ਚੰਡੀਗੜ੍ਹ ਦੇ ਮੱਖ ਪ੍ਰਸ਼ਾਸਕ ਨੂੰ ਕਾਰਵਾਈ ਕਰਨ ਲਈ ਲਿਖਿਆ ਪੱਤਰ

ਅੰਮ੍ਰਿਤਸਰ, ੧੪ ਅਪ੍ਰੈਲ ੨੦੧੭- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਮੁੱਖ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੁੰ ਇੱਕ ਪੱਤਰ ਲਿਖ ਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਗੁਰਦੁਆਰਾ ਸ੍ਰੀ ਮੁਕਤਸਰ ਸਾਹਿਬ ਵਿਖੇ ਵਰਦੀਆਂ ਸਮੇਤ ਪੁਲਿਸ ਦਾਖਲੇ ਦੇ ਮਾਮਲੇ ਨੂੰ ਧਿਆਨ ਵਿਚ ਲਿਆਉਂਦਿਆਂ ਧਾਰਮਿਕ ਅਸਥਾਨਾਂ ਅੰਦਰ ਪੁਲਿਸ ਦਾਖਲੇ ‘ਤੇ ਪਾਬੰਦੀ ਲਗਾਉਣ ਲਈ ਚੰਡੀਗੜ੍ਹ ਪੁਲਿਸ ਮੁਖੀ ਨੂੰ ਹਦਾਇਤ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਲਿਖਿਆ ਹੈ ਕਿ ਬੀਤੇ ਦਿਨੀਂ ਰੋਸ ਮੁਜ਼ਾਹਰਾ ਕਰਦੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਗ੍ਰਿਫਤਾਰੀ ਦੌਰਾਨ ਕੁਝ ਵਿਦਿਆਰਥੀ ਗੁਰਦੁਆਰਾ ਸਾਹਿਬ ਅੰਦਰ ਦਾਖਿਲ ਹੋ ਗਏ ਜਿਨ੍ਹਾਂ ਦਾ ਪਿੱਛਾ ਕਰਦਿਆਂ ਪੁਲਿਸ ਵੀ ਗੁਰਦੁਆਰਾ ਸਾਹਿਬ ਵਿਚ ਦਾਖਿਲ ਹੋ ਗਈ। ਉਨ੍ਹਾਂ ਕਿਹਾ ਕਿ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਦੌਰਾਨ ਪੁਲਿਸ ਵੱਲੋਂ ਦਰਬਾਰ ਹਾਲ ਦੇ ਅੰਦਰ ਵੜਨ ਦੀ ਵੀ ਕੋਸ਼ਿਸ਼ ਕੀਤੀ ਗਈ ਸੀ। ਬੇਸ਼ੱਕ ਗੁਰਦੁਆਰਾ ਸਾਹਿਬ ਦੇ ਮੁਲਾਜਮਾਂ ਵੱਲੋਂ ਦਰਬਾਰ ਹਾਲ ਅੰਦਰ ਜਾਣ ਤੋਂ ਪੁਲਿਸ ਨੂੰ ਰੋਕ ਲਿਆ ਗਿਆ ਪਰ ਫਿਰ ਵੀ ਗੁਰਦੁਆਰਾ ਸਾਹਿਬ ਦੀ ਚਾਰਦੀਵਾਰੀ ਅੰਦਰ ਪੁਲਿਸ ਵੱਲੋਂ ਤਿੰਨ ਘੰਟੇ ਤੋਂ ਜਿਆਦਾ ਰਹਿਣ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਮਾਨਯੋਗ ਰਾਜਪਾਲ ਤੋਂ ਮੰਗ ਕੀਤੀ ਕਿ ਧਾਰਮਿਕ ਅਸਥਾਨਾਂ ਦੀ ਮਹਾਨਤਾ ਨੂੰ ਸਮਝਦਿਆਂ ਇਨ੍ਹਾਂ ਅੰਦਰ ਪੁਲਿਸ ਦਾਖਲੇ ਦੀ ਮਨਾਹੀ ਲਈ ਚੰਡੀਗੜ੍ਹ ਪੁਲਸ ਮੁਖੀ ਨੂੰ ਸਖਤੀ ਨਾਲ ਹਦਾਇਤ ਕੀਤੀ ਜਾਏ।