4-05-2015-3ਅੰਮ੍ਰਿਤਸਰ ੪ ਮਈ (        ) ਨੇਪਾਲ ਵਿੱਚ ਆਏ ਭਿਆਨਕ ਭੂਚਾਲ ਕਾਰਣ ਕਾਠਮੰਡੂ ਦੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਹੋਈ ਤਬਾਹੀ ਅਤੇ ਮੌਤਾਂ ਕਾਰਨ ਲੋਕ ਵੱਡੀ ਗਿਣਤੀ ਵਿੱਚ ਘਰੋਂ-ਬੇਘਰ ਹੋ ਗਏ ਹਨ।ਜਿਸ ਤਹਿਤ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਨੇਪਾਲ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਤਿੰਨ ਟੀਮਾਂ ਭੇਜੀਆਂ ਗਈਆਂ ਸਨ।

ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਮੀਡੀਆ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਸ. ਦਲਮੇਘ ਸਿੰਘ ਸਾਬਕਾ ਸਕੱਤਰ ਰਾਹੀਂ ਟੈਲੀਫੋਨ ਤੇ ਮਿਲੀ ਜਾਣਕਾਰੀ ਅਨੁਸਾਰ ਦੱਸਿਆ ਕਿ ਗੁਰਦੁਆਰਾ ਗੁਰੂ ਨਾਨਕ ਸਤਿਸੰਗ ਕੁਪਨਡੋਲ ਲਲਿਤਪੁਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ ਦੇ ਉੱਦਮ ਸਦਕਾ ੩੦ ਅਪ੍ਰੈਲ ਤੋਂ ਰਾਹਤ ਕੈਂਪ ਚੱਲ ਰਿਹਾ ਹੈ।ਉਨ੍ਹਾਂ ਕਿਹਾ ਕਿ ਭੂਚਾਲ ਪੀੜਤ ਲੋਕਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਅਤੇ ਵੱਖ-ਵੱਖ ਭੂਚਾਲ ਪੀੜਤ ਇਲਾਕਿਆਂ ਵਿੱਚ ਸਥਾਪਿਤ ਕੀਤੇ ਗਏ ਕੈਂਪਾਂ ਵਿੱਚ ਲੰਗਰ, ਡਾਕਟਰੀ ਸਹਾਇਤਾ, ਕੰਬਲ, ਤਰਪਾਲਾਂ,ਚਾਵਲ, ਬੱਚਿਆਂ ਲਈ ਦੁੱਧ ਅਤੇ ਬਿਸਕੁਟ ਆਦਿ ਵੰਡੇ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ੧ ਮਈ ਤੋਂ ਭੂਚਾਲ ਨਾਲ ਪੀੜਤ ਮੁੱਖ ਤੌਰ ਤੇ ਪ੍ਰਭਾਵਿਤ ਇਲਾਕੇ ਸਿੱਧੂਪਾਲ, ਭੀਮਟੋਰ ਤੇ ਸਿਪਲਾ ਕੋਟ ਵਿਖੇ ੧੦੦੦ ਲੋਕਾਂ ਨੂੰ ਸੁੱਕਾ ਰਾਸ਼ਨ, ਤਰਪਾਲਾਂ ਤੇ ਦਵਾਈਆਂ ਵੰਡੀਆਂ ਗਈਆਂ ਹਨ।ਉਨ੍ਹਾਂ ਕਿਹਾ ਕਿ ਹਰੀ ਸਿੱਧ ਵਿੱਚ ਲੱਗੇ ਕੈਂਪ ‘ਚ ੩੦੦੦ ਲੋਕਾਂ ਨੂੰ ਲੰਗਰ ਛਕਾਇਆ ਗਿਆ ਅਤੇ ਮੈਡੀਕਲ ਕੈਂਪ ‘ਚ ਤਿੰਨ ਸੌ ਤੋਂ ਵੱਧ ਪੀੜਤਾਂ ਨੂੰ ਦਵਾਈਆਂ ਵੰਡੀਆਂ ਗਈਆਂ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੰਟੀਅਰਾਂ ਵੱਲੋਂ ਨੇਪਾਲ ਦੇ ਫੌਜੀ ਅਫਸਰਾਂ ਨਾਲ ਤਾਲਮੇਲ ਕਰਕੇ ਬਹੁਤ ਪ੍ਰਭਾਵਿਤ ਪਹਾੜੀ ਇਲਾਕੇ ਦੇ ਪਿੰਡ ਗਜੂਆ ਕੀਰਤੀਪੁਰ ਜੋ ਕਿ ਪੂਰੀ ਤਰ੍ਹਾਂ ਢਹਿ-ਢੇਰੀ ਹੋ ਚੁੱਕਾ ਹੈ, ਓਥੋਂ ਦੇ ਲੋਕਾਂ ਨੂੰ ਕੰਬਲ, ਦਰੀਆਂ ਤੇ ਸੁੱਕਾ ਰਾਸ਼ਨ ਵੰਡਿਆ ਗਿਆ।ਉਨ੍ਹਾਂ ਕਿਹਾ ਕਿ ਗੁਰਦੁਆਰਾ ਕੁਪਨਤੋਲ ਸਾਹਿਬ ਵਿਖੇ ਲੰਗਰ ਤਿਆਰ ਕਰਕੇ ਵੱਖ-ਵੱਖ ਪ੍ਰਭਾਵਿਤ ਇਲਾਕਿਆਂ ‘ਚ ਲਿਜਾ ਕੇ ੫੦੦੦ ਲੋਕਾਂ ਨੂੰ ਲੰਗਰ ਛਕਾਇਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਚੰਡੀਗੜ੍ਹ ਤੋਂ ਏਅਰ ਫੋਰਸ ਦੀ ਮਦਦ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ ਵੱਲੋਂ ਹੋਰ ਸਮੱਗਰੀ ਵੀ ਭੇਜੀ ਜਾ ਰਹੀ ਹੈ।ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਭੁਚਾਲ ਪੀੜਤਾਂ ਦੀ ਮੰਗ ਅਨੁਸਾਰ ਰਾਹਤ ਕਾਰਜ ਨਿਰੰਤਰ ਜਾਰੀ ਰਹਿਣਗੇ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਪੰਜ ਹਜ਼ਾਰ ਤਰਪਾਲ, ਟੈਂਟ ਤੇ ਦਰੀਆਂ ਭੇਜੀਆਂ ਜਾ ਰਹੀਆਂ ਹਨ।ਰਾਹਤ ਟੀਮ ਵਿੱਚ ਸ. ਦਲਮੇਘ ਸਿੰਘ ਸਾਬਕਾ ਸਕੱਤਰ ਸ਼੍ਰੋਮਣੀ ਕਮੇਟੀ ਅਤੇ ਪੰਜਾਬ ਸਰਕਾਰ ਵੱਲੋਂ ਸ. ਦਿਲਰਾਜ ਸਿੰਘ ਆਈ ਏ ਐਸ ਅਤੇ ਸ. ਨੌਨਿਹਾਲ ਸਿੰਘ ਆਈ ਪੀ ਐਸ ਸ਼ਾਮਲ ਹਨ।