ਪ੍ਰੋ. ਬਡੂੰਗਰ ਨੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਲਿਖਿਆ ਪੱਤਰ

ਅੰਮ੍ਰਿਤਸਰ ੧੫ ਅਪ੍ਰੈਲ (            ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੱਟਰ ਤੋਂ ਵੱਖ-ਵੱਖ ਪੁਰਬਾਂ ਸਮੇਂ ਪਾਕਿਸਤਾਨ ਜਾਂਦੇ ਸਿੱਖ ਸ਼ਰਧਾਲੂਆਂ ਦੇ ਜਥਿਆਂ ਵਿੱਚ ਹਰਿਆਣਾ ਦੀ ਸੰਗਤ ਲਈ ਸੂਬੇ ਨਾਲ ਸਬੰਧਤ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਸਿਫਾਰਸ਼ ਨੂੰ ਲਾਗੂ ਕਰਨ ਦੀ ਮੰਗ ਕੀਤੀ ਹੈ।ਇਹ ਮੰਗ ਪ੍ਰੋ. ਬਡੂੰਗਰ ਵੱਲੋਂ ਸ੍ਰੀ ਖੱਟਰ ਨੂੰ ਇਕ ਪੱਤਰ ਲਿਖ ਕੇ ਕੀਤੀ ਗਈ।
ਉਨ੍ਹਾਂ ਆਖਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਨੁਮਾਇੰਦਾ ਸੰਸਥਾ ਹੈ ਅਤੇ ਪਾਕਿਸਤਾਨ ਵਿਚਲੇ ਗੁਰਧਾਮਾਂ ਦੇ ਦਰਸ਼ਨਾਂ ਲਈ ਭੇਜੇ ਜਾਂਦੇ ਜਥਿਆਂ ਵਿੱਚ ਇਸ ਨੂੰ ਭਾਰਤ ਸਰਕਾਰ ਤੋਂ ੬੦ ਫੀਸਦੀ ਕੋਟਾ ਮਿਲਿਆ ਹੋਇਆ ਹੈ।ਇਸ ਕੋਟੇ ਅਨੁਸਾਰ ਸ਼ਰਧਾਲੂਆਂ ਤੋਂ ਮੰਗੀਆਂ ਜਾਂਦੀਆਂ ਅਰਜੀਆਂ ‘ਤੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੀ ਸਿਫਾਰਸ਼ ਲਾਜ਼ਮੀ ਹੁੰਦੀ ਹੈ।ਲੇਕਿਨ ਦੂਸਰੇ ਪਾਸੇ ਹਰਿਆਣਾ ਸੂਬੇ ਦੇ ਕੋਟੇ ਵਿਚੋਂ ਸ਼ਰਧਾਲੂਆਂ ਲਈ ਸਰਕਾਰ ਨੇ ਸੂਬੇ ਦੇ ਮੈਂਬਰਾਂ ਨੂੰ ਇਸ ਹੱਕ ਤੋਂ ਵਾਂਝਾ ਰੱਖਿਆ ਹੈ।ਪ੍ਰੋ. ਬਡੂੰਗਰ ਨੇ ਕਿਹਾ ਕਿ ਇਸ ਨੂੰ ਹਰਿਆਣਾ ਤੋਂ ਚੁਣੇ ਹੋਏ ਸਿੱਖ ਨੁਮਾਇੰਦੇ ਆਪਣੇ ਨਾਲ ਅਨਿਆਂ ਸਮਝ ਰਹੇ ਹਨ।ਉਨ੍ਹਾਂ ਸ੍ਰੀ ਮਨੋਹਰ ਲਾਲ ਖੱਟਰ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਵੱਲ ਉਚੇਚਾ ਧਿਆਨ ਦੇ ਕੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਦਿਵਾਇਆ ਜਾਵੇ ਅਤੇ ਉਨ੍ਹਾਂ ਦੀਆਂ ਸਿਫਾਰਸ਼ਾਂ ‘ਤੇ ਹੀ ਪਾਕਿਸਤਾਨ ਜਾਣ ਲਈ ਸਿੱਖ ਸ਼ਰਧਾਲੂਆਂ ਨੂੰ ਵੀਜ਼ੇ ਦਿੱਤੇ ਜਾਣ।
ਇਥੇ ਦੱਸਣਾ ਬਣਦਾ ਹੈ ਕਿ ਪਾਕਿਸਤਾਨ ਜਾਣ ਵਾਲੇ ਜਥਿਆਂ ਵਿੱਚ ਸ਼ਾਮਲ ਪੰਜਾਬ ਦੇ ਸ਼ਰਧਾਲੂਆਂ ਦੀ ਸਿਫਾਰਸ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵੱਲੋਂ ਕੀਤੀ ਜਾਂਦੀ ਹੈ, ਜਦਕਿ ਹਰਿਆਣਾ ਦੇ ਸ਼ਰਧਾਲੂਆਂ ਦੀ ਸਿਫਾਰਸ਼ ਸੂਬੇ ਦੇ ਡਿਪਟੀ ਕਮਿਸ਼ਨਰਾਂ ਵੱਲੋਂ ਕੀਤੀ ਜਾਂਦੀ ਹੈ।