ਧਰਮ ਪ੍ਰਚਾਰ ਕਮੇਟੀ ਦੀ ਇਕੱਤਰਤਾ ਦੌਰਾਨ ਆਨਲਾਈਨ ਵਿਧੀ ਦੁਆਰਾ ਧਰਮ ਪ੍ਰਚਾਰ ਲਹਿਰ ਨੂੰ ਹੋਰ ਪ੍ਰਚੰਡ ਕਰਨ ਦਾ ਫੈਸਲਾ
ਅੰਮ੍ਰਿਤਸਰ, 30 ਜੂਨ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਪਬਲੀਕੇਸ਼ਨ ਵਿਭਾਗ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਘਟਣ ਦੇ ਮਾਮਲੇ ਵਿਚ ਸਬ-ਕਮੇਟੀ ਦਾ ਗਠਨ ਕੀਤਾ ਹੈ। ਇਸ ਕਮੇਟੀ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਮਾਨ ਸਿੰਘ, ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸ. ਹਰਜਿੰਦਰ ਸਿੰਘ ਧਾਮੀ, ਅੰਤ੍ਰਿੰਗ ਕਮੇਟੀ ਮੈਂਬਰ ਸ. ਸੁਰਜੀਤ ਸਿੰਘ ਕੰਗ, ਸ. ਜਗਸੀਰ ਸਿੰਘ ਮਾਂਗੇਆਣਾ, ਸ਼੍ਰੋਮਣੀ ਕਮੇਟੀ ਮੈਂਬਰ ਸ. ਗੁਰਤੇਜ ਸਿੰਘ ਢੱਡੇ, ਸ. ਸਰਵਨ ਸਿੰਘ ਕੁਲਾਰ ਅਤੇ ਮੀਤ ਸਕੱਤਰ ਸ. ਸਿਮਰਜੀਤ ਸਿੰਘ (ਕੋਆਰਡੀਨੇਟਰ) ਨੂੰ ਸ਼ਾਮਲ ਕੀਤਾ ਗਿਆ ਹੈ। ਧਰਮ ਪ੍ਰਚਾਰ ਕਮੇਟੀ ਦੀ ਇਕੱਤਰਤਾ ਲਈ ਇਥੇ ਪੁੱਜੇ ਭਾਈ ਲੌਂਗੋਵਾਲ ਨੇ ਆਖਿਆ ਕਿ ਇਸ ਮਾਮਲੇ ਵਿਚ ਨਿਰਪੱਖ ਜਾਂਚ ਕੀਤੀ ਜਾਵੇਗੀ ਅਤੇ ਜੋ ਵੀ ਦੋਸ਼ੀ ਹੋਵੇਗਾ ਉਸ ਨੂੰ ਸਖ਼ਤ ਸਜ਼ਾ ਜ਼ਰੂਰ ਮਿਲੇਗੀ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਵੀ ਇਸ ਸਬੰਧ ਵਿਚ ਸਬ-ਕਮੇਟੀ ਬਣਾ ਕੇ ਜਾਂਚ ਲਈ ਕਿਹਾ ਗਿਆ ਹੈ। ਸ਼੍ਰੋਮਣੀ ਕਮੇਟੀ ਵੱਲੋਂ ਬਣਾਈ ਗਈ ਇਹ ਸਬ-ਕਮੇਟੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਸਬੰਧੀ ਵੇਰਵਿਆਂ ਨੂੰ ਘੋਖਣ ਉਪਰੰਤ ਜੋ ਵੀ ਰਿਪੋਰਟ ਦੇਵੇਗੀ, ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਇਹ ਰਿਪੋਰਟ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵੀ ਭੇਜ ਦਿੱਤੀ ਜਾਵੇਗੀ।
ਇਸੇ ਦੌਰਾਨ ਧਰਮ ਪ੍ਰਚਾਰ ਕਮੇਟੀ ਦੀ ਇਕੱਤਰਤਾ ਵਿਚ ਬੀਤੇ ਦਿਨੀਂ ਚੀਨ ਦੀ ਸਰਹੱਦ ’ਤੇ ਗੁਰੂ ਬਖ਼ਸ਼ੀ ਕਿਰਪਾਨ ਨਾਲ ਦੁਸ਼ਮਣ ਦਾ ਮੁਕਾਬਲਾ ਕਰਨ ਵਾਲੇ ਅੰਮ੍ਰਿਤਧਾਰੀ ਗੁਰਸਿੱਖ ਨੌਜੁਆਨ ਸ. ਗੁਰਤੇਜ ਸਿੰਘ ਦੀ ਬਹਾਦਰੀ ਦੀ ਪ੍ਰਸ਼ੰਸਾ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਇਸ ਸਿੱਖ ਨੌਜੁਆਨ ਦੀ ਜੀਵਨ ਗਾਥਾ ਪ੍ਰੇਰਣਾ ਦੇ ਤੌਰ ’ਤੇ ਵਿਦਿਆਰਥੀਆਂ ਲਾਜ਼ਮੀ ਤੌਰ ’ਤੇ ਦੱਸੀ ਜਾਵੇ। ਇਸ ਤੋਂ ਇਲਾਵਾ ਅਗਲੇ ਸਮੇਂ ਵਿਚ ਆਉਣ ਵਾਲੀਆਂ ਸ਼ਤਾਬਦੀਆਂ ਸਬੰਧੀ ਵਿਚਾਰ-ਵਟਾਂਦਰਾ ਕਰਦਿਆਂ ਫਿਲਹਾਲ ਇੰਟਰਨੈੱਟ ਦੇ ਮਾਧਿਅਮ ਦੁਆਰਾ ਆਨਲਾਈਨ ਸੈਮੀਨਾਰ ਅਤੇ ਬੱਚਿਆਂ ਦੇ ਵੱਖ-ਵੱਖ ਤਰ੍ਹਾਂ ਦੇ ਗੁਰਮਤਿ ਸਮਾਗਮ ਕਰਨ ਦਾ ਫੈਸਲਾ ਕੀਤਾ ਗਿਆ। ਭਾਈ ਲੌਂਗੋਵਾਲ ਨੇ ਦੱਸਿਆ ਕਿ ਕੋਰੋਨਾ ਮਹਾਮਾਰੀ ਕਾਰਨ ਬਣੇ ਹਾਲਾਤਾਂ ਕਰਕੇ ਹਾਲ ਦੀ ਘੜੀ ਵੱਡੇ ਸੰਗਤੀ ਇਕੱਠ ਨਹੀਂ ਕੀਤੇ ਜਾ ਸਕਦੇ। ਇਸ ਲਈ ਸ਼੍ਰੋਮਣੀ ਕਮੇਟੀ ਵੱਲੋਂ ਆਨਲਾਈਨ ਧਰਮ ਪ੍ਰਚਾਰ ਲਹਿਰ ਨੂੰ ਹੋਰ ਬਲ ਦਿੱਤਾ ਜਾਵੇਗਾ। ਹਾਲਾਤ ਆਮ ਵਾਂਗ ਹੋਣ ਮਗਰੋਂ ਵਿਸ਼ਾਲ ਸਮਾਗਮ ਆਰੰਭੇ ਜਾਣਗੇ। ਇਕੱਤਰਤਾ ਦੌਰਾਨ ਧਰਮ ਪ੍ਰਚਾਰ ਕਮੇਟੀ ਵੱਲੋਂ ਚਲਾਏ ਜਾਂਦੇ ਧਾਰਮਿਕ ਵਿਦਿਅਕ ਅਦਾਰਿਆਂ ਵਿਚ ਵਿਦਿਆਰਥੀਆਂ ਨੂੰ ਦਾਖ਼ਲ ਕਰਨ ਸਮੇਂ 2 ਸਾਲ ਦੀ ਛੋਟ ਦਿੱਤੀ ਗਈ ਹੈ। ਹੁਣ 22 ਸਾਲ ਦੀ ਉਮਰ ਤੱਕ ਦੇ ਸਿੱਖ ਵਿਦਿਆਰਥੀ ਧਾਰਮਿਕ ਸੰਸਥਾਵਾਂ ਵਿਚ ਰਾਗੀ, ਪ੍ਰਚਾਰਕ, ਤਬਲਾ ਵਾਦਕ, ਗ੍ਰੰਥੀ ਆਦਿ ਕੋਰਸਾਂ ਲਈ ਦਾਖ਼ਲਾ ਪ੍ਰਾਪਤ ਕਰ ਸਕਣਗੇ। ਇਸ ਤੋਂ ਪਹਿਲਾਂ ਇਹ ਉਮਰ ਹੱਦ 20 ਸਾਲ ਤੱਕ ਸੀ।
ਇਕੱਤਰਤਾ ’ਚ ਮੈਂਬਰ ਭਾਈ ਅਜਾਇਬ ਸਿੰਘ ਅਭਿਆਸੀ, ਸ. ਸੁਖਵਰਸ਼ ਸਿੰਘ ਪੰਨੂ, ਸ. ਤੇਜਿੰਦਰਪਾਲ ਸਿੰਘ ਲਾਡਵਾ, ਸ. ਰਾਮਪਾਲ ਸਿੰਘ ਬਹਿਣੀਵਾਲ, ਸ. ਮਨਜੀਤ ਸਿੰਘ ਬੱਪੀਆਣਾ, ਮੁੱਖ ਸਕੱਤਰ ਡਾ. ਰੂਪ ਸਿੰਘ, ਸਕੱਤਰ ਸ. ਮਨਜੀਤ ਸਿੰਘ, ਸ. ਮਹਿੰਦਰ ਸਿੰਘ ਆਹਲੀ, ਮੀਤ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ, ਸ. ਸਿਮਰਜੀਤ ਸਿੰਘ ਕੰਗ, ਸ. ਗੁਰਮੀਤ ਸਿੰਘ ਬੁੱਟਰ, ਸ. ਨਿਸ਼ਾਨ ਸਿੰਘ, ਸ. ਦਰਸ਼ਨ ਸਿੰਘ ਪੀ.ਏ., ਸੁਪ੍ਰਿੰਟੈਂਡੈਂਟ ਸ. ਮਲਕੀਤ ਸਿੰਘ ਬਹਿੜਵਾਲ, ਸ. ਪਲਵਿੰਦਰ ਸਿੰਘ ਚਿੱਟਾ ਆਦਿ ਮੌਜੂਦ ਸਨ।