ਅੰਮ੍ਰਿਤਸਰ, ੨੩ ਜੂਨ-
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪਾਕਿਸਤਾਨ ਗਏ ਸਿੱਖ ਸ਼ਰਧਾਲੂਆਂ ਦੇ ਜਥੇ ਨਾਲ ਪਾਕਿਸਤਾਨ ਸਥਿਤ ਭਾਰਤੀ ਹਾਈ ਕਮਿਸ਼ਨ ਦੇ ਅਧਿਕਾਰੀਆਂ ਨੂੰ ਮੁਲਾਕਾਤ ਕਰਨ ਤੋਂ ਰੋਕਣ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਗਏ ਸ਼ਰਧਾਲੂਆਂ ਨੂੰ ਉਥੇ ਦੇ ਭਾਰਤੀ ਹਾਈ ਕਮਿਸ਼ਨ ਵੱਲੋਂ ਮਿਲਣ ਵਿਚ ਪਾਕਿਸਤਾਨ ਸਰਕਾਰ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਕਿਉਂਕਿ ਹਾਈ ਕਮਿਸ਼ਨ ਦੇ ਅਧਿਕਾਰੀਆਂ ਦਾ ਇਹ ਫ਼ਰਜ਼ ਹੈ ਕਿ ਆਪਣੇ ਦੇਸ਼ ਤੋਂ ਆਏ ਲੋਕਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀ ਸਾਰ ਲਵੇ। ਉਨ੍ਹਾਂ ਕਿਹਾ ਕਿ ਜੇਕਰ ਪਾਕਿਸਤਾਨ ਸਥਿਤ ਭਾਰਤੀ ਹਾਈ ਕਮਿਸ਼ਨ ਆਪ ਸਿੱਖ ਸ਼ਰਧਾਲੂਆਂ ਨੂੰ ਮਿਲਣ ਲਈ ਪਹੁੰਚੇ ਸਨ ਅਤੇ ਪਾਕਿਸਤਾਨ ਸਰਕਾਰ ਨੂੰ ਉਨ੍ਹਾਂ ਨੂੰ ਰੋਕਣਾ ਨਹੀਂ ਸੀ ਚਾਹੀਦਾ। ਉਨ੍ਹਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਪਹਿਲਾਂ ਵੀ ਖਾਲਸਾ ਸਾਜਨਾ ਦਿਵਸ ਮੌਕੇ ਗਏ ਜਥੇ ਨਾਲ ਵੀ ਭਾਰਤੀ ਹਾਈ ਕਮਿਸ਼ਨ ਨੂੰ ਮਿਲਣ ਨਹੀਂ ਸੀ ਦਿੱਤਾ ਗਿਆ ਅਤੇ ਹੁਣ ਇਕ ਵਾਰ ਫਿਰ ਅਜਿਹਾ ਕਰਕੇ ਪਾਕਿਸਤਾਨ ਸਰਕਾਰ ਨੇ ਠੀਕ ਨਹੀਂ ਕੀਤਾ।

ਇਸੇ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਬੁਲਾਰੇ ਸ. ਦਿਲਜੀਤ ਸਿੰਘ ਬੇਦੀ ਨੇ ਕਿਹਾ ਕਿ ਵੱਖ-ਵੱਖ ਇਤਿਹਾਸਕ ਦਿਹਾੜਿਆਂ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਪਾਕਿਸਤਾਨ ਦੇ ਗੁਰਧਾਮਾਂ ਲਈ ਭੇਜੇ ਜਾਂਦੇ ਸਿੱਖ ਸ਼ਰਧਾਲੂਆਂ ਦੇ ਜਥੇ ਵਿਚ ਕਿਸੇ ਵੀ ਸਿੱਖ ਦੇ ਜਾਣ ‘ਤੇ ਮਨਾਹੀ ਨਹੀਂ ਹੈ। ਉਨ੍ਹਾਂ ਪਾਕਿਸਤਾਨ ਭੇਜੇ ਜਾਂਦੇ ਜਥਿਆਂ ਵਿਚ ਇਕੱਲੀਆਂ ਬੀਬੀਆਂ ਦੀ ਸ਼ਮੂਲੀਅਤ ਸਬੰਧੀ ਸਪੱਸ਼ਟ ਕਰਦਿਆਂ ਕਿਹਾ ਕਿ ੫੦ ਸਾਲ ਤੋਂ ਵੱਧ ਉਮਰ ਵਾਲੀਆਂ ਬੀਬੀਆਂ ਆਪਣੇ ਪਰਿਵਾਰਕ ਮੈਂਬਰਾਂ ਦੀ ਜ਼ੁੰਮੇਵਾਰੀ ‘ਤੇ ਸ਼ਾਮਲ ਹੋ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਜਥੇ ਵਿਚ ਸ਼ਾਮਲ ਹੋਣ ਵਾਲੇ ਕਿਸੇ ਵੀ ਮੈਂਬਰ ਦੀ ਜਾਂਚ ਦਾ ਕੰਮ ਸਰਕਾਰਾਂ ਦਾ ਹੈ ਅਤੇ ਸ਼੍ਰੋਮਣੀ ਕਮੇਟੀ ਕੇਵਲ ਉਨ੍ਹਾਂ ਦੀ ਮੁਕੰਮਲ ਜਾਣਕਾਰੀ ਅਤੇ ਪਾਸਪੋਰਟ ਇਕੱਠੇ ਕਰਕੇ ਸ਼੍ਰੋਮਣੀ ਕਮੇਟੀ ਮੈਂਬਰਾਂ ਦੀਆਂ ਸਿਫ਼ਾਰਸ਼ਾਂ ਸਹਿਤ ਸਰਕਾਰਾਂ ਅਤੇ ਦਿੱਲੀ ਸਥਿਤ ਪਾਕਿਸਤਾਨ ਦੂਤਾਵਾਸ ਨੂੰ ਭੇਜਦੀ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਸ਼੍ਰੋਮਣੀ ਕਮੇਟੀ ਵੱਲੋਂ ਭੇਜੇ ਗਏ ਸ਼ਰਧਾਲੂਆਂ ਵਿਚ ੧੬ ਬੀਬੀਆਂ ਵੀ ਸ਼ਾਮਲ ਸਨ।