logoਅੰਮ੍ਰਿਤਸਰ ੮ ਅਕਤੂਬਰ (        ) ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਕਮੇਟੀ) ਵੱਲੋਂ ਬਾਬਾ ਆਇਆ ਸਿੰਘ ਰਿਆੜਕੀ ਕਾਲਜ ਤੁਗਲਵਾਲਾ ਵਿਖੇ ਮਹਾਨ ਪੰਥ ਪ੍ਰਚਾਰਕ ਤੇ ਮੈਂਬਰ ਧਰਮ ਪ੍ਰਚਾਰ ਕਮੇਟੀ ਸਵ: ਗਿਆਨੀ ਮੇਵਾ ਸਿੰਘ ਦੀ ਪਵਿੱਤਰ ਯਾਦ ਨੂੰ ਸਮਰਪਿਤ ਸੋਲਵਾਂ ਸਲਾਨਾ ਗੁਰਮਤਿ ਕੈਂਪ ਮਿਤੀ ੧੨ ਤੋਂ ੧੭ ਅਕਤੂਬਰ ੨੦੧੫ ਤੀਕ ਮਨਾਇਆ ਜਾ ਰਿਹਾ ਹੈ।
ਇਥੋਂ ਜਾਰੀ ਪ੍ਰੈੱਸ ਬਿਆਨ ‘ਚ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸੋਲਵਾਂ ਸਲਾਨਾ ਗਿਆਨੀ ਮੇਵਾ ਸਿੰਘ ਗੁਰਮਤਿ ਕੈਂਪ ਸਮੇਂ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ (ਲੁਧਿਆਣੇ ਵਾਲੇ), ਸਿੰਘ ਸਾਹਿਬ ਗਿਆਨੀ ਮਾਨ ਸਿੰਘ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਡਾ. ਰੂਪ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ, ਡਾ. ਜਸਬੀਰ ਸਿੰਘ ਸਾਬਰ, ਡਾ. ਬਲਵੰਤ ਸਿੰਘ ਢਿਲੋਂ, ਡਾ. ਇੰਦਰਜੀਤ ਸਿੰਘ ਗੋਗੋਆਣੀ, ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ, ਸ. ਵਰਿਆਮ ਸਿੰਘ, ਡਾ. ਅਮਰਜੀਤ ਸਿੰਘ. ਡਾ.ਪਰਮਵੀਰ ਸਿੰਘ ਤੇ ਜਥੇਦਾਰ ਕਸ਼ਮੀਰ ਸਿੰਘ ਬਰਿਆਰ ਉਚੇਚੇ ਤੌਰ ‘ਤੇ ਸ਼ਿਰਕਤ ਕਰਨਗੇ।ਉਨ੍ਹਾਂ ਕਿਹਾ ਕਿ ਗੁਰਮਤਿ ਵਿਚਾਰਾਂ ਲਈ ਪਹੁੰਚ ਰਹੇ ਪੰਥਕ ਬੁਲਾਰਿਆਂ ‘ਚ ਬੀਬੀ ਮਨਜੀਤ ਕੌਰ, ਭਾਈ ਜਸਵਿੰਦਰ ਸਿੰਘ ਸ਼ਹੂਰ, ਡਾ. ਜੋਗੇਸ਼ਵਰ ਸਿੰਘ, ਡਾ. ਗੁਰਵੀਰ ਸਿੰਘ ਤੇ ਡਾ. ਚਮਕੌਰ ਸਿੰਘ ਸ਼ਾਮਲ ਹਨ।
ਸ. ਬੇਦੀ ਨੇ ਦੱਸਿਆ ਕਿ ਭਾਈ ਅਮਰੀਕ ਸਿੰਘ ਚਿਟੀ, ਭਾਈ ਜਗਦੇਵ ਸਿੰਘ ਪਠਾਨਕੋਟ, ਬੀਬੀ ਰੁਪਿੰਦਰ ਕੌਰ, ਭਾਈ ਪਰਮਿੰਦਰ ਸਿੰਘ ਤੇ ਭਾਈ ਸਰਬਜੀਤ ਸਿੰਘ ਢੋਟੀਆ ਪ੍ਰਚਾਰਕ ਸਾਹਿਬਾਨ, ਭਾਈ ਕਰਨੈਲ ਸਿੰਘ ਹਜ਼ੂਰੀ ਰਾਗੀ ਜਥਾ, ਭਾਈ ਜਰਨੈਲ ਸਿੰਘ ਖੁੰਡਾ ਢਾਡੀ ਜਥਾ ਤੇ ਭਾਈ ਜੋਗਾ ਸਿੰਘ ਭਾਗੋਵਾਲ ਕਵੀਸ਼ਰੀ ਜਥਾ ਆਪਣੀਆਂ ਹਾਜ਼ਰੀਆਂ ਲਗਵਾਉਣਗੇ।ਉਨ੍ਹਾਂ ਕਿਹਾ ਕਿ ਗੁਰਮਤਿ ਕੈਂਪ ਦੌਰਾਨ ਚਿੱਤਰ ਪ੍ਰਦਰਸ਼ਨੀ ਵੀ ਚੱਲੇਗੀ ਅਤੇ ੧੭ ਅਕਤੂਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਜ ਪਿਆਰੇ ਸਾਹਿਬਾਨ ਅੰਮ੍ਰਿਤ ਸੰਚਾਰ ਕਰਵਾਉਣਗੇ।ਉਨ੍ਹਾਂ ਦੱਸਿਆ ਕਿ ਗੁਰਮਤਿ ਕੈਂਪ ਨੂੰ ਸੁਚਾਰੂ ਢੰਗ ਨਾਲ ਚਲਾਉਣ ਦਾ ਕਾਰਜ ਸ. ਬਲਵਿੰਦਰ ਸਿੰਘ ਜੌੜਾਸਿੰਘਾ ਵਧੀਕ ਸਕੱਤਰ ਧਰਮ ਪ੍ਰਚਾਰ ਕਮੇਟੀ ਤੇ ਸ. ਸਵਰਨ ਸਿੰਘ ਪ੍ਰਿੰਸੀਪਲ ਬਾਬਾ ਆਇਆ ਸਿੰਘ ਰਿਆੜਕੀ ਕਾਲਜ ਤੁਗਲਵਾਲਾ, ਗੁਰਦਾਸਪੁਰ ਕਰਨਗੇ।