ਜਥੇ.ਭੌਰ ਨੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਕੀਤੀ ਮੰਗ

asinghਅੰਮ੍ਰਿਤਸਰ 30 ਮਾਰਚ (        ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਵੇਂ ਸ਼ਹਿਰ ਦੇ ਪਿੰਡ ਝੰਡੇਰ ਕਲਾਂ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਹੋਈ ਬੇਅਦਬੀ ‘ਤੇ ਅਫ਼ਸੋਸ ਪ੍ਰਗਟ ਕਰਦਿਆਂ ਪ੍ਰਬੰਧਕਾਂ ਵੱਲੋਂ ਵਰਤੀ ਅਣਗਹਿਲੀ ਤੇ ਅਵੇਸਲੇਪਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਸਿੱਖ ਮਾਨਸਿਕਤਾ ਨੂੰ ਡੂੰਘੀ ਸੱਟ ਮਾਰਨ ਵਾਲੀਆਂ ਹਨ ਜਿਨ੍ਹਾਂ ਨਾਲ ਸਿੱਖ ਹਿਰਦੇ ਵਲੂੰਧਰੇ ਗਏ ਹਨ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਕਰਦਿਆ ਕਿਹਾ ਕਿ ਉਕਤ ਗੁਰਦੁਆਰਾ ਸਾਹਿਬ ਵਿਖੇ ਕਿਸੇ ਸ਼ਰਾਰਤੀ ਅਨਸਰ ਵੱਲੋਂ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਕ ਅੰਗ ਪਾੜ ਕੇ ਉਸ ਨੂੰ ਕੈਂਚੀ ਨਾਲ ਕੱਟ ਕੇ ਜਗ੍ਹਾ-ਜਗ੍ਹਾ ਖਿਲਾਰ ਦਿੱਤਾ ਗਿਆ ਜਿਸ ਨੂੰ ਸੰਗਤਾਂ ਵੱਲੋਂ ਇਕੱਤਰ ਕਰ ਲਿਆ ਗਿਆ।ਸ. ਬੇਦੀ ਨੇ ਦੱਸਿਆ ਕਿ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਤਾ ਲੱਗਣ ਦੇ ਤੁਰੰਤ ਬਾਅਦ ਜਥੇਦਾਰ ਸੁਖਦੇਵ ਸਿੰਘ ਭੌਰ ਜਨਰਲ ਸਕੱਤਰ ਸ਼੍ਰੋਮਣੀ ਕਮੇਟੀ ਨਾਲ ਗੱਲਬਾਤ ਕਰਕੇ ਉਨ੍ਹਾਂ ਨਾਲ ਸ. ਰਤਨ ਸਿੰਘ ਮੈਨੇਜਰ ਤੇ ਭਾਈ ਪਲਵਿੰਦਰ ਸਿੰਘ ਪ੍ਰਚਾਰਕ ਨੂੰ ਮੌਕੇ ਤੇ ਭੇਜਿਆ ਗਿਆ।ਉਨ੍ਹਾਂ ਦੱਸਿਆ ਕਿ ਜਥੇਦਾਰ ਭੌਰ ਨਾਲ ਜ਼ਿਲ੍ਹੇ ਦੇ ਐੱਸ ਡੀ ਐਮ ਤੇ ਐੱਸ ਐੱਸ ਪੀ ਨੇ ਵੀ ਸਾਰੀ ਸਥਿਤੀ ਦੀ ਜਾਣਕਾਰੀ ਲਈ।ਉਨ੍ਹਾਂ ਕਿਹਾ ਕਿ ਜਥੇਦਾਰ ਭੌਰ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਗੁਰਦੁਆਰਾ ਚਰਨ ਕੰਵਲ ਬੰਗਾ ਵਿਖੇ ਬਿਰਾਜਮਾਨ ਕਰਵਾ ਦਿੱਤਾ ਗਿਆ।ਉਨ੍ਹਾਂ ਜਾਣਕਾਰੀ ਦੇਂਦਿਆਂ ਦੱਸਿਆ ਕਿ ਗੁਰਦੁਆਰਾ ਸਾਹਿਬ ਵਿਖੇ ਘਟਨਾ ਸਮੇਂ ਕੋਈ ਗ੍ਰੰਥੀ ਸਿੰਘ ਜਾਂ ਸੇਵਾਦਾਰ ਨਹੀਂ ਸੀ।ਉਨ੍ਹਾਂ ਕਿਹਾ ਕਿ ਜੋ ਗ੍ਰੰਥੀ ਸਿੰਘ ਗੁਰਦੁਆਰਾ ਸਾਹਿਬ ਵਿਖੇ ਹੈ, ਉਹ ਆਪਣੀ ਮਰਜੀ ਨਾਲ ਆਉਂਦਾ ਜਾਂਦਾ ਹੈ।ਉਨ੍ਹਾਂ ਸੰਗਤਾਂ ਵੱਲੋਂ ਮਿਲੀ ਜਾਣਕਾਰੀ ਦੇ ਅਧਾਰਪੁਰ ਦੱਸਿਆ ਕਿ ਗੁਰਦੁਆਰਾ ਸਾਹਿਬ ਵਿਖੇ ਕਮੇਟੀ ਦੇ ਝਗੜੇ ਕਾਰਣ ਇਸ ਦਾ ਪ੍ਰਬੰਧ ਨਵਾਂ ਸ਼ਹਿਰ ਦੇ ਤਹਿਸੀਲਦਾਰ ਨੂੰ ਸੌਂਪਿਆ ਗਿਆ ਹੈ ਤੇ ਉਸ ਨੇ ਵੀ ਮਰਯਾਦਾ ਦੀ ਪ੍ਰਵਾਹ ਨਾ ਕਰਦੇ ਹੋਏ ਗੁਰਦੁਆਰਾ ਸਾਹਿਬ ਵਿੱਚ ਕੋਈ ਪ੍ਰਬੰਧ ਨਹੀਂ ਕੀਤਾ।
ਸ. ਬੇਦੀ ਨੇ ਦੱਸਿਆ ਕਿ ਸਬੰਧਤ ਗੁਰਦੁਆਰਾ ਸਾਹਿਬ ਵਿਖੇ ਮਰਯਾਦਾ ਅਨੁਸਾਰ ਸੇਵਾ ਸੰਭਾਲ ਲਈ ਇਕ ਗ੍ਰੰਥੀ ਤੇ ਸੇਵਾਦਾਰ ਤਾਇਨਾਤ ਕਰ ਦਿੱਤੇ ਗਏ ਹਨ।ਉਨ੍ਹਾਂ ਕਿਹਾ ਕਿ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਪ੍ਰਸ਼ਾਸਨ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਪੜਤਾਲ ਉਪਰੰਤ ਦੋਸ਼ੀ ਪਾਏ ਗਏ ਵਿਅਕਤੀਆਂ ਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਅੱਗੇ ਤੋਂ ਐਸੇ ਵਿਅਕਤੀ ਜੋ ਪੰਜਾਬ ਦੇ ਅਮਨ ਸ਼ਾਂਤੀ ਦੇ ਮਾਹੌਲ ਨੂੰ ਲਾਂਬੂ ਲਾਉਣਾ ਚਾਹੁੰਦੇ ਹਨ ਇਸ ਤਰ੍ਹਾਂ ਕਰਨ ਦੀ ਜੁਰਅਤ ਨਾ ਕਰਨ।ਉਨ੍ਹਾਂ ਦੱਸਿਆ ਕਿ ਜਥੇਦਾਰ ਅਵਤਾਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਸ਼ਚਾਤਾਪ ਲਈ ੪ ਅਪ੍ਰੈਲ ਦਿਨ ਸੋਮਵਾਰ ਨੂੰ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਰੱਖੇ ਜਾਣਗੇ, ਜਿਨ੍ਹਾਂ ਦੇ ਭੋਗ ੬ ਅਪ੍ਰੈਲ ਨੂੰ ਪਾਏ ਜਾਣਗੇ।ਇਸੇ ਦੌਰਾਨ ਜਥੇਦਾਰ ਸੁਖਦੇਵ ਸਿੰਘ ਭੌਰ ਨੇ ਕਿਹਾ ਕਿ ਜੇਕਰ ੬ ਅਪ੍ਰੈਲ ਤੋਂ ਪਹਿਲਾ ਦੋਸ਼ੀ ਗ੍ਰਿਫਤਾਰ ਨਾ ਹੋਏ ਤਾਂ ਫਿਰ ਅਗਲੇ ਹਾਲਾਤਾਂ ਲਈ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ।