ਅੰਮ੍ਰਿਤਸਰ 28 ਜੁਲਾਈ (        ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਕਮੇਟੀ) ਵੱਲੋਂ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਚਲਾਏ ਜਾ ਰਹੇ ਵਿਦਿਅਕ ਅਦਾਰਿਆਂ ਅਤੇ ਸਰਕਾਰੀ/ਗੈਰ ਸਰਕਾਰੀ ਸਕੂਲਾਂ/ਕਾਲਜਾਂ ਦੇ ਮੁੱਖੀਆਂ/ਪ੍ਰਬੰਧਕਾਂ ਨੂੰ ਵਿਦਿਆ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਨੂੰ ਦੁਨਿਆਵੀ ਵਿਦਿਆ ਦੇ ਨਾਲ-ਨਾਲ ਧਾਰਮਿਕ ਵਿਦਿਆ ਦੇਣ ਦੇ ਮਨੋਰਥ ਨਾਲ ਨਵੰਬਰ 2015 ਵਿੱਚ ਹੋਣ ਵਾਲੀ ਇਸ ਪ੍ਰੀਖਿਆ ਵਿੱਚ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਸ਼ਾਮਲ ਕਰਨ ਦੀ ਅਪੀਲ ਕੀਤੀ ਜਾਂਦੀ ਹੈ।

ਇਥੋਂ ਜਾਰੀ ਪ੍ਰੈਸ ਬਿਆਨ ‘ਚ ਸ. ਬਲਵਿੰਦਰ ਸਿੰਘ ਜੌੜਾਸਿੰਘਾ ਵਧੀਕ ਸਕੱਤਰ ਧਰਮ ਪ੍ਰਚਾਰ ਕਮੇਟੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਧਾਰਮਿਕ ਪ੍ਰੀਖਿਆ ਨਾਲ ਸਿਲੇਬਸ ਅਤੇ ਦਾਖਲਾ ਫਾਰਮ ਸ਼੍ਰੋਮਣੀ ਕਮੇਟੀ ਦੀ ਵੈਬਸਾਈਟ www.sgpc.net ਤੋਂ ਡਾਊਨਲੋਡ ਜਾਂ ਧਾਰਮਿਕ ਪ੍ਰੀਖਿਆ ਵਿਭਾਗ, ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਕਮੇਟੀ) ਸ੍ਰੀ ਅੰਮ੍ਰਿਤਸਰ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ।ਉਨ੍ਹਾਂ ਦੱਸਿਆ ਕਿ ਪ੍ਰੀਖਿਆ ਵਿੱਚ ਪਹਿਲੇ ਦਰਜੇ ਵਾਸਤੇ 6ਵੀਂ ਤੋਂ 9ਵੀਂ ਕਲਾਸ, ਦੂਜੇ ਦਰਜੇ ਲਈ 9ਵੀਂ ਤੋਂ 10+2 ਕਲਾਸ, ਤੀਜੇ ਦਰਜੇ ਲਈ ਗ੍ਰੈਜੂਏਸ਼ਨ ਅਤੇ ਦਰਜਾ ਚੌਥੇ ਲਈ ਪੋਸਟ ਗ੍ਰੈਜੂਏਸ਼ਨ ਵਿੱਚ ਰੈਗੂਲਰ ਵਿਦਿਆ ਪ੍ਰਾਪਤ ਕਰ ਰਹੇ ਵਿਦਿਆਰਥੀ ਹਿੱਸਾ ਲੈ ਸਕਦੇ ਹਨ।ਉਨ੍ਹਾਂ ਕਿਹਾ ਕਿ ਪਾਸ ਹੋਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਘੱਟੋਂ-ਘੱਟ 60 ਫੀਸਦੀ ਨੰਬਰ ਲੈ ਕੇ ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀਆਂ ਨੂੰ ਕ੍ਰਮਵਾਰ 1100, 2100, 3100 ਤੇ 4100 ਰੁਪਏ ਸਲਾਨਾ ਵਜ਼ੀਫਾ ਤੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਜ਼ੀਫੇ ਤੋਂ ਇਲਾਵਾ ਕ੍ਰਮਵਾਰ 5100, 4100 ਤੇ 3100 ਰੁਪਏ ਇਨਾਮ ਵਜੋਂ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਦਾਖਲਾ ਫਾਰਮ ਦਫ਼ਤਰ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਕਮੇਟੀ) ਸ੍ਰੀ ਅੰਮ੍ਰਿਤਸਰ ਵਿਖੇ ਜਮ੍ਹਾਂ ਕਰਵਾਉਣ ਦੀ ਆਖਰੀ ਤਾਰੀਖ 31 ਅਗਸਤ 2015 ਹੈ।