ਅੰਮ੍ਰਿਤਸਰ 19 ਮਾਰਚ (        ) ਪਾਵਨ ਬਿਰਧ ਸਰੂਪ, ਗੁਟਕੇ ਤੇ ਪੋਥੀਆਂ ਅਗਨ ਭੇਟ ਨਹੀਂ ਕੀਤੇ ਜਾਂਦੇ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬਾਬਾ ਨਰਿੰਦਰ ਸਿੰਘ ਪ੍ਰਭੂ ਸਿਮਰਨ ਕੇਂਦਰ, ਛੋਟੀ ਜਵੱਦੀ ਲੁਧਿਆਣਾ ਨੇ ਦਫ਼ਤਰ ਸ਼੍ਰੋਮਣੀ ਕਮੇਟੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ।

ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ, ਸ੍ਰੀ ਗੋਇੰਦਵਾਲ ਸਾਹਿਬ, ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ, ਰਾਮਗੜ੍ਹ ਭੁੱਲਰ, ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ, ਨਥਵਾਣ ਨੇੜੇ ਰਤੀਆ, ਹਰਿਆਣਾ, ਗੁਰਦੁਆਰਾ ਮਜਨੂੰ ਕਾ ਟਿੱਲਾ, ਦਿੱਲੀ, ਗੁਰਦੁਆਰਾ ਸਿੱਖ ਛਾਵਨੀਆਤ, ਬਾਰਮਬਾਲਾ, ਹੈਦਰਾਬਾਦ ਤੇ ਪ੍ਰਭੂ ਸਿਮਰਨ ਕੇਂਦਰ ਛੋਟੀ ਜਵੱਦੀ ਲੁਧਿਆਣਾ ਆਦਿ ਕੇਂਦਰਾਂ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਬਿਰਧ ਸਰੂਪਾਂ ਦਾ ਸਸਕਾਰ ਕੀਤਾ ਜਾਂਦਾ ਹੈ।ਉਨ੍ਹਾਂ ਕਿਹਾ ਕਿ ਇਥੇ ਆਉਂਦੇ ਸਰੂਪਾਂ ਦੇ ਦਰਸ਼ਨ ਕਰਕੇ ਬੇਹੱਦ ਡੂੰਘਾਈ ਨਾਲ ਜਾਂਚ ਪੜਤਾਲ ਕਰਦਿਆ ਇਹ ਵੇਖਿਆ ਜਾਂਦਾ ਹੈ ਕਿ ਜੇਕਰ ਕਿਸੇ ਸਰੂਪ ਦੇ ਅੰਗ ਖਰਾਬ ਅਵਸਥਾ ਵਿੱਚ ਹਨ ਤਾਂ ਉਸ ਦਾ ਸਸਕਾਰ ਕਰ ਦਿੱਤਾ ਜਾਂਦਾ ਹੈ ਤੇ ਅਗਰ ਕਿਸੇ ਸਰੂਪ ਦੀ ਠੀਕ ਹੋਣ ਦੀ ਸੰਭਾਵਨਾ ਦਿਸੇ ਤਾਂ ਉਸ ਨੂੰ ਸੰਗਤਾਂ ਲਈ ਸੰਭਾਲ ਲਿਆ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਹਸਤ ਲਿਖਤ ਸਰੂਪ 246, ਦਸਮ ਗ੍ਰੰਥ 50, ਪੱਥਰ ਛਾਪਾ 6, ਉਰਦੂ ਸਰੂਪ 42, ਉਰਦੂ ਸਫਰੀ 33 ਤੇ ਹਿੰਦੀ ਦੇ 12 ਕੁਲ 389 ਸਰੂਪ ਸ਼੍ਰੋਮਣੀ ਕਮੇਟੀ ਦੀ ਸਿੱਖ ਰੈਫਰੈਂਸ ਲਾਇਬ੍ਰੇਰੀ ਵਿਖੇ ਵਾਚਣ ਲਈ ਭੇਜੇ ਗਏ ਹਨ।ਉਨ੍ਹਾਂ ਕਿਹਾ ਕਿ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਬਿਰਧ ਸਰੂਪਾਂ ਦੀ ਸੇਵਾ ਸਾਨੂੰ ਸੌਂਪੀ ਗਈ ਹੈ।ਉਨ੍ਹਾਂ ਕਿਹਾ ਕਿ ਕਾਫੀ ਲੰਮੇ ਸਮੇਂ ਤੋਂ ਪ੍ਰਭੂ ਸਿਮਰਨ ਕੇਂਦਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਬਿਰਧ ਸਰੂਪਾਂ ਦੀ ਸੇਵਾ ਨਿਭਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੇ ਵੱਲੋਂ 19 ਹਜ਼ਾਰ 686 ਪ੍ਰਾਣੀਆਂ ਨੂੰ ਸਿੱਖੀ ਸਰੂਪ ਵਿੱਚ ਲਿਆਉਣ ਲਈ ਪ੍ਰੇਰਿਤ ਕੀਤਾ ਗਿਆ ਹੈ ਤੇ ਹੁਣ ਤੀਕ 5896 ਭੇਟਾ ਰਹਿਤ ਸਰੂਪ ਵੀ ਦਿੱਤੇ ਜਾ ਚੁੱਕੇ ਹਨ।ਉਨ੍ਹਾਂ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਬਿਰਧ ਸਰੂਪਾਂ ਬਾਰੇ ਸੂਚਿਤ ਹੋਣ ਤੇ ਕਿਸੇ ਕਿਸਮ ਦੇ ਕੂੜ ਪ੍ਰਚਾਰ ਵੱਲ ਧਿਆਨ ਨਾ ਦੇਣ।