ਲੁਧਿਆਣਾ ਦੀ ਬੀਬੀ ਰੁਪਿੰਦਰ ਕੌਰ ਨੇ ਹਾਸਲ ਕੀਤਾ ਪਹਿਲਾ ਸਥਾਨ

ਅੰਮ੍ਰਿਤਸਰ, 27 ਮਈ :- ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਵੱਲੋਂ ਗੁਰਮਤਿ ਦੇ ਪ੍ਰਚਾਰ ਤੇ ਪ੍ਰਸਾਰ ਤਹਿਤ ਚਲਾਏ ਜਾ ਰਹੇ ਦੋ ਸਾਲਾ ਸਿੱਖ ਧਰਮ ਅਧਿਐਨ ਪੱਤਰ-ਵਿਹਾਰ ਕੋਰਸ ਦਾ ਨਤੀਜਾ ਅੱਜ ਧਰਮ ਪ੍ਰਚਾਰ ਕਮੇਟੀ ਦੇ ਐਡੀਸ਼ਨਲ ਸਕੱਤਰ ਸ. ਹਰਭਜਨ ਸਿੰਘ ਮਨਾਵਾਂ ਵੱਲੋਂ ਜਾਰੀ ਕੀਤਾ ਗਿਆ, ਜਿਸ ਵਿਚ ਬੀਬੀ ਰੁਪਿੰਦਰ ਕੌਰ ਜ਼ਿਲ੍ਹਾ ਲੁਧਿਆਣਾ ਨੇ ਪਹਿਲਾ, ਬੀਬੀ ਕੁਲਵਿੰਦਰ ਕੌਰ ਜ਼ਿਲ੍ਹਾ ਗੁਰਦਾਸਪੁਰ ਨੇ ਦੂਜਾ ਅਤੇ ਸ੍ਰੀ ਮੀਰ ਚੰਦ ਜ਼ਿਲ੍ਹਾ ਫਾਜ਼ਿਲਕਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ 57 ਵਿਦਿਆਰਥੀਆਂ ਨੇ 80% ਤੋਂ ਵੱਧ ਅੰਕ ਪ੍ਰਾਪਤ ਕਰਕੇ ਮੈਰਿਟ ਵਿਚ ਨਾਮ ਦਰਜ ਕਰਵਾਇਆ।

ਇਸ ਸਬੰਧੀ ਸ. ਹਰਭਜਨ ਸਿੰਘ ਮਨਾਵਾਂ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਦੀ ਅਗਵਾਈ ਵਿਚ ਧਰਮ ਪ੍ਰਚਾਰ ਲਈ ਵਡਮੁੱਲੇ ਯਤਨ ਕੀਤੇ ਜਾ ਰਹੇ ਹਨ ਅਤੇ ਇਸ ਤਹਿਤ ਪ੍ਰਚਾਰਕਾਂ ਅਤੇ ਧਾਰਮਿਕ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਤੇ ਸੰਗਤਾਂ ਨੂੰ ਧਾਰਮਿਕ ਸਿੱਖਿਆ ਗ੍ਰਹਿਣ ਕਰਨ ਲਈ ਪ੍ਰੇਰਿਆ ਜਾ ਰਿਹਾ ਹੈ। ਸ. ਮਨਾਵਾਂ ਨੇ ਦੱਸਿਆ ਕਿ ਇਹ ਦੋ ਸਾਲਾ ਪੱਤਰ ਵਿਹਾਰ ਕੋਰਸ ਵਿਦਿਆਰਥੀਆਂ ਦੇ ਨਾਲ-ਨਾਲ ਸੰਗਤ ਨੂੰ ਗੁਰਬਾਣੀ, ਸਿੱਖ ਇਤਿਹਾਸ, ਰਹਿਤ ਮਰਯਾਦਾ ਤੇ ਤੁਲਨਾਤਮਿਕ ਧਰਮ ਅਧਿਐਨ ਦੇ ਵਿਸ਼ਿਆਂ ਬਾਰੇ ਜਾਣਕਾਰੀ ਦੇਣ ਲਈ ਸ਼ੁਰੂ ਕੀਤਾ ਗਿਆ ਸੀ, ਜੋ ਸਫਲਤਾ ਪੂਰਵਕ ਚੱਲ ਰਿਹਾ ਹੈ। ਇਸ ਵਾਰ ਇਮਤਿਹਾਨ ਲਈ ਦੇਸ਼ ਵਿੱਚ 106 ਸੈਂਟਰ ਬਣਾਏ ਗਏ ਸਨ, ਜਿਸ ਵਿਚ ਲਗਭਗ 6 ਹਜ਼ਾਰ ਸਿੱਖਿਆਰਥੀਆਂ ਨੇ ਭਾਗ ਲਿਆ।

ਸ. ਮਨਾਵਾਂ ਨੇ ਦੱਸਿਆ ਕਿ ਸਿੱਖਿਆਰਥੀਆਂ ਦੀ ਹੌਂਸਲਾ ਅਫਜ਼ਾਈ ਲਈ ਪਹਿਲੇ, ਦੂਜੇ ਅਤੇ ਤੀਜੇ ਸਥਾਨ ‘ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਕ੍ਰਮਵਾਰ 5100/-, 4100/- ਤੇ 3100/- ਰੁਪਏ ਅਤੇ 80% ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ 1100/-ਰੁਪਏ ਦੀ ਰਾਸ਼ੀ ਇਨਾਮ ਵਜੋਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਿੱਖ ਧਰਮ ਅਧਿਐਨ ਪੱਤਰ ਵਿਹਾਰ ਕੋਰਸ ਧਾਰਮਿਕ ਸਿੱਖਿਆ ਦੇ ਖੇਤਰ ਵਿੱਚ ਪ੍ਰਮੁੱਖ ਕਾਰਜ ਹੋ ਨਿਬੜਿਆ ਹੈ, ਜਿਸ ਦਾ ਘੇਰਾ ਆਉਣ ਵਾਲੇ ਸਮੇਂ ਵਿੱਚ ਹੋਰ ਵਿਸ਼ਾਲ ਹੋਣ ਦੀ ਉਮੀਦ ਹੈ।

ਇਸ ਮੌਕੇ ਸ. ਸੁਖਦੇਵ ਸਿੰਘ ਇੰਚਾਰਜ, ਸ. ਟੇਕ ਸਿੰਘ ਸੁਪਰਵਾਈਜ਼ਰ, ਸ. ਕੁਲਵਿੰਦਰ ਸਿੰਘ ਸੁਪਰਵਾਈਜਰ, ਸ. ਗੁਰਜੀਤ ਸਿੰਘ ਸਹਾਇਕ ਸੁਪਰਵਾਈਜ਼ਰ ਅਤੇ ਹੋਰ ਹਾਜ਼ਰ ਸਨ।