ਅੰਮ੍ਰਿਤਸਰ, 05 ਜਨਵਰੀ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਲਹਿਰ ਨੂੰ ਹੋਰ ਪ੍ਰਚੰਡ ਕਰਨ ਲਈ ੧੦ ਜਨਵਰੀ ਨੂੰ ਖ਼ਾਲਸੇ ਦੇ ਪ੍ਰਗਟ ਅਸਥਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਵਿਖੇ ਇੱਕ ਵਿਸ਼ੇਸ਼ ਇਕੱਤਰਤਾ ਬੁਲਾਈ ਗਈ ਹੈ। ਇਕੱਤਰਤਾ ਵਿਚ ਧਰਮ ਪ੍ਰਚਾਰ ਕਮੇਟੀ ‘ਚ ਕਾਰਜਸ਼ੀਲ ਪ੍ਰਚਾਰਕ, ਢਾਡੀ ਅਤੇ ਕਵੀਸ਼ਰ ਜਥੇ ਸ਼ਾਮਲ ਹੋਣਗੇ ਅਤੇ ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਪ੍ਰਚਾਰਕ ਸ਼੍ਰੇਣੀ ਨਾਲ ਵਿਚਾਰ-ਵਟਾਂਦਰਾ ਕਰਨਗੇ।
ਦਫ਼ਤਰ ਸ਼੍ਰੋਮਣੀ ਕਮੇਟੀ ਤੋਂ ਜਾਰੀ ਇੱਕ ਪ੍ਰੈੱਸ ਬਿਆਨ ਵਿਚ ਇਸ ਬਾਰੇ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਧਰਮ ਪ੍ਰਚਾਰ ਲਹਿਰ ਨੂੰ ਹੋਰ ਤੇਜ਼ ਕਰਨ ਲਈ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਹੇਠ ੧੦ ਜਨਵਰੀ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੀਟਿੰਗ ਸੱਦੀ ਗਈ ਹੈ, ਜਿਸ ਵਿਚ ਸ਼ਾਮਲ ਹੋਣ ਲਈ ਪੰਜਾਬ ਤੋਂ ਇਲਾਵਾ ਵੱਖ-ਵੱਖ ਸੂਬਿਆਂ ਅੰਦਰ ਕਾਰਜਸ਼ੀਲ ਸਿੱਖ ਮਿਸ਼ਨਾ ਦੇ ਇੰਚਾਰਜਾਂ ਨੂੰ ਵੀ ਸੱਦਾ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸਿੱਖ ਕੌਮ ਦੀ ਸਿਰਮੌਰ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣਨ ਤੋਂ ਬਾਅਦ ਭਾਈ ਗੋਬਿੰਦ ਸਿੰਘ ਲੌਂਗੋਵਾਲ ਪਹਿਲੀ ਵਾਰ ਸਮੂਹ ਪ੍ਰਚਾਰਕਾਂ, ਢਾਡੀਆਂ ਤੇ ਕਵੀਸ਼ਰਾਂ ਦੇ ਰੂਬਰੂ ਹੋਣਗੇ ਅਤੇ ਇਸ ਮੌਕੇ ਜਿਥੇ ਪਹਿਲਾਂ ਚੱਲ ਰਹੇ ਧਰਮ ਪ੍ਰਚਾਰ ਕਾਰਜਾਂ ਦਾ ਮੁਲਾਂਕਣ ਕੀਤਾ ਜਾਵੇਗਾ, ਉਥੇ ਹੀ ਧਰਮ ਪ੍ਰਚਾਰ ਲਹਿਰ ਸਬੰਧੀ ਪ੍ਰਚਾਰਕਾਂ ਪਾਸੋਂ ਵਿਚਾਰ ਵੀ ਲਏ ਜਾਣਗੇ।