ਅੰਮ੍ਰਿਤਸਰ ੧੭ ਮਾਰਚ- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਸ੍ਰੀ ਜੌਹਨ ਕੀ ਦੇ ਉਸ ਬਿਆਨ ਦੀ ਸ਼ਲਾਘਾ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਕਿਹਾ ਹੈ ਕਿ ਅੱਗੇ ਤੋਂ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਵੱਲੋਂ ਨਿਊਜ਼ੀਲੈਂਡ ਦੀ ਧਰਤੀ ‘ਤੇ ਕ੍ਰਿਕਟ ਮੈਚ ਕਰਵਾਉਣ ਸਮੇਂ ਆਪਣੇ ਸੁਰੱਖਿਆ ਸਬੰਧੀ ਨਿਯਮਾਂ ‘ਚ ਸੋਧ ਕਰਨੀ ਜ਼ਰੂਰੀ ਹੋਵੇਗੀ।

ਇਥੋਂ ਜਾਰੀ ਪ੍ਰੈੱਸ ਬਿਆਨ ‘ਚ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਨਿਊਜ਼ੀਲੈਂਡ ਵਿਖੇ ਆਕਲੈਂਡ ਦੇ ਈਡਨ ਪਾਰਕ ਵਿਖੇ ਭਾਰਤ ਤੇ ਜ਼ਿੰਬਾਬਵੇ ਦੌਰਾਨ ਖੇਡੇ ਗਏ ਇਕ ਦਿਨਾਂ ਕ੍ਰਿਕਟ ਮੈਚ ਦੌਰਾਨ ਤਕਰੀਬਨ ੭ ਅੰਮ੍ਰਿਤਧਾਰੀ ਸਿੱਖਾਂ ਨੂੰ ਕ੍ਰਿਪਾਨ ਸਮੇਤ ਮੈਚ ਵੇਖੇ ਜਾਣ ਤੋਂ ਰੋਕ ਦਿੱਤਾ ਗਿਆ ਸੀ ਤੇ ਸੁਰੱਖਿਆ ਦਾ ਹਵਾਲਾ ਦਿੰਦਿਆਂ ਉਨ੍ਹਾਂ ਨੂੰ ਕ੍ਰਿਪਾਨਾਂ ਉਤਾਰਨ ਲਈ ਕਿਹਾ ਜੋ ਬਹੁਤ ਹੀ ਨਿਰਾਸ਼ਾਜਨਕ ਸੀ ਕਿਉਂਕਿ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖ਼ਸ਼ੇ ਪੰਜ ਕਕਾਰਾਂ ਵਿਚੋਂ ਕ੍ਰਿਪਾਨ ਅਹਿਮ ਹੈ, ਜਿਸ ਨੂੰ ਹਰੇਕ ਅੰਮ੍ਰਿਤਧਾਰੀ ਆਪਣੇ ਸਰੀਰ ਨਾਲੋਂ ਵੱਖ ਨਹੀਂ ਕਰ ਸਕਦਾ।ਉਨ੍ਹਾਂ ਕਿਹਾ ਕਿ ਦਸਮੇਸ਼ ਪਿਤਾ ਵੱਲੋਂ ਬਖ਼ਸ਼ਿਸ਼ ਕ੍ਰਿਪਾਨ ਕਿਸੇ ਨੂੰ ਮਾਰਨ ਲਈ ਨਹੀਂ ਬਲਕਿ ਧਾਰਮਿਕ ਚਿੰਨ੍ਹ ਤੇ ਸਵੈ ਰੱਖਿਆ ਲਈ ਹੈ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਮੇਤ ਦੁਨੀਆਂ ਦੇ ਕੋਨੇ-ਕੋਨੇ ‘ਚ ਵਸਦੇ ਸਿੱਖਾਂ ਵੱਲੋਂ ਆਕਲੈਂਡ ਵਿਖੇ ਅੰਮ੍ਰਿਤਧਾਰੀ ਸਿੱਖਾਂ ਨੂੰ ਮੈਚ ਵੇਖਣ ਤੋਂ ਰੋਕੇ ਜਾਣ ਦੀ ਸਖ਼ਤ ਵਿਰੋਧਤਾ ਕੀਤੀ ਗਈ।ਇਸ ਵਿਰੋਧਤਾ ਨੂੰ ਮੱਦੇਨਜ਼ਰ ਰੱਖਦਿਆਂ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਵੱਲੋਂ ਦਿੱਤਾ ਬਿਆਨ ਸ਼ਲਾਘਾਯੋਗ ਹੈ।ਜਥੇਦਾਰ ਅਵਤਾਰ ਸਿੰਘ ਨੇ ਪ੍ਰਧਾਨ ਮੰਤਰੀ ਦੇ ਉਸ ਬਿਆਨ ਦੀ ਵੀ ਸ਼ਲਾਘਾ ਕੀਤੀ ਹੈ ਜਿਸ ਵਿੱਚ ਉਨ੍ਹਾਂ ਕਿਹਾ ਕਿ ਨਿਊਜ਼ੀਲੈਂਡ ਸਰਕਾਰ ਸਿੱਖਾਂ ਨੂੰ ਹਵਾਈ ਸਫਰ ਕਰਦੇ ਸਮੇਂ ਕ੍ਰਿਪਾਨ ਪਹਿਨਣ ਦੀ ਇਜ਼ਾਜਤ ਦੇਣ ਸਬੰਧੀ ਵਿਚਾਰ ਕਰ ਰਹੀ ਹੈ।ਉਨ੍ਹਾਂ ਕਿਹਾ ਕਿ ਜਿਸ ਦੇਸ਼ ਵਿੱਚ ਵੀ ਸਿੱਖ ਵੱਸਦੇ ਹਨ ਉਸ ਦੇਸ਼ ਦੀ ਤਰੱਕੀ, ਏਕਤਾ, ਇਤਫਾਕ ਤੇ ਰੱਖਿਆ ਲਈ ਸਿੱਖਾਂ ਨੇ ਹਮੇਸ਼ਾ ਹੀ ਅਗਾਂਹਵਧੂ ਰੋਲ ਅਦਾ ਕੀਤਾ ਹੈ ਤੇ ਇਹੋ ਕਾਰਨ ਹੈ ਕਿ ਵਿਦੇਸ਼ੀ ਲੋਕਾਂ ਨੇ ਸਿੱਖਾਂ ਨੂੰ ਸਮਝਦਿਆਂ ਆਪਣੇ ਦੇਸ਼ਾਂ ਦੀਆਂ ਸਰਕਾਰਾਂ ਬਣਾਉਣ ਸਮੇਂ ਵੀ ਅਹਿਮ ਰਾਜਸੀ ਜ਼ਿੰਮੇਵਾਰੀਆਂ ਦਿੱਤੀਆਂ ਹਨ।