ਸ਼੍ਰੋਮਣੀ ਕਮੇਟੀ ਦਾ ਵਫ਼ਦ ਬਿਹਾਰ ਦੇ ਮੁੱਖ ਮੰਤਰੀ ਨੂੰ ਮਿਲਿਆ

ਬਿਹਾਰ ਵਿੱਚ ਸਿੱਖਾਂ ਨੂੰ ਘੱਟ ਗਿਣਤੀ ਦੇ ਰੂਪ ‘ਚ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾਣ

ਅੰਮ੍ਰਿਤਸਰ 13 ਅਗਸਤ (        )  ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350 ਸਾਲਾ ਪ੍ਰਕਾਸ਼ ਦਿਹਾੜਾ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਬਿਹਾਰ ਵਿਖੇ 5 ਜਨਵਰੀ 2017 ਨੂੰ ਸਮੁੱਚੇ ਸੰਸਾਰ ਭਰ ਦੇ ਸਿੱਖਾਂ ਦੇ ਸਹਿਯੋਗ ਨਾਲ ਮਨਾਇਆ ਜਾਵੇਗਾ।ਇਸ ਸਬੰਧੀ ਅਗਾਉਂ ਪ੍ਰਬੰਧਾਂ ਲਈ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੀ ਅਗਵਾਈ ‘ਚ ਡਾ: ਰੂਪ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ, ਸ.ਸਤਬੀਰ ਸਿੰਘ ਸਾਬਕਾ ਸਕੱਤਰ, ਸ. ਸਰਜਿੰਦਰ ਸਿੰਘ ਜਨਰਲ ਸਕੱਤਰ, ਸ. ਗੁਰਿੰਦਰਪਾਲ ਸਿੰਘ ਚੇਅਰਮੈਨ, ਸ. ਨਰਿੰਦਰ ਸਿੰਘ ਛਾਬੜਾ, ਸ. ਸਲਿੰਦਰ ਸਿੰਘ, ਸ. ਗੁਰਿੰਦਰ ਸਿੰਘ ਦੇਵੀਦਾਸਪੁਰਾ, ਜਥੇਦਾਰ ਇੰਦਰਜੀਤ ਸਿੰਘ ਨਿਸ਼ਕਾਮ ਸੇਵਾ ਬਰਮਿੰਘਮ (ਇੰਗਲੈਂਡ) ਅਤੇ ਬੀਬੀ ਹਰਜੋਤ ਕੌਰ ਆਈ ਏ ਐਸ ਸਮੇਤ ੧੦ ਮੈਂਬਰੀ ਵਫ਼ਦ ਸ੍ਰੀ ਨਿਤਿਸ਼ ਕੁਮਾਰ ਮੁੱਖ ਮੰਤਰੀ ਬਿਹਾਰ ਨੂੰ ਮਿਲਿਆ ਤੇ ਮੰਗ ਪੱਤਰ ਸੌਂਪਿਆ।

ਇਥੋਂ ਜਾਰੀ ਪ੍ਰੈਸ ਬਿਆਨ ‘ਚ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਸੌਂਪੇ ਗਏ ਮੰਗ ਪੱਤਰ ਤੇ ਹਮਦਰਦੀ ਨਾਲ ਵਿਚਾਰ ਕਰਨ ਦਾ ਮੁੱਖ ਮੰਤਰੀ ਨੇ ਪੂਰਾ ਵਿਸ਼ਵਾਸ਼ ਦਿਵਾਇਆ ਹੈ।ਉਨ੍ਹਾਂ ਕਿਹਾ ਕਿ ਸੌੰਪੇ ਗਏ ਮੰਗ ਪੱਤਰ ਵਿੱਚ ਬੇਨਤੀ ਕੀਤੀ ਗਈ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ੩੫੦ ਸਾਲਾ ਪ੍ਰਕਾਸ਼ ਦਿਹਾੜੇ ਨੂੰ ਬਿਹਾਰ ਸਰਕਾਰ ਰਾਸ਼ਟਰੀ ਪੱਧਰ ‘ਤੇ ਮਨਾਵੇ ਅਤੇ ਗੁਰੂ ਸਾਹਿਬ ਦੇ ਜੀਵਨ, ਦਰਸ਼ਨ ਅਤੇ ਦੇਣ ਸਬੰਧੀ ਅੰਤਰ-ਰਾਸ਼ਟਰੀ ਸੈਮੀਨਾਰ/ਕਾਨਫਰੰਸ ਕਰਵਾਏ।ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਮੈਡੀਕਲ ਕਾਲਜ/ ਇੰਜੀਨੀਅਰਿੰਗ ਕਾਲਜ ਖੋਲ੍ਹਿਆ ਜਾਵੇ ਅਤੇ ਸਮਾਗਮ ਸਮੇਂ ਗੁਰੂ ਸਾਹਿਬ ਨੂੰ ਸਮਰਪਿਤ ਰਾਸ਼ਟਰੀ ਪੱਧਰ ਤੇ ਡਾਕ ਟਿਕਟ ਅਤੇ ਸਿੱਕੇ ਜਾਰੀ ਕੀਤੇ ਜਾਣ।ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਜੀ ਦੇ ਜੀਵਨ ਅਤੇ ਸਿੱਖਿਆ ਸਬੰਧੀ ਪੰਜਾਬੀ, ਅੰਗਰੇਜ਼ੀ ਅਤੇ ਹਿੰਦੀ ਭਾਸ਼ਾਵਾਂ ‘ਚ ਪੁਸਤਕ ਛਪਵਾ ਕੇ ਸਰਕਾਰੀ ਤੌਰ ‘ਤੇ ਵੰਡੀ ਜਾਵੇ।ਉਨ੍ਹਾਂ ਕਿਹਾ ਕਿ ਪੰਜਾਬ ਤੋਂ ਬਿਹਾਰ ਨੂੰ ਜਾਣ ਵਾਲੀ ਰੇਲ ਗੱਡੀ ਦਾ ਨਾਮ ਦਸਮੇਸ਼ ਪਿਤਾ ਦੇ ਨਾਮ ‘ਤੇ ਰੱਖਿਆ ਜਾਵੇ।ਦਿੱਤੇ ਗਏ ਮੰਗ ਪੱਤਰ ਸਬੰਧੀ ਹੋਰ ਵੇਰਵੇ ਦੇਂਦਿਆਂ ਉਨ੍ਹਾਂ ਦੱਸਿਆ ਕਿ ਬਿਹਾਰ ‘ਚ ਵੱਸਦੇ ਸਿੱਖ ਭਾਈਚਾਰੇ ਨੂੰ ਘੱਟ ਗਿਣਤੀ ਦੇ ਰੂਪ ‘ਚ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾਣ ਤਾਂ ਜੋ ਸਿੱਖ ਇਥੇ ਚੰਗੇ ਕਾਰੋਬਾਰ ਸਥਾਪਿਤ ਕਰਕੇ ਬਿਹਾਰ ਦੀ ਤਰੱਕੀ ਵਿੱਚ ਹੋਰ ਯੋਗਦਾਨ ਪਾ ਸਕਣ।ਉਨ੍ਹਾਂ ਕਿਹਾ ਕਿ ਪਟਨਾ ਸਾਹਿਬ ਰੇਲਵੇ ਸਟੇਸ਼ਨ ਤੋਂ ਤਖ਼ਤ ਸਾਹਿਬ ਤੀਕ ਜਾਣ ਵਾਲੀ ਸੜਕ ਦਾ ਨਾਮ ‘ਸ੍ਰੀ ਗੁਰੂ ਗੋਬਿੰਦ ਸਿੰਘ ਜੀ’ ਮਾਰਗ ਰੱਖਿਆ ਜਾਵੇ ਅਤੇ ਪੰਜਾਬ ਨੂੰ ਜਾਣ ਵਾਲੇ ਰਾਸ਼ਟਰੀ ਰਾਜ ਮਾਰਗ ਦਾ ਨਾਮ ਨੌਵੇਂ ਪਾਤਸ਼ਾਹ ‘ਸ੍ਰੀ ਗੁਰੂ ਤੇਗ ਬਹਾਦਰ ਜੀ’ ਦੇ ਨਾਮ ਤੇ ਰੱਖਿਆ ਜਾਵੇ। ਇਸਦੇ ਨਾਲ ਹੀ ਪਟਨਾ ਸਾਹਿਬ ਨੂੰ ਆਉਣ ਵਾਲੀਆਂ ਹੋਰ ਮੇਨ ਸੜਕਾਂ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਮਾਤਾ ਗੁਜਰੀ ਜੀ ਦੇ ਨਾਮ ਤੇ ਗੇਟ ਉਸਾਰੇ ਜਾਣ।ਉਨ੍ਹਾਂ ਕਿਹਾ ਕਿ ਦਸਮੇਸ਼ ਪਿਤਾ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਸਬੰਧੀ ਬਿਹਾਰ ਸਰਕਾਰ ਅਤੇ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਰਮਿਆਨ ਆਪਸੀ ਤਾਲਮੇਲ ਕਮੇਟੀ ਗਠਿਤ ਕੀਤੀ ਜਾਵੇ ਅਤੇ ਉਸ ਦਾ ਕੋ-ਆਰਡੀਨੇਟਰ ਬਿਹਾਰ ਸਰਕਾਰ ਵੱਲੋਂ ਸਕੱਤਰ ਪੱਧਰ ਤੇ ਅਧਿਕਾਰੀ ਨੂੰ ਲਾਇਆ ਜਾਵੇ।

ਉਨ੍ਹਾਂ ਅੱਗੇ ਦੱਸਿਆ ਕਿ ਮੁੱਖ ਮੰਤਰੀ ਬਿਹਾਰ ਨੂੰ ਸੌਂਪੇ ਗਏ ਮੰਗ ਪੱਤਰ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹੋਣ ਵਾਲੇ ਸਮਾਗਮਾਂ ਸਮੇਂ ਬਿਹਾਰ ਸਰਕਾਰ ਕੁੰਭ ਮੇਲੇ ਵਾਂਗ ਟੈਨਟਿਡ ਸ਼ਹਿਰ ਵਸਾਉਣ ਦੀ ਵਿਵਸਥਾ ਕੀਤੀ ਜਾਵੇ।ਉਨ੍ਹਾਂ ਦੱਸਿਆ ਕਿ ਗੁਰਦੁਆਰਾ ਕੰਗਣ ਘਾਟ ਤੇ ਗੁਰਦੁਆਰਾ ਬਾਲ ਲੀਲ੍ਹਾ ਨੂੰ ਮਿਲਾਉਣ ਵਾਲੇ ਰਸਤੇ ਚੌੜੇ ਕੀਤੇ ਜਾਣ।ਇਨ੍ਹਾਂ ਨੂੰ ਸਾਫ਼-ਸੁਥਰਾ ਤੇ ਹਰਿਆ ਭਰਿਆ ਰੱਖਣ ਦਾ ਪ੍ਰਬੰਧ ਕੀਤਾ ਜਾਵੇ।ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਨਜ਼ਦੀਕ ਆਧੁਨਿਕ ਸਹੂਲਤਾਂ ਭਰਪੂਰ ਹਸਪਤਾਲ ਦੀ ਵਿਵਸਥਾ ਕੀਤੀ ਜਾਵੇ ਇਸ ਦੇ ਆਸ-ਪਾਸ ਸਾਫ-ਸਫ਼ਾਈ ਅਤੇ ਬਿਜਲੀ ਪਾਣੀ ਦੀ ਵਿਵਸਥਾ ਨੂੰ ਸੁਚਾਰੂ ਰੂਪ ‘ਚ ਕੀਤਾ ਜਾਵੇ ਗੁਰਦੁਆਰਾ ਗੁਰੂ ਕਾ ਬਾਗ ਵਿਖੇ ਬਣੇ ਰਿਹਾਇਸ਼ੀ ਕਮਰਿਆਂ ਦੇ ਕੋਲ ਸੇਵਾਦਾਰ ਅਤੇ ਮੁਲਾਜ਼ਮਾ ਦੀ ਸੁਰੱਖਿਆ ਲਈ ਪੁਲਿਸ ਲਗਾਈ ਜਾਵੇ।ਇਸ ਮੌਕੇ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ੩੫੦ ਸਾਲਾ ਪ੍ਰਕਾਸ਼ ਦਿਹਾੜੇ ਸਬੰਧੀ ਮੁੱਖ ਮੰਤਰੀ ਬਿਹਾਰ ਅਤੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਵੱਲੋਂ ਲੋਗੋ ਵੀ ਜਾਰੀ ਕੀਤਾ ਗਿਆ।