ਅੰਮ੍ਰਿਤਸਰ 25 ਅਕਤੂਬਰ (        ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਦੇਸ਼ਾਂ ਹੇਠ ਸਿੱਖੀ ਦੇ ਪ੍ਰਸਾਰ-ਪ੍ਰਚਾਰ ਲਈ ਧਰਮ ਪ੍ਰਚਾਰ ਕਮੇਟੀ ਵੱਲੋਂ ਸ਼ੁਰੂ ਹੋਇਆ ‘ਗਾਵਹੁ ਸਚੀ ਬਾਣੀ’ ਪ੍ਰੋਗਰਾਮ ਦਾ ਤੀਜਾ ਐਡੀਸ਼ਨ ੨੬ ਅਕਤੂਬਰ ਨੂੰ ਹਰਪਾਲ ਟਿਵਾਣਾ ਕਲਾ ਕੇਂਦਰ, ਨਾਭਾ ਰੋਡ ਨੇੜੇ ਪ੍ਰਦੂਸ਼ਣ ਕੰਟਰੋਲ ਦਫਤਰ, ਪਟਿਆਲਾ ਵਿਖੇ ਹੋਵੇਗਾ।
ਇਥੋਂ ਜਾਰੀ ਪ੍ਰੈਸ ਬਿਆਨ ‘ਚ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਧਰਮ ਪ੍ਰਚਾਰ ਕਮੇਟੀ ਵੱਲੋਂ ਪ੍ਰੋਗਰਾਮ ‘ਗਾਵਹੁ ਸਚੀ ਬਾਣੀ’ ਦੇ ਸਿਰਲੇਖ ਹੇਠ ਪਹਿਲਾ ਐਡੀਸ਼ਨ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਵੱਲਾ ਅੰਮ੍ਰਿਤਸਰ ਵਿਖੇ ਕਰਵਾਇਆ ਗਿਆ ਸੀ ਜਿਸ ਵਿੱਚ ਪੰਜਾਬ ਭਰ ਤੋਂ ਤਕਰੀਬਨ ੯੦੦ ਗੁਰ ਸਿੱਖ ਬੱਚਿਆ ਨੇ ਹਿੱਸਾ ਲਿਆ ਜਿਸ ਵਿਚੋਂ ੨੨ ਬੱਚਿਆਂ ਦੀ ਚੋਣ ਮੈਗਾ ਐਡੀਸ਼ਨ ਵਾਸਤੇ ਹੋਈ।ਉਨ੍ਹਾਂ ਕਿਹਾ ਕਿ ਦੂਜਾ ਐਡੀਸ਼ਨ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ, ਗਿੱਲ ਰੋਡ ਲੁਧਿਆਣਾ ਵਿਖੇ ਹੋਇਆ ਜਿਸ ਵਿੱਚ ੨੦੦ ਤੋਂ ਵੱਧ ਬੱਚਿਆਂ ਨੇ ਭਾਗ ਲਿਆ ਤੇ ਇਥੋਂ ੨੦ ਬੱਚਿਆਂ ਦੀ ਚੋਣ ਅਗਲੇ ਪੜਾਅ ਲਈ ਕੀਤੀ ਗਈ।
ਸ. ਬੇਦੀ ਨੇ ਕਿਹਾ ਕਿ ਇਸ ਪ੍ਰਤੀਯੋਗਤਾ ਵਿੱਚ ੧੬ ਤੋਂ ੨੪ ਸਾਲ ਤੱਕ ਦੀ ਉਮਰ ਦੇ ਪ੍ਰਤੀਯੋਗੀਆਂ ਦੇ ਗੁਰਬਾਣੀ ਕੀਰਤਨ ਮੁਕਾਬਲੇ ਕਰਵਾਏ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਪ੍ਰਤੀਯੋਗਤਾ ਵਿੱਚ ਪਹਿਲੇ, ਦੂਜੇ ਅਤੇ ਤੀਜੇ ਸਥਾਨ ‘ਤੇ ਆਉਣ ਵਾਲੇ ਪ੍ਰਤੀਯੋਗੀਆਂ ਨੂੰ ਕ੍ਰਮਵਾਰ ਪੰਜ ਲੱਖ, ਤਿੰਨ ਲੱਖ ਅਤੇ ਇਕ ਲੱਖ ਰੁਪਏ ਦੀ ਰਾਸ਼ੀ ਇਨਾਮ ਵਜੋਂ ਦਿੱਤੀ ਜਾਵੇਗੀ।ਇਨ੍ਹਾਂ ਤੋਂ ਇਲਾਵਾ ਹੋਰ ਦੋ ਪ੍ਰਤੀਯੋਗੀਆਂ ਨੂੰ ਜਿਨ੍ਹਾਂ ਦਾ ਪ੍ਰਦਰਸ਼ਨ ਬਹੁਤ ਵਧੀਆ ਹੋਵੇਗਾ ਨੂੰ ਪੰਜਾਹ-ਪੰਜਾਹ ਹਜ਼ਾਰ ਰੁਪਏ ਦੀ ਰਾਸ਼ੀ ਇਨਾਮ ਵਜੋਂ ਦਿੱਤੀ ਜਾਵੇਗੀ।ਉਨ੍ਹਾਂ ਕਿਹਾ ਕਿ ਇਨ੍ਹਾਂ ਐਡੀਸ਼ਨਾਂ ਦੌਰਾਨ ੭੨ ਪ੍ਰਤੀਯੋਗੀ ਚੁਣੇ ਜਾਣਗੇ।ਉਨ੍ਹਾਂ ਕਿਹਾ ਕਿ ਮੈਗਾ ਐਡੀਸ਼ਨ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਦੇ ਗਿਆਨੀ ਦਿੱਤ ਸਿੰਘ ਹਾਲ ਵਿੱਚ ੨ ਤੇ ੩ ਨਵੰਬਰ ਨੂੰ ਹੋਵੇਗਾ।