ਅੰਮ੍ਰਿਤਸਰ, 21 ਅਗਸਤ-
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਦਿਹਾਣਾ ਵਿਖੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਵਿਖੇ ਸ਼ਾਰਟ-ਸਰਕਟ ਹੋਣ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਪਾਵਨ ਸਰੂਪ ਅਗਨ ਭੇਟ ਹੋ ਜਾਣ ’ਤੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਅੱਗ ਲੱਗਣ ਕਾਰਨ ਵਾਪਰਦੀਆਂ ਅਜਿਹੀਆਂ ਹਿਰਦੇਵੇਦਕ ਘਟਨਾਵਾਂ ਰੋਕਣ ਲਈ ਗੁਰੂ ਘਰਾਂ ਦੇ ਪ੍ਰਬੰਧਕਾਂ ਨੂੰ ਆਪਣੀ ਜ਼ੁੰਮੇਵਾਰੀ ਸੁਚੇਤ ਹੋ ਕੇ ਨਿਭਾਉਣੀ ਚਾਹੀਦੀ ਹੈ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਰ-ਬਾਰ ਗੁਰੂ ਘਰਾਂ ਦੇ ਬਿਜਲੀ ਉਪਕਰਣ ਅਤੇ ਵਾਇਰਿੰਗ ਆਦਿ ਦੇ ਨਰੀਖਣ ਲਈ ਅਪੀਲਾਂ ਕੀਤੀਆਂ ਜਾਂਦੀਆਂ ਹਨ, ਪਰ ਦੁਖਦ ਪਹਿਲੂ ਇਹ ਹੈ ਕਿ ਇਸ ਦੇ ਬਾਵਜੂਦ ਵੀ ਸਾਰਟ-ਸਰਕਟ ਦੀ ਵਜ੍ਹਾ ਨਾਲ ਅਜਿਹੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਭਾਈ ਲੌਂਗੋਵਾਲ ਨੇ ਇਕ ਵਾਰ ਫਿਰ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪੋ ਆਪਣੇ ਨਗਰਾਂ ਦੇ ਗੁਰੂ-ਘਰਾਂ ਦੀ ਸੁਚੇਤ ਰੂਪ ਵਿਚ ਨਿਗਰਾਨੀ ਲਈ ਅੱਗੇ ਆਉਣ, ਤਾਂ ਜੋ ਅਜਿਹੀਆਂ ਘਟਨਾਵਾਂ ਨਾ ਵਾਪਰਣ। ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਗੁਰਦੁਆਰਾ ਸਾਹਿਬਾਨ ਅੰਦਰ ਓਨਾ ਚਿਰ ਹੀ ਬਿਜਲੀ ਉਪਕਰਣ ਚਾਲੂ ਰੱਖੇ ਜਾਣ, ਜਿਨ੍ਹਾਂ ਚਿਰ ਕੋਈ ਨਿਗਰਾਨ ਗੁਰਦੁਆਰਾ ਸਾਹਿਬ ਅੰਦਰ ਹਾਜ਼ਰ ਰਹੇ। ਉਨ੍ਹਾਂ ਖ਼ਾਸਕਰ ਕਰਕੇ ਏ.ਸੀ. ਅਤੇ ਪੱਖੇ ਨਿਰੰਤਰ ਨਾ ਚਲਾਏ ਜਾਣ ਦਾ ਸੁਝਾਅ ਦਿੱਤਾ।