4ਅੰਮ੍ਰਿਤਸਰ- 14 ਮਾਰਚ (    )-ਸਥਾਨਕ ਗੁਰਦੁਆਰਾ ਬੁਰਜ ਅਕਾਲੀ ਫੂਲਾ ਸਿੰਘ ਵਿਖੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ੯੬ ਕਰੋੜੀ, ਚਲਦਾ ਵਹੀਰ ਵੱਲੋਂ ਜਥੇਦਾਰ ਸ਼ਹੀਦ ਅਕਾਲੀ ਫੂਲਾ ਸਿੰਘ ਦੀ ਸਲਾਨਾ ਯਾਦ ਵਿੱਚ ਬੁੱਢਾ ਦਲ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਦੀ ਦੇਖ ਰੇਖ ‘ਚ ਪੂਰੇ ਖਾਲਸਾਈ ਜਾਹੋ ਜਲਾਲ ਨਾਲ ਸਮਾਗਮ ਕਰਵਾਇਆ ਗਿਆ।ਜਥੇਦਾਰ ਅਕਾਲੀ ਫੂਲਾ ਸਿੰਘ ਦੀ ਯਾਦ ਵਿੱਚ ਗੁਰਦੁਆਰਾ ਮੱਲ ਅਖਾੜਾ, ਗੁਰਦੁਆਰਾ ਪਾਤਸ਼ਾਹੀ ਛੇਵੀਂ ਅਤੇ ਗੁਰਦੁਆਰਾ ਬੁਰਜ ਅਕਾਲੀ ਫੂਲਾ ਸਿੰਘ ਜੀ ਛਾਉਣੀ ਨਿਹੰਗ ਸਿੰਘਾਂ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਪੰਥ ਪ੍ਰਸਿੱਧ ਰਾਗੀ ਜਥਿਆਂ ਨੇ ਇਲਾਹੀ ਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਉੱਚ ਕੋਟੀ ਦੇ ਕਵੀਸ਼ਰ ਤੇ ਢਾਡੀ ਜਥਿਆਂ ਵਲੋਂ ਬੀਰ ਰਸੀ ਵਾਰਾਂ ਗਾ ਕੇ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਦੇ ਜੀਵਨ ਤੇ ਚਾਨਣ ਪਾਇਆ ਗਿਆ।ਇਸ ਉਪਰੰਤ ਮਹਾਨ ਵਿਦਵਾਨਾਂ ਤੇ ਕਥਾ-ਵਾਚਕਾਂ ਨੇ ਸੰਗਤਾਂ ਨੂੰ ਸਿੱਖ ਕੌਮ ਦੇ ਸ਼ਾਨਾਮੱਤੇ ਇਤਿਹਾਸ ਨਾਲ ਜੋੜਿਆ।ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ. ਦਿਲਜੀਤ ਸਿੰਘ ਬੇਦੀ ਐਡੀਸ਼ਨਲ ਸਕੱਤਰ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ।
ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਤੇ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੇ ਸੰਗਤਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁੱਖੀ ਬਾਬਾ ਬਲਬੀਰ ਸਿੰਘ ਨੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਰਾਏ ਉਪਰੰਤ ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਜੀ ਵਿਖੇ ਬਾਣੀ ਅਤੇ ਬਾਣੇ ਦੇ ਧਾਰਨੀ ਮਹਾਨ ਸਿੱਦਕੀ ਸਿੰਘ ਜਥੇਦਾਰ ਸ਼ਹੀਦ ਅਕਾਲੀ ਫੂਲਾ ਸਿੰੰਘ ਦੀ ਬਰਸੀ ਵਿਸ਼ਾਲ ਤੌਰ ਮਨਾਈ ।ਉਨ੍ਹਾਂ ਕਿਹਾ ਕਿ ਜਥੇਦਾਰ ਅਕਾਲੀ ਫੂਲਾ ਸਿੰਘ ਬੁੱਢਾ ਦਲ ਦੇ ਛੇਵੇ ਜਥੇਦਾਰ ਸਨ।ਉਨ੍ਹਾਂ ਕਿਹਾ ਕਿ ਅਕਾਲੀ ਫੂਲਾ ਸਿੰਘ ਉਹ ਮਹਾਨ ਸਿੱਖ ਜਰਨੈਲ ਹੋਏ ਹਨ, ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਵਡਮੁੱਲਾ ਯੋਗਦਾਨ ਪਾਇਆ। ਮਹਾਰਾਜਾ ਰਣਜੀਤ ਸਿੰਘ ਨੇ ਅਕਾਲੀ ਫੂਲਾ ਸਿੰਘ ਦੇ ਅਧੀਨ ਅਕਾਲ ਨਾ ਦੀ ਰੈਜੀਮੈਂਟ ਬਣਾਈ ਤੇ ਉਨ੍ਹਾਂ ਨੂੰ ਉਸ ਦਾ ਮੁਖੀ ਥਾਪ ਦਿੱਤਾ। ਅਕਾਲੀ ਫੂਲਾ ਸਿੰਘ ਪੰਥਕ ਸ਼ਕਤੀ ਦੇ ਮੁਦਈ ਸਨ, ਉਨ੍ਹਾਂ ਸਿੱਖ ਸ਼ਕਤੀ ਨੂੰ ਇਕੱਤਰ ਕਰਨ ਵਿਚ ਵਿਸ਼ੇਸ਼ ਭੂਮਿਕਾ ਨਿਭਾਈ। ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਅਕਾਲੀ ਫੂਲਾ ਸਿੰਘ ਦਾ ਬੇਹੱਦ ਸਤਿਕਾਰ ਕਰਦੇ ਸਨ।ਉਨ੍ਹਾਂ ਕਿਹਾ ਕਿ ਅਕਾਲੀ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਦੀਆਂ ਔਖੀਆਂ ਮੁਹਿੰਮਾਂ ਵਿੱਚ ਸਹਾਇਤਾ ਕੀਤੀ ਸੀ। ਉਨ੍ਹਾਂ ਕਿਹਾ ਕਿ ਜਥੇਦਾਰ ਅਕਾਲੀ ਫੂਲਾ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਜੋਂ ਵੀ ਸੇਵਾ ਨਿਭਾਈ। ਸਾਨੂੰ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਣਾ ਲੈਂਦਿਆਂ ਹੋਇਆਂ ਆਪਣੇ ਆਪ ਨੂੰ ਗੁਰੂ ਪੰਥ ਨਾਲ ਜੋੜਨਾ ਚਾਹੀਦਾ ਹੈ।
ਇਸ ਮੌਕੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ੧੪ਵੇਂ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ੯੬ ਕਰੋੜੀ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦੇ ਵਿਸ਼ੇਸ਼ ਤੌਰ ਤੇ ਧੰਨਵਾਦੀ ਹਨ ਜਿੰਨ੍ਹਾਂ ਨੇ ਅਕਾਲੀ ਫੂਲਾ ਸਿੰਘ ਦੀ ਬਰਸੀ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਵੱਡਾ ਯੋਗਦਾਨ ਪਾਇਆ ਹੈ।ਉਹਨਾਂ ਕਿਹਾ ਕਿ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਆਪ ਇਸ ਸਮਾਗਮ ‘ਚ ਸ਼ਾਮਲ ਹੋਣਾ ਸੀ ਪ੍ਰੰਤੂ ਕੁਝ ਜ਼ਰੂਰੀ ਪੰਥਕ ਰੁਝੇਵਿਆਂ ਕਾਰਣ ਉਹ ਸਮਾਗਮ ‘ਚ ਸ਼ਾਮਲ ਨਹੀਂ ਹੋ ਸਕੇ, ਪ੍ਰੰਤੂ ਉਹਨਾਂ ਵੱਲੋਂ ਸ੍ਰ: ਦਿਲਜੀਤ ਸਿੰਘ ਬੇਦੀ ਬੁਲਾਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ ਹੈ।ਇਸ ਸਮੇਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਵੱਲੋਂ ਅਤੇ ਸਮੂਹ ਨਿਹੰਗ ਸਿੰਘ ਦਲਾਂ ਦੇ ਮੁਖੀਆਂ ਦੇ ਨਾਲ ਸ. ਦਿਲਜੀਤ ਸਿੰਘ ਬੇਦੀ ਐਡੀਸ਼ਨਲ ਸਕੱਤਰ ਸ਼੍ਰੋਮਣੀ ਕਮੇਟੀ ਨੇ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਨੂੰ ਲੋਈ ਤੇ ਸਿਰੋਪਾਉ ਨਾਲ ਸਨਮਾਨਿਤ ਕੀਤਾ। ਪੰਥਕ ਸਟੇਜ ਦੇ ਵਕਤਾ ਸ. ਭਗਵਾਨ ਸਿੰਘ ਜੌਹਲ ਨੇ  ਸਟੇਜ ਦੀ ਸੇਵਾ ਬਾਖੂਬੀ ਨਿਭਾਈ।
ਬਾਬਾ ਬਲਬੀਰ ਸਿੰਘ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਬਰਸੀ ਸਮਾਗਮ ਮੌਕੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਬਾਬਾ ਗੱਜਣ ਸਿੰਘ, ਬਾਬਾ ਵਸੱਣ ਸਿੰਘ ਮੜ੍ਹੀਆਂ ਵਾਲੇ, ਬਾਬਾ ਤਰਲੋਕ ਸਿੰਘ, ਬਾਬਾ ਤਰਸੇਮ ਸਿੰਘ ਮਹਿਤਾ, ਬਾਬਾ ਮੇਜਰ ਸਿੰਘ ਲੁਧਿਆਣਾ, ਬਾਬਾ ਰਾਮ ਸਿੰਘ ਬਾਬਾ ਬਕਾਲਾ, ਬਾਬਾ ਅਰਜਨ ਸਿੰਘ, ਬਾਬਾ ਮੋਹਣ ਸਿੰਘ, ਬਾਬਾ ਤ੍ਰਿਲੋਚਨ ਸਿੰਘ, ਬਾਬਾ ਗੁਰਪ੍ਰੀਤ ਸਿੰਘ ਹਰੀਆਂ ਵੇਲਾਂ, ਬਾਬਾ ਰਣ ਸਿੰਘ ਯੂ ਕੇ, ਬਾਬਾ ਸੁੱਖਾ ਸਿੰਘ ਮੱਖੂ, ਬਾਬਾ ਸ਼ਿੰਦਾ ਸਿੰਘ ਭਿੱਖੀਵਿੰਡ, ਬਾਬਾ ਭਜਨ ਸਿੰਘ, ਬਾਬਾ ਰਘਬੀਰ ਸਿੰਘ ਖਿਆਲਾ, ਬਾਬਾ ਰਵੇਲ ਸਿੰਘ, ਬਾਬਾ ਇੰਦਰ ਸਿੰਘ, ਬਾਬਾ ਤਾਰਾ ਸਿੰਘ, ਬਾਬਾ ਵਿਸ਼ਵ ਪ੍ਰਤਾਪ ਸਿੰਘ,ਬਾਬਾ ਰੂਪ ਸਿੰਘ, ਬਾਬਾ ਗੁਰਪਿੰਦਰ ਸਿੰਘ ਗੁਰੂ ਸਰ ਸਤਲਾਣੀ, ਬਾਬਾ ਤਾਰਾ ਸਿੰਘ ਝਾੜ ਸਾਹਿਬ ਆਦਿ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ। ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ।