ਅੰਮ੍ਰਿਤਸਰ, 7 ਮਾਰਚ-  ਨੇਤਰਦਾਨ ਐਸੋਸੀਏਸ਼ਨ ਹੁਸ਼ਿਆਰਪੁਰ (ਰਜਿ:) ਅਤੇ ਭਾਈ ਘਨੱਈਆ ਜੀ ਮਿਸ਼ਨ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨਾਲ ਮੁਲਾਕਾਤ ਕਰਕੇ ਅੱਖਾਂ ਦਾਨ ਦੇ ਮਹੱਤਵ ਨੂੰ ਵੱਧ ਤੋਂ ਵੱਧ ਪ੍ਰਚਾਰਨ ਅਤੇ ਲੋਕਾਂ ਨੂੰ ਇਸ ਸਬੰਧੀ ਪ੍ਰੇਰਨਾ ਕਰਨ ਲਈ ਗੱਲਬਾਤ ਕੀਤੀ। ਪ੍ਰੋ: ਬਡੂੰਗਰ ਨੂੰ ਮਿਲੇ ਮੈਂਬਰਾਂ ਵਿਚ ਨੇਤਰਦਾਨ ਐਸੋਸੀਏਸ਼ਨ ਦੇ ਪ੍ਰਧਾਨ ਪ੍ਰੋ: ਬਹਾਦੁਰ ਸਿੰਘ, ਜਨਰਲ ਸਕੱਤਰ ਇੰਜੀ: ਜਸਬੀਰ ਸਿੰਘ ਤੋਂ ਇਲਾਵਾ ਇੰਜੀ: ਮਲਕੀਤ ਸਿੰਘ ਸੌਂਧ, ਡਾ. ਗੁਰਬਖਸ਼ ਸਿੰਘ ਸੰਧੂ, ਇੰਜੀ: ਮਲਕੀਤ ਸਿੰਘ ਮਹੇਰੂ ਅਤੇ ਇੰਜੀ: ਮਸਤਾਨ ਸਿੰਘ ਗਰੇਵਾਲ ਸ਼ਾਮਲ ਸਨ।
ਇਸ ਮੌਕੇ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਨੇਤਰਦਾਨ ਐਸੋਸੀਏਸ਼ਨ ਦੇ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨੇਤਰਦਾਨ ਮਹਾਨ ਦਾਨ ਹੈ ਅਤੇ ਮਰਨ ਉਪਰੰਤ ਅੱਖਾਂ ਦਾਨ ਕਰਕੇ ਨੇਤਰਹੀਨ ਮਨੁੱਖਾਂ ਨੂੰ ਦੁਨੀਆਂ ਦਿਖਾਈ ਜਾ ਸਕਦੀ ਹੈ। ਮਨੁੱਖ ਦੇ ਮਰਨ ਉਪਰੰਤ ਵਰਤੇ ਜਾ ਸਕਣ ਵਾਲੇ ਅੰਗ ਜੇਕਰ ਕਿਸੇ ਅੰਗਹੀਣ ਵਿਅਕਤੀ ਦੇ ਕੰਮ ਆ ਸਕਣ ਤਾਂ ਇਸ ਤੋਂ ਵੱਡੀ ਹੋਰ ਸੇਵਾ ਕੀ ਹੋ ਸਕਦੀ ਹੈ। ਪ੍ਰੋ: ਬਡੂੰਗਰ ਨੇ ਆਏ ਹੋਏ ਮੈਂਬਰਾਂ ਨੂੰ ਵਿਸ਼ਵਾਸ ਦੁਆਇਆ ਕਿ ਉਹ ਵੀ ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਯਤਨ ਕਰਨਗੇ।
ਇਸ ਸਮੇਂ ਆਏ ਮੈਂਬਰਾਂ ਨੇ ਦੱਸਿਆ ਕਿ ਮਨੁੱਖ ਦੇ ਮਰਨ ਉਪਰੰਤ ਅੱਖਾਂ ੬ ਘੰਟੇ ਤਕ ਜ਼ਿੰਦਾ ਰਹਿੰਦੀਆਂ ਹਨ ਅਤੇ ਨੇਤਰਦਾਨ ਕਰਕੇ ਅੰਗਹੀਣ ਮਨੁੱਖਾਂ ਦੀ ਹਨ੍ਹੇਰ ਹੋਈ ਜ਼ਿੰਦਗੀ ਨੂੰ ਰੁਸ਼ਨਾਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਭਾਰਤ ਵਿਚ ੨੦ ਲੱਖ ਤੋਂ ਜ਼ਿਆਦਾ ਨੇਤਰਹੀਣ ਮਨੁੱਖ ਹਨ, ਜਿਨ੍ਹਾਂ ਦੀ ਸਹਾਇਤਾ ਅਸੀਂ ਨੇਤਰਦਾਨ ਰਾਹੀਂ ਕਰ ਸਕਦੇ ਹਾਂ। ਉਨ੍ਹਾਂ ਇਹ ਵੀ ਦੱਸਿਆ ਕਿ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਲਹਿਰ ਵੱਧ ਤੋਂ ਵੱਧ ਲੋਕਾਂ ਤੀਕ ਪਹੁੰਚਾਈ ਜਾਵੇਗੀ।
ਇਸ ਮੌਕੇ ਡਾ. ਰੂਪ ਸਿੰਘ ਸਕੱਤਰ, ਸ. ਹਰਭਜਨ ਸਿੰਘ ਮਨਾਵਾਂ ਵਧੀਕ ਸਕੱਤਰ ਧਰਮ ਪ੍ਰਚਾਰ ਕਮੇਟੀ, ਡਾ. ਪਰਮਜੀਤ ਸਿੰਘ ਸਰੋਆ ਤੇ ਸ. ਸੁਖਦੇਵ ਸਿੰਘ ਭੂਰਾ ਕੋਹਨਾ ਐਡੀ: ਸਕੱਤਰ, ਸ. ਕੁਲਵਿੰਦਰ ਸਿੰਘ ਰਮਦਾਸ ਮੀਤ ਸਕੱਤਰ ਮੀਡੀਆ ਅਤੇ ਹੋਰ ਹਾਜ਼ਰ ਸਨ।