ਸਿੱਖ ਸਰੋਤ, ਇਤਿਹਾਸਕ ਗ੍ਰੰਥ ਸੰਪਾਦਨਾ ਪ੍ਰੋਜੈਕਟ ਦਾ ਇੱਕਤੀਵਾਂ ਲੈਕਚਰ  
logoਅੰਮ੍ਰਿਤਸਰ 23 ਸਤੰਬਰ – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਕਮੇਟੀ) ਵੱਲੋਂ ਸਿੱਖ ਸਰੋਤ, ਇਤਿਹਾਸਕ ਗ੍ਰੰਥ ਸੰਪਾਦਨਾ ਪ੍ਰੋਜੈਕਟ ਦਾ ਇੱਕਤੀਵਾਂ ਲੈਕਚਰ ਸੰਮੇਲਨ ਮਿਤੀ ੯ ਅਕਤੂਬਰ ੨੦੧੫ ਦਿਨ ਸ਼ੁੱਕਰਵਾਰ ਨੂੰ ਸਵੇਰੇ ੧੦.੩੦ ਵਜੇ ਕਲਗੀਧਰ ਨਿਵਾਸ ਸੈਕਟਰ ੨੭-ਬੀ ਚੰਡੀਗੜ੍ਹ ਦੇ ਮੀਟਿੰਗ ਹਾਲ ਵਿਖੇ ਰੱਖਿਆ ਗਿਆ ਹੈ।
ਇਥੋਂ ਜਾਰੀ ਪ੍ਰੈੱਸ ਬਿਆਨ ਵਿੱਚ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਸਿੱਖ ਸਰੋਤ ਇਤਿਹਾਸਕ ਗ੍ਰੰਥ ਸੰਪਾਦਨਾ ਪ੍ਰੋਜੈਕਟ, ਚੰਡੀਗੜ੍ਹ ਵੱਲੋਂ ਲੈਕਚਰ ਲੜੀ ਸ਼ੁਰੂ ਕੀਤੀ ਹੋਈ ਹੈ ਜਿਸ ਵਿੱਚ ਵੱਖ-ਵੱਖ ਖੇਤਰਾਂ ਦੇ ਅਕਾਦਮਿਕ ਮਾਹਰ ਆਪਣੇ ਗਿਆਨ ਅਤੇ ਤਜ਼ਰਬੇ ਰਾਹੀਂ ਖੋਜਕਾਰਾਂ ਅਤੇ ਲੇਖਕਾਂ ਦਾ ਮਾਰਗ ਦਰਸ਼ਨ ਕਰਦੇ ਹਨ।ਉਨ੍ਹਾਂ ਕਿਹਾ ਕਿ ਇਸ ਸਬੰਧੀ ਵਿਦਵਾਨਾਂ ਵੱਲੋਂ ਪੁਰਾਤਨ ਇਤਿਹਾਸਕ ਸਰੋਤਾਂ ਦੇ ਸੰਪਾਦਨ, ਅਨੁਵਾਦ, ਵਿਆਖਿਆ ਅਤੇ ਵਿਸ਼ਲੇਸ਼ਣ ਨਾਲ ਸਬੰਧਤ ਵੱਖ-ਵੱਖ ਪਹਿਲੂਆਂ ਵਿਚੋਂ ਕਿਸੇ ਇਕ ਵਿਸ਼ੇ ‘ਤੇ ਲੈਕਚਰ ਪੇਸ਼ ਕੀਤਾ ਜਾਂਦਾ ਹੈ।
ਸ. ਬੇਦੀ ਨੇ ਦੱਸਿਆ ਕਿ ਇਸ ਵਾਰ ਲੈਕਚਰ ਪ੍ਰਸਿੱਧ ਵਿਦਵਾਨ ਡਾ. ਧਰਮ ਸਿੰਘ ਸਾਬਕਾ ਪ੍ਰੋਫੈਸਰ ਅਤੇ ਮੁੱਖੀ ਪੰਜਾਬੀ ਅਧਿਐਨ ਸਕੂਲ, ਗੁਰੂ ਨਾਨਕ ਦੇਵ ਯੂਨੀਵਰਸਿਟੀ ਸ੍ਰੀ ਅੰਮ੍ਰਿਤਸਰ ਵੱਲੋਂ ‘ਪੁਰਾਤਨ ਲਿਖਤਾਂ ਦਾ ਸੰਪਾਦਨ : ਸਮੱਸਿਆਵਾਂ ਅਤੇ ਸਮਾਧਾਨ’ ਵਿਸ਼ੇ ਤੇ ਪੇਸ਼ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਪ੍ਰਸਿੱਧ ਵਿਦਵਾਨ ਪ੍ਰੋਫੈਸਰ ਡਾ. ਕਿਰਪਾਲ ਸਿੰਘ ਹਿਸਟੋਰੀਅਨ ਦੀ ਅਗਵਾਈ ਹੇਠ ਇਹ ਲੈਕਚਰ ਲੜੀ ਚੱਲ ਰਹੀ ਹੈ।ਇਸ ਲੈਕਚਰ ਦੀ ਪ੍ਰਧਾਨਗੀ ਡਾ: ਜਸਬੀਰ ਸਿੰਘ ਸਾਬਰ, ਸਾਬਕਾ ਪ੍ਰੋਫੈਸਰ ਤੇ ਮੁਖੀ ਗੁਰੂ ਨਾਨਕ ਅਧਿਐਨ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਸ੍ਰੀ ਅੰਮ੍ਰਿਤਸਰ ਕਰਨਗੇ ਤੇ ਸ. ਹਰਚਰਨ ਸਿੰਘ ਮੁੱਖ ਸਕੱਤਰ ਸ਼੍ਰੋਮਣੀ ਕਮੇਟੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।ਇਸ ਮੌਕੇ ਡਾ: ਰੂਪ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਣਗੇ।