ਅੰਮ੍ਰਿਤਸਰ, 15 ਮਾਰਚ- ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਗੁਰਤਾਗੱਦੀ ਦਿਵਸ ਮੌਕੇ ਅੱਜ ਆਈ.ਐਚ.ਏ. ਫਾਊਂਡੇਸ਼ਨ ਅਤੇ ਅਰਥ ਡੇ ਨੈੱਟਵਰਕ ਭਾਰਤ ਦੇ ਨੁਮਾਇੰਦਿਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨਾਲ ਮੁਲਾਕਾਤ ਕਰਕੇ ਇਕ ਮੰਗ-ਪੱਤਰ ਸੌਂਪਿਆ, ਜਿਸ ਵਿਚ ਪਲਾਸਟਿਕ ਤੋਂ ਪੈਦਾ ਹੋ ਰਹੇ ਪ੍ਰਦੂਸ਼ਣ ਦੇ ਖ਼ਾਤਮੇ ਲਈ ਸ਼੍ਰੋਮਣੀ ਕਮੇਟੀ ਨੂੰ ਅਗਵਾਈ ਕਰਨ ਦੀ ਅਪੀਲ ਕੀਤੀ ਗਈ ਹੈ। ਆਈ.ਐਚ.ਏ. ਫਾਊਂਡੇਸ਼ਨ ਦੇ ਬਾਨੀ ਸਕੱਤਰ ਅਤੇ ਚੇਅਰਮੈਨ ਸ. ਸਤਨਾਮ ਸਿੰਘ ਆਹਲੂਵਾਲੀਆ ਅਤੇ ਅਰਥ ਡੇ ਨੈੱਟਵਰਕ ਭਾਰਤ ਦੀ ਰਿਜ਼ਨਲ ਡਾਇਰੈਕਟਰ ਕਰੂਨਾ ਏ. ਸਿੰਘ ਨੇ ਡਾ. ਰੂਪ ਸਿੰਘ ਨਾਲ ਮੁਲਾਕਾਤ ਦੌਰਾਨ ਕਿਹਾ ਕਿ ਵਰਤਮਾਨ ਸਮੇਂ ਵਿਚ ਪ੍ਰਦੂਸ਼ਣ ਦੀ ਸਮੱਸਿਆ ਇਕ ਵਿਕਰਾਲ ਸਮੱਸਿਆ ਦੇ ਰੂਪ ਵਿਚ ਸਾਹਮਣੇ ਹੈ ਅਤੇ ਪਲਾਸਟਿਕ ਤੋਂ ਪੈਦਾ ਹੋਣ ਵਾਲਾ ਪ੍ਰਦੂਸ਼ਣ ਬੇਹੱਦ ਖ਼ਤਰਨਾਕ ਹੈ। ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੁੱਚੀ ਮਨੁੱਖਤਾ ਲਈ ਸ਼ਰਧਾ ਤੇ ਸਤਿਕਾਰ ਦੇ ਪਾਵਨ ਅਸਥਾਨ ਹਨ ਅਤੇ ਇਥੋਂ ਮਿਲੀ ਪ੍ਰੇਰਣਾ ਨੂੰ ਹਰ ਮਨੁੱਖ ਅਦਬ ਨਾਲ ਪ੍ਰਵਾਨ ਕਰਦਾ ਹੈ। ਇਸ ਮੌਕੇ ਡਾ. ਰੂਪ ਸਿੰਘ ਨੇ ਕਿਹਾ ਕਿ ਪ੍ਰਦੂਸ਼ਣ ਦੇ ਖ਼ਾਤਮੇ ਲਈ ਸ਼੍ਰੋਮਣੀ ਕਮੇਟੀ ਵੱਲੋਂ ਸਮੇਂ-ਸਮੇਂ ‘ਤੇ ਸੰਗਤਾਂ ਨੂੰ ਪ੍ਰੇਰਣਾ ਕੀਤੀ ਜਾਂਦੀ ਹੈ ਅਤੇ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਗੁਰਤਾਗੱਦੀ ਦਿਵਸ ਹਰ ਸਾਲ ਵਾਤਾਵਰਣ ਦਿਵਸ ਵਜੋਂ ਮਨਾਉਣਾ ਵੀ ਇਸੇ ਕੜੀ ਦਾ ਹੀ ਇੱਕ ਹਿੱਸਾ ਹੈ। ਉਨ੍ਹਾਂ ਆਈ.ਐਚ.ਏ. ਫਾਊਂਡੇਸ਼ਨ ਅਤੇ ਅਰਥ ਡੇ ਨੈੱਟਵਰਕ ਭਾਰਤ ਦੇ ਉਪਰਾਲਿਆਂ ਦੀ ਸ਼ਾਲਾਘਾ ਵੀ ਕੀਤੀ। ਇਸ ਦੌਰਾਨ ਸ. ਸਤਨਾਮ ਸਿੰਘ ਆਹਲੂਵਾਲੀਆ ਅਤੇ ਕਾਰੂਨਾ ਏ. ਸਿੰਘ ਨੂੰ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਅਤੇ ਹੋਰ ਅਧਿਕਾਰੀਆਂ ਨੇ ਗੁਰੂ ਬਖ਼ਸ਼ਿਸ਼ ਸਿਰੋਪਾਓ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਮਨਜੀਤ ਸਿੰਘ ਬਾਠ, ਸ. ਅਵਤਾਰ ਸਿੰਘ ਸੈਂਪਲਾ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਸੁਲੱਖਣ ਸਿੰਘ ਭੰਗਾਲੀ, ਸ. ਅਜ਼ਾਦਦੀਪ ਸਿੰਘ, ਸ. ਹਰਮੀਤ ਸਿੰਘ ਸਲੂਜਾ ਤੇ ਹੋਰ ਮੌਜੂਦ ਸਨ।