ਅੰਮ੍ਰਿਤਸਰ 1 ਜੂਨ- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਨਾਲ ਸ. ਕੁਲਵੰਤ ਸਿੰਘ ਮੰਨਣ, ਸ. ਸੁਰਜੀਤ ਸਿੰਘ ਚੀਮਾਂ ਤੇ ਸ. ਪਰਮਜੀਤ ਸਿੰਘ ਰਾਏਪੁਰ ਮੈਂਬਰ ਸ਼੍ਰੋਮਣੀ ਕਮੇਟੀ ਨੂੰ ਲੈ ਕੇ ਜਲੰਧਰ ਜ਼ਿਲ੍ਹੇ ‘ਚ ਸੁੱਚੀ ਪਿੰਡ ਦੇ ਗੁਰਦੁਆਰਾ ਸਾਹਿਬ ‘ਚ ਸ਼ਾਰਟ ਸਰਕਟ ਹੋਣ ਕਰਕੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ੪ ਪਾਵਨ ਸਰੂਪ ਤੇ ੧੫੦ ਦੇ ਲਗਭਗ ਗੁਰਬਾਣੀ ਦੇ ਗੁੱਟਕੇ ਸਾਹਿਬ ਅਗਨ ਭੇਟ ਹੋਣ ਵਾਲੀ ਵਾਪਰੀ ਹਿਰਦੇ ਵੇਦਕ ਘਟਨਾ ਦਾ ਮੌਕੇ ‘ਤੇ ਪਹੁੰਚ ਕੇ ਮੁਕੰਮਲ ਜਾਇਜਾ ਲੈਂਦਿਆਂ ਇਸ ਨੂੰ ਜਿੱਥੇ ਬੇਹੱਦ ਦੁਖਦਾਈ ਤੇ ਹਿਰਦੇ ਵੇਦਕ ਘਟਨਾ ਦੱਸਿਆ ਹੈ ਉੱਥੇ ਨਾਲ ਹੀ ਸਤਿਕਾਰ ਕਮੇਟੀ ਤੇ ਕੁੱਝ ਜਥੇਬੰਦੀਆਂ ਵਲੋਂ ਗੁਰਦੁਆਰਾ ਪ੍ਰਬੰਧਕਾਂ ਖਿਲਾਫ ਬਿਨਾਂ ਤੱਥ ਜਾਣੇ ਪਰਚਾ ਦਰਜ ਕਰਵਾਉਣ ਦੀ ਸਖ਼ਤ ਨਿਖੇਧੀ ਕੀਤੀ ਹੈ।
ਉਨ੍ਹਾਂ ਕਿਹਾ ਕਿ ਤਥਾਂ ਰਹਿਤ ਕੋਈ ਵੀ ਕੰਮ ਠੀਕ ਨਹੀਂ ਜੇਕਰ ਕੋਈ ਸ਼ਰਾਰਤੀ ਅਨਸਰ ਅਜਿਹੀ ਘਟਨਾ ਨੂੰ ਅੰਜਾਮ ਦਿੰਦਾ ਹੈ ਤਾਂ ਉਹ ਹਰਗਿਜ਼ ਬਖਸ਼ਣ ਯੋਗ ਨਹੀਂ ਹੁੰਦਾ ਪ੍ਰੰਤੂ ਜੇਕਰ ਕਿਤੇ ਕੁਦਰਤੀ ਤੌਰ ‘ਤੇ ਕਿਸੇ ਬਿਜਲੀ ਉਪਕਰਣ ਦੀ ਖਰਾਬੀ ਕਾਰਨ ਅਜਿਹੀ ਘਟਨਾ ਵਾਪਰਦੀ ਹੈ ਤਾਂ ਇਸ ਦੀ ਜਾਂਚ ਪੜਤਾਲ ਕੀਤੇ ਬਿਨਾ ਸਿੱਧੇ ਤੌਰ ‘ਤੇ ਜਿੰਮੇਵਾਰੀ ਪ੍ਰਬੰਧਕਾਂ ਤੇ ਫਿਕਸ ਕਰਨੀ ਬਿਲਕੁਲ ਜਾਇਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਅੱਜ ਸੁੱਚੀ ਪਿੰਡ ਪਹੁੰਚ ਕੇ ਜੋ ਸਥਿਤੀ ਦਾ ਜਾਇਜਾ ਲਿਆ ਹੈ ਉਸ ਅਨੁਸਾਰ ਪ੍ਰਬੰਧਕਾਂ ਜਾਂ ਪਿੰਡ ਵਾਸੀਆਂ ਦਾ ਕੋਈ ਸਿੱਧੇ ਤੌਰ ਤੇ ਕਸੂਰ ਨਜ਼ਰ ਨਹੀਂ ਆਉਂਦਾ ਇਸ ਲਈ ਦਰਜ ਪਰਚਾ ਰੱਦ ਹੋਣਾ ਚਾਹੀਦਾ ਹੈ ਕਿਉਂਕਿ ਪਿੰਡ ਵਾਸੀ ਜਿਥੇ ਇਸ ਘਟਨਾ ਪ੍ਰਤੀ ਸਮੁੱਚੀ ਕੌਮ ਵਾਂਗ ਦੁਖੀ ਹਨ ਉਥੇ ਉਨ੍ਹਾਂ ਖਿਲਾਫ ਜਥੇਬੰਦੀਆਂ ਵਲੋਂ ਪਰਚਾ ਦਰਜ ਕਰਵਾਉਣ ਤੇ ਭਾਰੀ ਰੋਸ ਤੇ ਰੋਹ ਹੈ।
ਉਨ੍ਹਾਂ ਕਿਹਾ ਕਿ ਇਸ ਅਤਿ ਸੰਵੇਦਨਸ਼ੀਲ ਮਾਮਲੇ ‘ਚ ਕੁਝ ਲੋਕ ਸੌੜੀ ਸੋਚ ਰੱਖਦਿਆਂ ਆਪਣੇ ਆਪ ਨੂੰ ਚਮਕਾਉਣ ਖਾਤਰ ਇਸ ਤੋਂ ਅਖ਼ਬਾਰੀ ਸੁਰਖੀਆਂ ਬਟੋਰਨੀਆਂ ਚਾਹੁੰਦੇ ਹਨ ਜੋ ਹਰਗਿਜ਼ ਠੀਕ ਨਹੀਂ ਉਨ੍ਹਾਂ ਕਿਹਾ ਕਿ ਸਾਰੀ ਘਟਨਾ ਦੀ ਮੁਕੰਮਲ ਜਾਂਚ ਪੜਤਾਲ ਕਰਨ ਲਈ ਸ਼੍ਰੋਮਣੀ ਕਮੇਟੀ ਵਲੋਂ ਸ. ਸਕੱਤਰ ਸਿੰਘ ਤੇ ਜਗਜੀਤ ਸਿੰਘ ਮੀਤ ਸਕੱਤਰ ਅਤੇ ਉਨ੍ਹਾਂ ਨਾਲ ਭਾਈ ਜਗਦੇਵ ਸਿੰਘ ਹੈੱਡ ਪ੍ਰਚਾਰਕ ‘ਤੇ ਅਧਾਰਤ ਕਮੇਟੀ ਗਠਿਤ ਕਰ ਦਿੱਤੀ ਗਈ ਹੈ ਜੋ ਬਾਰੀਕੀ ਨਾਲ ਜਾਂਚ-ਪੜਤਾਲ ਕਰਨ ਲਈ ਘਟਨਾ ਸਥਾਨ ‘ਤੇ ਪਹੁੰਚ ਚੁੱਕੀ ਹੈ। ਉਨ੍ਹਾਂ ਸਮੁੱਚੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਗੰ੍ਰਥੀ ਸਿੰਘਾਂ ਨੂੰ ਜੋਰ ਦੇ ਕੇ ਕਿਹਾ ਹੈ ਕਿ ਗਰਮੀ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ, ਗੁਰੂ-ਘਰਾਂ ਚ ਲੱਗੇ ਬਿਜਲੀ ਉਪਕਰਨਾ ਦੀ ਬਰੀਕੀ ਨਾਲ ਜਾਂਚ ਪੜਤਾਲ ਕਰਵਾਉਣੀ ਚਾਹੀਦੀ ਹੈ ਤਾਂ ਜੋ ਅਜਿਹੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ।