ਅੰਮ੍ਰਿਤਸਰ 24 ਅਗਸਤ (        ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਤੇ ਗੁਰਬਾਣੀ ਦੇ ਗੁਟਕਾ ਸਾਹਿਬ ਦੀ ਛਪਾਈ ਕਰਨ ਦਾ ਅਧਿਕਾਰ ਹੈ ਕਿਸੇ ਦੂਸਰੀ ਫਰਮ ਨੂੰ ਇਸ ਦਾ ਕੋਈ ਹੱਕ ਨਹੀਂ ਹੈ।ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਵਾਲੇ ਨਾਲ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਵੱਲੋਂ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਥਾਨਕ ਨਿਊ ਆਜ਼ਾਦ ਨਗਰ ਸਥਿਤ ਇਕ ਜਿਲਦ ਬਾਈਡਰ ਵੱਲੋਂ ਗੁਰਬਾਣੀ ਦੇ ਗੁਟਕਾ ਸਾਹਿਬ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਉਣ ਤੇ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਗੁਪਤ ਰਿਪੋਰਟ ਮਿਲਣ ਤੇ ਜਥੇਦਾਰ ਹਰਜਾਪ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ ਦੀ ਅਗਵਾਈ ਵਿੱਚ ਭਾਈ ਸਰਵਣ ਸਿੰਘ, ਭਾਈ ਅਮਰ ਸਿੰਘ, ਭਾਈ ਸੁਰਜੀਤ ਸਿੰਘ, ਭਾਈ ਤਰਸੇਮ ਸਿੰਘ, ਭਾਈ ਇੰਦਰਜੀਤ ਸਿੰਘ ਤੇ ਬੀਬੀ ਅਮਰਦੀਪ ਕੌਰ ਪ੍ਰਚਾਰਕਾਂ ਨੇ ਸ. ਮੰਗਲ ਸਿੰਘ ਨਾਮ ਦੇ ਜਿਲਦ ਬਾਈਡਰ ਦੇ ਘਰ ਨਿਊ ਆਜ਼ਾਦ ਨਗਰ, ਸੁਲਤਾਨਵਿੰਡ ਰੋਡ ਵਿਖੇ ਅਚਨਚੇਤ ਚੈਕਿੰਗ ਕੀਤੀ ਜਿਥੇ ਗੁਰਬਾਣੀ ਦੇ ਗੁਟਕਾ ਸਾਹਿਬ ਦਾ ਵੱਡੇ ਪੱਧਰ ‘ਤੇ ਨਿਰਾਦਰ ਪਾਇਆ ਗਿਆ।ਉਨ੍ਹਾਂ ਕਿਹਾ ਕਿ ਇਸ ਵਿਅਕਤੀ ਵੱਲੋਂ ਅੰਮ੍ਰਿਤ ਪੁਸਤਕ ਭੰਡਾਰ, ਘੰਟਾ ਘਰ ਮਾਰਕੀਟ ਅੰਮ੍ਰਿਤਸਰ, ਚਤਰ ਸਿੰਘ ਜੀਵਨ ਸਿੰਘ ਮਾਈ ਸੇਵਾ ਬਾਜ਼ਾਰ ਤੇ ਜਵਾਹਰ ਸਿੰਘ ਕ੍ਰਿਪਾਲ ਸਿੰਘ ਜ਼ਲ੍ਹਿਆਂਵਾਲਾ ਬਾਗ ਆਦਿ ਫਰਮਾਂ ਦਾ ਗੁਰਬਾਣੀ ਦੇ ਗੁਟਕਾ ਸਾਹਿਬ ਦੀ ਜਿਲਦ ਬੰਨ੍ਹਣ ਦਾ ਕਾਰਜ ਬਿਨਾਂ ਕਿਸੇ ਸਤਿਕਾਰ ਮਰਯਾਦਾ ਦੇ ਕੀਤਾ ਜਾ ਰਿਹਾ ਸੀ।ਉਨ੍ਹਾਂ ਕਿਹਾ ਕਿ ਇਸ ਸਥਾਨ ਪੁਰ ਗੁਰਬਾਣੀ ਦੇ ਗੁਟਕਾ ਸਾਹਿਬ ਬਿਨਾਂ ਸਤਿਕਾਰ ਤੋਂ ਜ਼ਮੀਨ ਤੇ ਰੱਖੇ ਪਾਏ ਗਏ ਅਤੇ ਗੁਟਕਿਆਂ ਵਿੱਚ ਚੂਹਿਆਂ ਦੀ ਗੰਦਗੀ ਵੀ ਪਾਈ ਗਈ।ਉਨ੍ਹਾਂ ਕਿਹਾ ਕਿ ਗੁਟਕਾ ਸਾਹਿਬ ਨੂੰ ਜਿਲਦਾਂ ਬਣਾਉਣ ਵਾਲੇ ਵੀ ਸੰਜੇ ਕੁਮਾਰ ਤੇ ਕਰਨ ਸਿੰਘ ਨਾਮਕ ਵਿਅਕਤੀ ਦੋਨੋਂ ਮੋਨੇ ਹਨ ਜਿਨ੍ਹਾਂ ਦੇ ਸਿਰ ਵੀ ਢੱਕੇ ਹੋਏ ਨਹੀਂ ਹਨ।
ਉਨ੍ਹਾਂ ਉਕਤ ਫਰਮਾਂ ਅਤੇ ਜਿਲਦ ਬੰਦੀ ਕਰਨ ਵਾਲੇ ਠੇਕੇਦਾਰਾਂ ਨੂੰ ਸਖਤ ਤਾੜਨਾ ਕਰਦਿਆਂ ਕਿਹਾ ਕਿ ਉਹ ਇਸ ਕੰਮ ਨੂੰ ਤੁਰੰਤ ਬੰਦ ਕਰਨ ਨਹੀਂ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਾਨੂੰਨ ਮੁਤਾਬਿਕ ਸਖਤ ਕਾਰਵਾਈ ਕੀਤੀ ਜਾਵੇਗੀ।ਸ. ਬੇਦੀ ਨੇ ਜਥੇਦਾਰ ਅਵਤਾਰ ਸਿੰਘ ਵੱਲੋਂ ਸੰਗਤਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਦੇ ਘਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਤੇ ਗੁਰਬਾਣੀ ਦੇ ਗੁਟਕਾ ਸਾਹਿਬ ਸੁਸ਼ੋਭਿਤ ਹਨ ਅਗਰ ਉਹ ਇਸ ਦੀ ਮਰਿਯਾਦਾ ਅਨੁਸਾਰ ਸਾਂਭ-ਸੰਭਾਲ ਨਹੀਂ ਕਰ ਸਕਦੇ ਤਾਂ ਉਹ ਨਜ਼ਦੀਕ ਦੇ ਗੁਰਦੁਆਰਾ ਸਾਹਿਬ ਵਿਖੇ ਸੁਸ਼ੋਭਿਤ ਕਰਵਾ ਦੇਣ ਜਾਂ ਸਾਨੂੰ ਸੂਚਨਾ ਦੇਣ ਤਾਂ ਜੋ ਇਨ੍ਹਾਂ ਅਸਥਾਨਾਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਤੇ ਗੁਟਕਾ ਸਾਹਿਬ ਲਿਆਂਦੇ ਜਾ ਸਕਣ।ਉਨ੍ਹਾਂ ਕਿਹਾ ਕਿ ਇਹ ਬੇਹੱਦ ਸੰਜੀਦਾ ਮਾਮਲਾ ਹੈ ਅਤੇ ਸੰਗਤਾਂ ਸਹਿਯੋਗ ਦੀ ਭਾਵਨਾ ਨਾਲ ਅੱਗੇ ਆਉਣ।ਉਨ੍ਹਾਂ ਵਪਾਰ ਦੀ ਨੀਅਤ ਵਾਲੇ ਕਾਰਜਸ਼ੀਲ ਲੋਕਾਂ ਨੂੰ ਸਖਤ ਰੂਪ ਵਿੱਚ ਤਾੜਨਾ ਕਰਦਿਆਂ ਗੁਰੂ ਦੀ ਭੈਅ ਭਾਵਨੀ ਦਾ ਪਾਲਣ ਕਰਨ ਲਈ ਵੀ ਕਿਹਾ।