3-05-2015 photoਅੰਮ੍ਰਿਤਸਰ : 3 ਮਈ () ਨੇਪਾਲ ਵਿੱਚ ਆਏ ਭੂਚਾਲ ਦੇ ਕੇਂਦਰ ਬਿੰਦੂ ਸਿੰਧਪੋਲ ਅਤੇ ਇਸ ਨਾਲ ਲਗਦੇ ਇਲਾਕਿਆਂ ਵਿੱਚ ਸ਼੍ਰੋਮਣੀ ਕਮੇਟੀ ਤੇ ਪੰਜਾਬ ਸਰਕਾਰ ਦੇ ਵਲੰਟੀਅਰਾਂ ਨੇ ਕੈਂਪ ਰੂਪੀ ਡੇਰੇ ਲਗਾ ਲਏ ਹਨ ਅਤੇ ਪੀੜ੍ਹਤਾਂ ਨੂੰ ਵੱਡੀ ਪੱਧਰ ਤੇ ਰਾਹਤ ਤਕਸੀਮ ਕਰਨ ਦਾ ਕਾਰਜ ਜਾਰੀ ਹੈ। ਸ੍ਰ: ਦਿਲਜੀਤ ਸਿੰਘ ਬੇਦੀ ਮੀਡੀਆ ਸਕੱਤਰ ਨਾਲ ਗੱਲਬਾਤ ਦੌਰਾਨ ਨੇਪਾਲ ਤੋਂ ਸ੍ਰ: ਦਲਮੇਘ ਸਿੰਘ ਸਾਬਕਾ ਸਕੱਤਰ ਸ਼੍ਰੋਮਣੀ ਕਮੇਟੀ ਨੇ ਫੋਨ ਤੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਨੇਪਾਲ ਵਿੱਚ ਆਏ ਭੂਚਾਲ ਦੇ ਕੇਂਦਰ ਬਿੰਦੂ ਜਿੱਥੇ ਸਭ ਤੋਂ ਵੱਧ ਨੁਕਸਾਨ ਹੋਇਆ ਹੈ ਵਿਖੇ ਸ਼੍ਰੋਮਣੀ ਕਮੇਟੀ ਨੇ ਪੂਰੀ ਸਮਰਪਿਤ ਭਾਵਨਾ ਨਾਲ ਸੇਵਾ ਕਾਰਜ ਅਰੰਭੇ ਹੋਏ ਹਨ। ਉਨ੍ਹਾਂ ਦੱਸਿਆ ਕਿ ਘਾਟਨੇਰ, ਬਾਟਨੇਰ, ਧੀਮਪਾਲ, ਜ਼ੀਰੋਖਿਲ੍ਹੋ, ਬੀਨਤਾਨ, ਸ਼ਿਪਾਘਾਟ, ਕਿਰਤੀਪੁਰ, ਹਰਸਿੱਧੀ, ਗੋਦਾਵਰੀ ਆਦਿ ਸਥਾਨਾਂ ਤੇ ਅੱਜ ਸ਼੍ਰੋਮਣੀ ਕਮੇਟੀ ਵੱਲੋਂ ਲੰਗਰ ਲਗਾਏ ਗਏ ਤੇ ਲੋੜਵੰਦਾਂ ਨੂੰ ਪੈਕਟਾਂ ਦੇ ਰੂਪ ਵਿੱਚ ਸੁੱਕਾ ਰਾਸ਼ਨ ਵੰਡਿਆ ਗਿਆ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਸ੍ਰੀ ਗੁਰੂ ਰਾਮਦਾਸ ਹਸਪਤਾਲ ਦੇ ਡਾ: ਅੰਗਰੇਜ਼ ਸਿੰਘ ਤੇ ਡਾ: ਭੂਪਿੰਦਰ ਸਿੰਘ ਦੀ ਅਗਵਾਈ ਵਾਲੀ ਸਿਹਤ ਸੇਵਾਵਾਂ ਮੁਹੱਈਆ ਕਰਨ ਵਾਲੀ ਟੀਮ ਦੇ ਡਾਕਟਰਾਂ ਨੇ ਬੀਮਾਰਾਂ ਤੇ ਜਖ਼ਮੀਆਂ ਦਾ ਇਲਾਜ ਕੀਤਾ ਤੇ ਭੂਚਾਲ ਨਾਲ ਪ੍ਰਭਾਵਿਤ ਵੱਖ-ਵੱਖ ਸਥਾਨਾਂ ਤੇ ਪਹੁੰਚ ਕੇ ਸਿਹਤ ਸੇਵਾਵਾਂ ਮੁਹੱਈਆਂ ਕਰਵਾਈਆਂ। ਉਨ੍ਹਾਂ ਕਿਹਾ ਕਿ ਜਿਹੜੇ ਲੋਕਾਂ ਦੇ ਘਰ ਪੂਰੀ ਤਰ੍ਹਾਂ ਤਬਾਹ ਹੋ ਚੁੱਕੇ ਨੇ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਕੰਬਲ ਤੇ ਟੈਂਟ ਮੁਹੱਈਆ ਕੀਤੇ ਗਏ ਹਨ । ਸ੍ਰ: ਰਜਿੰਦਰ ਸਿੰਘ ਮਹਿਤਾ ਤੇ ਸ੍ਰ: ਮੋਹਨ ਸਿੰਘ ਬੰਗੀਂ ਦੋਵੇਂ ਅੰਤ੍ਰਿੰਗ ਮੈਂਬਰ ਸ਼੍ਰੋਮਣੀ ਕਮੇਟੀ, ਸ੍ਰ: ਦਲਮੇਘ ਸਿੰਘ ਤੇ ਸ੍ਰ: ਸਤਬੀਰ ਸਿੰਘ ਸਾਬਕਾ ਸਕੱਤਰ, ਸ੍ਰ: ਸੁਖਦੇਵ ਸਿੰਘ ਭੂਰਾ ਕੋਹਨਾ ਵਧੀਕ ਸਕੱਤਰ, ਸ੍ਰ: ਭੂਪਿੰਦਰਪਾਲ ਸਿੰਘ ਮੀਤ ਸਕੱਤਰ, ਸ੍ਰ: ਲਖਵਿੰਦਰ ਸਿੰਘ ਰੰਧਾਵਾ ਸੁਪਰਵਾਈਜ਼ਰ, ਸ੍ਰ: ਪ੍ਰਮਿੰਦਰ ਸਿੰਘ ਡੰਡੀ ਅਤੇ ਸ਼੍ਰੋਮਣੀ ਕਮੇਟੀ ਕਰਮਚਾਰੀ ਭੂਚਾਲ ਪੀੜ੍ਹਤਾਂ ਨੂੰ ਲੰਗਰ ਅਤੇ ਰਾਸ਼ਨ ਦੇ ਨਾਲ ਨਾਲ ਡਾਕਰਟੀ ਸਹਾਇਤਾ ਵੀ ਮੁਹੱਈਆ ਕਰਵਾ ਰਹੇ ਹਨ ਤੇ ਉਨ੍ਹਾਂ ਦੀ ਦੁੱਖ ਦੀ ਘੜੀ ਵਿੱਚ ਸ਼ਰੀਕ ਹੋ ਰਹੇ ਹਨ। ਸ੍ਰ: ਦਲਮੇਘ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਿਰਮੌਰ ਸੰਸਥਾ ਹੈ ਤੇ ਜਦੋਂ ਕਦੇ ਵੀ ਦੇਸ਼ ਵਿੱਚ ਕੋਈ ਕੁਦਰਤੀ ਆਫ਼ਤ ਆਉਂਦੀ ਹੈ ਤਾਂ ਆਪਣੇ ਗੁਰੂ ਸਹਿਬਾਨ ਵੱਲੋਂ ਬਖਸ਼ੇ ਸੇਵਾ ਦੇ ਸਿਧਾਂਤ ਤੇ ਚੱਲਦੇ ਹੋਏ ਬਿਨਾਂ ਕਿਸੇ ਭੇਦ ਭਾਵ ਦੇ ਸਹਾਇਤਾ ਕਰਦੀ ਆਈ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਵੀ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸ਼੍ਰੋਮਣੀ ਕਮੇਟੀ ਵੱਧ ਚੜ੍ਹ ਕੇ ਦੁਖੀਆਂ ਤੇ ਬੇ-ਸਹਾਰਿਆਂ ਦੀ ਸਹਾਇਤਾ ਕਰ ਰਹੀ ਹੈ।ਉਨ੍ਹਾਂ ਦੱਸਿਆ ਕਿ ਸੰਤਾਂ ਮਹਾਂਪੁਰਸ਼ਾਂ ਵਿੱਚ ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ ਤੇ ਬਾਬਾ ਮਾਨ ਸਿੰਘ ਪਹੇਵਾ ਵਾਲੇ ਲੰਗਰ ਲਗਾ ਕੇ ਭੂਚਾਲ ਪੀੜ੍ਹਤਾਂ ਦੀ ਸੇਵਾ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਵਲੰਟੀਅਰ ਡੀ ਆਈ ਜੀ ਸ੍ਰ: ਨੌਨਿਹਾਲ ਸਿੰਘ, ਸ੍ਰ: ਦਿਲਰਾਜ ਸਿੰਘ ਆਈ ਏ ਐਸ ਵੀ ਉਨ੍ਹਾਂ ਦੇ ਨਾਲ ਭੂਚਾਲ ਪੀੜ੍ਹਤਾਂ ਦੀ ਹਰ ਤਰ੍ਹਾਂ ਨਾਲ ਮਦਦ ਕਰ ਰਹੇ ਹਨ।