ਅੰਮ੍ਰਿਤਸਰ 1 ਦਸੰਬਰ (         ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਪ੍ਰਤੀਨਿਧ ਧਾਰਮਿਕ ਸੰਸਥਾ ਹੋਣ ਦੇ ਨਾਤੇ ਆਪਣੀ ਧਰਮ ਪ੍ਰਚਾਰ ਪ੍ਰਤੀ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਅ ਰਹੀ ਹੈ।ਇਸ ਆਸ਼ੇ ਤਹਿਤ ਨੌਜਵਾਨਾਂ ਨੂੰ ਧਾਰਮਿਕ ਅਤੇ ਨੈਤਿਕ ਸਰੋਕਾਰਾਂ ਨਾਲ ਜੋੜਨ ਲਈ ਸ਼੍ਰੋਮਣੀ ਕਮੇਟੀ ਹਮੇਸ਼ਾ ਯਤਨਸ਼ੀਲ ਰਹੀ ਹੈ ਅਤੇ ਇਸ ਦੇ ਧਾਰਮਿਕ ਵਿੰਗ ਧਰਮ ਪ੍ਰਚਾਰ ਕਮੇਟੀ ਦੀਆਂ ਗਤੀਵਿਧੀਆਂ ਸਿੱਖ ਧਰਮ ਦੇ ਪ੍ਰਚਾਰ ਦੀਆਂ ਨਵੀਆਂ ਵਿਉਂਤਬੰਦੀਆਂ ਵੱਲ ਨਿਰੰਤਰ ਸੇਧਤ ਰਹਿੰਦੀਆਂ ਹਨ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤਾ।
ਇਥੋਂ ਜਾਰੀ ਪ੍ਰੈੱਸ ਬਿਆਨ ‘ਚ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਕਿਹਾ ਕਿ ਧਰਮ ਪ੍ਰਚਾਰ ਕਮੇਟੀ ਦੀ ਭੂਮਿਕਾ ਹਮੇਸ਼ਾ ਸਾਰਥਿਕ ਰਹੀ ਹੈ ਅਤੇ ਨਿੱਤ ਨਵੀਆਂ ਪੁਲਾਂਘਾ ਅਤੇ ਬੁਲੰਦ ਨਤੀਜੇ ਇਸ ਦਾ ਹਾਸਿਲ ਹਨ।ਇਸ ਸਬੰਧ ਵਿੱਚ ਉਨ੍ਹਾਂ ਧਰਮ ਪ੍ਰਚਾਰ ਕਮੇਟੀ ਵੱਲੋਂ ਅੱਜ ਸਮਾਪਤ ਹੋਈ ਧਾਰਮਿਕ ਪ੍ਰੀਖਿਆ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਕੂਲੀ ਵਿਦਿਆਰਥੀਆਂ ਨੂੰ ਸਿੱਖ ਇਤਿਹਾਸ, ਸਿੱਖ ਸਿਧਾਂਤਾਂ ਅਤੇ ਸਿੱਖ ਰਹਿਤ ਮਰਯਾਦਾ ਨਾਲ ਜੋੜਨ ਲਈ ਧਾਰਮਿਕ ਪ੍ਰੀਖਿਆ ਦਾ ਵਿਸ਼ੇਸ਼ ਸਥਾਨ ਹੈ।ਉਨ੍ਹਾਂ ਕਿਹਾ ਕਿ ਲੰਮੇ ਅਰਸੇ ਤੋਂ ਚੱਲ ਰਹੀ ਧਾਰਮਿਕ ਪ੍ਰੀਖਿਆ ਦੁਆਰਾ ਹੁਣ ਤੱਕ ਲੱਖਾਂ ਹੀ ਵਿਦਿਆਰਥੀਆਂ ਨੂੰ ਸਿੱਖੀ ਦੀਆਂ ਮੁੱਲਵਾਨ ਕਦਰਾਂ-ਕੀਮਤਾਂ ਅਤੇ ਗੁਰਬਾਣੀ ਨਾਲ ਜੋੜਿਆ ਜਾ ਚੁੱਕਾ ਹੈ।ਉਨ੍ਹਾਂ ਦੱਸਿਆ ਕਿ ਇਸ ਵਾਰ ਧਾਰਮਿਕ ਪ੍ਰੀਖਿਆ ਵਿਚ ਇੱਕ ਲੱਖ ਤੋਂ ਵੱਧ ਬੱਚੇ/ਬੱਚੀਆਂ ਦਾ ਦਾਖਲਾ ਇਸ ਗੱਲ ਦਾ ਗਵਾਹ ਹੈ ਕਿ ਨੌਜਵਾਨ ਆਪਣੇ ਧਰਮ ਦੀ ਜਾਣਕਾਰੀ ਪ੍ਰਾਪਤ ਕਰਨ ਦੀ ਪ੍ਰਬਲ ਰੁਚੀ ਰੱਖਦੇ ਹਨ।ਉਨ੍ਹਾਂ ਨੇ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਧਰਮ ਪ੍ਰਚਾਰ ਪ੍ਰਤੀ ਅੱਜ ਤੱਕ ਪ੍ਰਚਾਰਕਾਂ ਨੂੰ ਜੋ ਵੀ ਟੀਚਾ ਦਿੱਤਾ ਗਿਆ ਹੈ, ਉਸ ਤੋਂ ਕਿਤੇ ਜ਼ਿਆਦਾ ਨਤੀਜੇ ਇਨ੍ਹਾਂ ਨੇ ਦਿੱਤੇ ਹਨ।ਉਨ੍ਹਾਂ ਕਿਹਾ ਕਿ ਧਾਰਮਿਕ ਪ੍ਰੀਖਿਆ ਵਿੱਚ ਸ਼ਾਮਲ ਹੋਏ ਇੱਕ ਲੱਖ ਤੋਂ ਜ਼ਿਆਦਾ ਬੱਚੇ ਅਧਿਕਾਰੀਆਂ ਅਤੇ ਪ੍ਰਚਾਰਕਾਂ ਦੀ ਸਖਤ ਮਿਹਨਤ ਦਾ ਨਤੀਜਾ ਹਨ।
ਉਨ੍ਹਾਂ ਸਿੱਖ ਮਾਪਿਆਂ ਨੂੰ ਬੱਚਿਆਂ ਅੰਦਰ ਧਾਰਮਿਕ ਭਾਵਨਾਵਾਂ ਦਾ ਸੰਚਾਰ ਕਰਨ ਲਈ ਅੱਗੇ ਆਉਣ ਨੂੰ ਲਾਜ਼ਮੀ ਕਰਾਰ ਦਿੰਦਿਆਂ ਕਿਹਾ ਕਿ ਬੱਚਿਆਂ ਦੀ ਸ਼ਖ਼ਸੀਅਤ ਦੇ ਮੁਕੰਮਲ ਵਿਕਾਸ ਲਈ ਵਿਵਹਾਰਕ ਸਿੱਖਿਆ ਦੇ ਨਾਲ-ਨਾਲ ਨੈਤਿਕ ਗੁਣਾਂ ਦੀ ਵੀ ਵੱਡੀ ਮਹਾਨਤਾ ਹੁੰਦੀ ਹੈ ਅਤੇ ਇਸ ਸੁਮੇਲ ਲਈ ਮਾਪਿਆ ਨੂੰ ਪਹਿਲ ਕਦਮੀ ਕਰਨੀ ਚਾਹੀਦੀ ਹੈ।ਆਪਣੇ ਬੱਚਿਆਂ ਨੂੰ ਜੇਕਰ ਮਾਪੇ ਧਾਰਮਿਕ ਰਹੁਰੀਤਾਂ ਤੇ ਨੈਤਿਕ ਮੁੱਲਾਂ ਨਾਲ ਜੋੜਨ ਲਈ ਉਪਰਾਲਾ ਕਰਨਗੇ ਤਾਂ ਬੱਚੇ ਜ਼ਰੂਰ ਹੀ ਸੱਭਿਅਕ ਬਣਨਗੇ।ਉਨ੍ਹਾਂ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਧਾਰਮਿਕ ਪ੍ਰੀਖਿਆਂ ਤੇ ਸਿੱਖ ਧਰਮ ਅਧਿਐਨ ਪੱਤਰ-ਵਿਹਾਰ ਕੋਰਸ ਨੌਜਵਾਨਾਂ ਅੰਦਰ ਧਾਰਮਿਕ ਤੇ ਨੈਤਿਕ ਸਿੱਖਿਆ ਦਾ ਸੰਚਾਰ ਕਰਨ ਲਈ ਹੀ ਚਲਾਏ ਜਾ ਰਹੇ ਹਨ, ਜਿਸ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਮਾਪੇ ਬੱਚਿਆਂ ਨੂੰ ਪ੍ਰੇਰਤ ਕਰਨ।ਉਨ੍ਹਾਂ ਕਿਹਾ ਕਿ ਧਾਰਮਿਕ ਪ੍ਰੀਖਿਆ ‘ਚੋਂ ਪੁਜੀਸ਼ਨਾਂ ਹਾਸਿਲ ਕਰਨ ਵਾਲੇ ਬੱਚਿਆਂ ਨੂੰ ਹੌਂਸਲਾ ਅਫਜਾਈ ਲਈ ਲੱਖਾਂ ਰੁਪਏ ਦੀ ਵਜ਼ੀਫਾ ਰਾਸ਼ੀ ਵੀ ਦਿੱਤੀ ਜਾਂਦੀ ਹੈ।