ਦਾਖਲਾ ਫਾਰਮ ਭਰਨ ਦੀ ਅੰਤਿਮ ਮਿਤੀ ੩੧ ਅਗਸਤ
ਅੰਮ੍ਰਿਤਸਰ 24 ਅਗਸਤ (       )   ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਕਮੇਟੀ) ਵੱਲੋਂ ਇਸ ਸਾਲ ਨਵੰਬਰ ੨੦੧੬ ਨੂੰ ਪੂਰੇ ਭਾਰਤ ਵਿੱਚ ਹੋਣ ਵਾਲੀ ਧਾਰਮਿਕ ਪ੍ਰੀਖਿਆ ਵਿੱਚ ਸ਼ਾਮਲ ਹੋਣ ਲਈ ਸਮੂਹ ਸਕੂਲਾਂ/ਕਾਲਜਾਂ ਦੇ ਮੁਖੀ ਆਪਣੇ ਵਿਦਿਅਕ ਅਦਾਰਿਆਂ ਦੇ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਾ. ਰੂਪ ਸਿੰਘ ਸਕੱਤਰ ਨੇ ਇਥੋਂ ਜਾਰੀ ਪ੍ਰੈਸ ਬਿਆਨ ‘ਚ ਕੀਤਾ।
ਉਨ੍ਹਾਂ ਕਿਹਾ ਕਿ ਧਾਰਮਿਕ ਪ੍ਰੀਖਿਆ ਦੇ ਦਾਖਲਾ ਫਾਰਮ ਧਾਰਮਿਕ ਪ੍ਰੀਖਿਆ ਵਿਭਾਗ ਤੋਂ ਮੁਫਤ ਪ੍ਰਾਪਤ ਕੀਤੇ ਜਾ ਸਕਦੇ ਹਨ।ਉਨ੍ਹਾਂ ਕਿਹਾ ਕਿ ਧਾਰਮਿਕ ਪ੍ਰੀਖਿਆ ਦਾ ਸਿਲੇਬਸ ਤੇ ਫਾਰਮ (ਦਰਜਾ ਪਹਿਲਾ, ਦੂਜਾ, ਤੀਜਾ ਤੇ ਚੌਥਾ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੈਬਸਾਈਟ www.sgpc.net ਤੋਂ ਵੀ ਡਾਊਨਲੋਡ ਕੀਤਾ ਜਾ ਸਕਦਾ ਹੈ।ਉਨ੍ਹਾਂ ਦੱਸਿਆ ਕਿ ਇਸ ਪ੍ਰੀਖਿਆ ਵਿੱਚ ਛੇਵੀਂ ਕਲਾਸ ਤੋਂ ਲੈ ਕੇ ਪੋਸਟ ਗ੍ਰੈਜੂਏਸ਼ਨ ਕਲਾਸ ਦੇ ਰੈਗੂਲਰ ਵਿਦਿਆ ਪ੍ਰਾਪਤ ਕਰ ਰਹੇ ਵਿਦਿਆਰਥੀ ਹਿੱਸਾ ਲੈ ਸਕਦੇ ਹਨ।ਉਨ੍ਹਾਂ ਕਿਹਾ ਕਿ ਦਾਖਲਾ ਫਾਰਮ ਭਰਨ ਦੀ ਅੰਤਿਮ ਮਿਤੀ ੩੧ ਅਗਸਤ ੨੦੧੬ ਹੈ ਤੇ ਦਾਖਲਾ ਫੀਸ ਦਰਜੇ ਮੁਤਾਬਕ ੫, ੧੦, ੧੫, ੨੦ ਰੁਪਏ ਹੈ।ਉਨ੍ਹਾਂ ਕਿਹਾ ਕਿ ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀਆਂ ਨੂੰ ਪਹਿਲੇ, ਦੂਜੇ, ਤੀਜੇ ਅਤੇ ਚੌਥੇ ਦਰਜੇ ਵਿੱਚ ਕ੍ਰਮਵਾਰ ੧੧੦੦, ੨੧੦੦, ੩੧੦੦ ਅਤੇ ੪੧੦੦ ਰੁਪਏ ਵਜ਼ੀਫੇ ਦਿੱਤੇ ਜਾਂਦੇ ਹਨ।
ਉਨ੍ਹਾਂ ਕਿਹਾ ਕਿ ਸਾਰੇ ਦਰਜਿਆਂ ਵਿਚੋਂ ਪਹਿਲੇ, ਦੂਜੇ ਅਤੇ ਤੀਜੇ ਸਥਾਨ ਪੁਰ ਆਉਣ ਵਾਲੇ ਵਿਦਿਆਰਥੀਆਂ ਨੂੰ ਉਕਤ ਵਜ਼ੀਫੇ ਤੋਂ ਇਲਾਵਾ ਕ੍ਰਮਵਾਰ ੨੧੦੦, ੧੫੦੦ ਅਤੇ ੧੧੦੦ ਰੁਪਏ ਵਿਸ਼ੇਸ਼ ਸਨਮਾਨ ਵੀ ਦਿੱਤੇ ਜਾਂਦੇ ਹਨ।ਉਨ੍ਹਾਂ ਕਿਹਾ ਕਿ ਇਸ ਪ੍ਰੀਖਿਆ ਸਬੰਧੀ ਵਧੇਰੇ ਜਾਣਕਾਰੀ ਲਈ ਦਫਤਰ ਦੇ ਟੈਲੀਫੋਨ ਨੰਬਰ ੦੧੮੩-੨੫੫੩੯੫੬-੬੦, (ਐਕਸਟੈਨਸ਼ਨ ੩੦੫) ਅਤੇ ਮੋਬਾਈਲ ਨੰਬਰ ੯੮੧੪੮-੯੮੨੬੩ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।