੰਤ ਸਿੰਘ ਜਵੱਦੀ ਟਕਸਾਲ, ਭਾਈ ਅਤਰ ਸਿੰਘ ਯੂ.ਐਸ.ਏ., ਭਾਈ ਗੁਲਾਬ ਸਿੰਘ, ਭਾਈ ਅਮਰੀਕ ਸਿੰਘ ਕਠਿਆਲੀ (ਜਰਮਨੀ), ਭਾਈ ਯਾਦਵਿੰਦਰ ਸਿੰਘ ਸਤਕੋਹਾ (ਪੋਲੈਂਡ), ਭਾਈ ਗੁਰਦਰਸ਼ਨ ਸਿੰਘ (ਅਮਰੀਕਾ), ਪ੍ਰੋ. ਰਵੇਲ ਸਿੰਘ ਆਦਿ ਅਨੇਕਾਂ ਹੀ ਵਿਦਵਾਨ ਹੁਣ ਤੀਕ ਸਿੱਖ ਪੰਥ ਦੀ ਝੋਲੀ ‘ਚ ਪਾਏ ਹਨ। ਜੋ ਇਸ ਕਾਲਜ ਤੋਂ ਪ੍ਰਾਪਤ ਕੀਤੀ ਧਾਰਮਿਕ ਵਿਦਿਆ ਰਾਹੀਂ ਸਿੱਖੀ ਦੇ ਬੂਟੇ ਨੂੰ ਹਰਿਆ-ਭਰਿਆ ਰੱਖਣ ਦੀ ਸਿਰਤੋੜ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਧਰਮ ਪ੍ਰਚਾਰ ਕਮੇਟੀ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਵਿਚ ਇਸ ਕਾਲਜ ਵਿਖੇ ਹਰ ਸਾਲ ਸਮਾਗਮ ਕਰਵਾਕੇ ਉਨ੍ਹਾਂ ਸ਼ਹੀਦਾਂ ਦੀ ਯਾਦ ਨੂੰ ਤਾਜਾ ਕਰਦੀ ਹੈ।